ਪੁਰਾਤਨ ਸਾਖੀਕਾਰਾਂ ਨੇ ਸਿੱਖ ਇਤਿਹਾਸ ਨਾਲ ਇਨਸਾਫ ਨਹੀ ਕੀਤਾ

ਮਾਤਾ ਗੁਜਰੀ ਕੋਲ ਕੋਈ ਧਨ ਮਾਲ ਨਹੀ, ਬਲਕਿ ਦੋ ਪੋਤਰਿਆਂ ਦਾ ਵੇਸ ਕੀਮਤੀ ਖ਼ਜ਼ਾਨਾ ਸੀ
Mata-Gujri-Jee-and-Sahibzaadeਦਿੱਲੀ ਦੀ ਹਕੂਮਤ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਤਿੰਨ ਮਹੀਨੇ ਤੱਕ ਚੱਲੀ ਭਿਆਨਕ ਘਮਾਸਾਨ ਦੀ ਲੜਾਈ ਵਿੱਚ ਵੀ ਜਦੋਂ ਗੁਰੂ ਸਹਿਬ  ਨੂੰ ਜਿੱਤ ਨਾ ਸਕੀਆਂ ਤਾਂ ਉਹਨਾ ਝੂਠੇ ਹਾਕਮਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਖਾ ਕੇ ਸੁਨੇਹੇ ਦਿੱਤੇ ਕਿ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਕੇ ਚਲੇ ਜਾਓ ਤੁਹਾਨੂੰ ਚਲੇ ਜਾਣ ਦਿੱਤਾ ਜਾਵੇਗਾ, ਤਾਂ ਗੁਰੂ ਸਾਹਿਬ ਨੇ ਉਹਨਾਂ ਦੇ ਕਸਮਾਂ ਵਾਅਦਿਆਂ ਤੇ ਕੋਈ ਯਕੀਨ ਨਾ ਕੀਤਾ।ਅਖੀਰ ਉਹਨਾਂ ਨੂੰ ਆਪਣੇ ਸਿੰਘਾਂ ਦੇ ਵਾਰ ਵਾਰ ਕਿਲਾ ਛੱਡ ਦੇਣ ਦੇ ਪਾਏ  ਜਾ ਰਹੇ ਦਵਾਅ ਅੱਗੇ ਝੁਕਣਾ ਪਿਆ ਤੇ ਉਹਨਾਂ ਨੇ 20 ਦਸੰਬਰੀ 1704 ਦੀ ਅੱਧੀ ਰਾਤ ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਪੋਹ ਦੀਆਂ ਠੰਡੀਆਂ ਰਾਤਾਂ ਉਪਰੋਂ ਮੀਂਹ ਦਾ ਕਹਿਰ ਤੇ ਅੱਗੇ ਸਰਸਾ ਨਦੀ ਦਾ ਤੇਜ ਵਹਾਉ , ਇਹਨਾਂ ਹਾਲਾਤਾਂ ਤੋਂ ਚਲਾਕ ਤੇ ਬੇਈਮਾਨ ਦੁਸਮਣ ਪਹਿਲਾਂ ਹੀ ਵਾਕਫ਼ ਅਤੇ ਤਾਕ ਵਿੱਚ ਸੀ, ਉਹਨਾਂ ਸਾਰੀਆਂ ਕਸਮਾਂ ਨੂੰ ਖੂਹ ਖਾਤੇ ਪਾ ਗੁਰੂ ਕੀਆਂ ਫੌਜਾਂ ਤੇ ਹਮਲਾ ਕਰ ਦਿੱਤਾ।ਇਸ ਘਮਸਾਨ ਯੁੱਧ ਵਿੱਚ ਤਕਰੀਬਨ ਅੱਧੇ ਸਿੰਘ ਜਾਂ ਤਾ ਸ਼ਹੀਦ ਹੋ ਗਏ ਜਾਂ ਸਰਸਾ ਦੇ ਤੇਜ ਵਹਾਉ ਦੀ ਭੇਂਟ ਚੜ੍ਹ ਕੇ ਸ਼ਹੀਦੀਆਂ ਪਾ ਗਏ।

ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ।  ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ। ਵੱਡੇ ਸਹਿਬਜਾਦੇ ਬਾਬ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਸਹਿਬ ਨਾਲ ਬਾਕੀ ਬਚੇ ਚਾਲੀ ਕੁ ਹੋਰ ਸਿੰਘ ਸਮੇਤ ਚਮਕੌਰ ਦੀ ਗੜ੍ਹੀ ਵਿੱਚ ਪਹੁੰਚ ਗਏ ਜਦੋਂ ਕਿ ਮਾਤਾ ਗੁਜਰੀ ਦੋਨੋਂ ਛੋਟੇ ਸਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਲੈ ਕੇ ਆਪਣੇ ਪੁਰਾਣੇ ਰਸੋਈਏ ਗੰਗੂ ਬਰਾਹਮਣ ਦੇ ਨਾਲ ਉਸ ਦੇ ਪਿੰਡ ਖੇੜੀ ਚਲੇ ਗਏ। ਇਥੇ ਇੱਕ ਗੱਲ ਤੇ ਜਿਹੜੀ ਮਾਤਾ ਗੁਜਰੀ ਜੀ ਕੋਲ ਕਾਫੀ ਮਾਤਰਾ ਵਿੱਚ ਧਨ ਹੋਣ ਵਾਰੇ ਹੈ ਖਾਸ ਤੌਰ ਤੇ ਗੌਰ ਕਰਨੀ ਬਣਦੀ ਹੈ। ਇਥੇ ਪੁਰਾਤਨ ਸਾਖੀਕਾਰਾਂ ਨੇ ਬਹੁਤ ਹੀ ਚਲਾਕੀ ਨਾਲ ਮਾਤਾ ਗੁਜਰੀ ਕੋਲ ਧਨ ਮੋਹਰਾਂ ਹੋਣ ਦੀ ਮਨਘੜਤ ਸਾਖੀ ਜੋੜ ਕੇ ਉਹਨਾਂ ਨੂੰ ਲੋਭੀ ਦਰਸਾਉਣ ਵਿੱਚ ਸਫਲਤਾ ਪਰਾਪਤ ਕਰ ਲਈ ਹੈ।

ਪੁਰਾਤਨ ਸਾਖੀਕਾਰਾਂ ਮੁਤਾਬਕ ਮਾਤਾ ਜੀ ਕੋਲ ਵੱਡੀ ਮਾਤਰਾ ਵਿੱਚ ਸੋਨੇ ਦੀਆਂ ਮੋਹਰਾਂ ਦੇਖ ਕੇ ਗੰਗੂ ਦਾ ਮਨ ਲਾਲਚ ਵਿੱਚ ਆ ਗਿਆ , ਉਸ ਨੇ ਮਾਤਾ ਜੀ ਦਾ ਸਾਰਾ ਧਨ ਰਾਤ ਨੂੰ ਕਿਧਰੇ ਛੁਪਾ ਦਿੱਤਾ, ਜਦੋਂ ਸਵੇਰੇ ਮਾਤਾ ਜੀ ਨੇ ਗੰਗੂ ਨੂੰ ਉਕਤ ਮੋਹਰਾਂ ਸਬੰਧੀ ਪੁੱਛਿਆ ਤਾਂ ਗੰਗੂ ਸਾਫ ਮੁਕਰ ਗਿਆ ਕਿ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀ, ਬਲਕਿ ਉਹ ਮਾਤਾ ਜੀ ਤੇ ਇਹ ਅਹਿਸਾਨ ਜਤਾਉਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਰੱਖਿਆ ਹੈ ਦੂਜਾ ਤੁਸੀ ਮੇਰੇ ਤੇ ਚੋਰੀ ਦਾ ਇਲਜਾਮ ਲਾ ਰਹੇ ਹੋ।ਇਸ ਗੱਲ ਤੋਂ ਖਿਝ ਕੇ ਉਸ ਨੇ ਮੋਰਿੰਡੇ ਜਾ ਕੇ ਪੁਲਿਸ ਕੋਲ ਸਿਕਾਇਤ ਕਰ ਦਿੱਤੀ ਤੇ ਉਹਨਾਂ ਨੂੰ ਦੋਨੋਂ ਸਹਿਬਜਾਦਿਆਂ ਸਮੇਤ ਗਿਰਫਤਾਰ ਕਰਵਾ ਦਿੱਤਾ।

ਤਰਕ ਭਰਪੂਰ ਸੋਚ ਤੇ ਜੋਰ ਪਾਕੇ ਜਦੋਂ ਉਹਨਾਂ ਹਾਲਾਤਾਂ ਨੂੰ ਜਿਉਂ ਕੇ ਦੇਖਣ ਦੀ ਕੋਸਿਸ਼ ਕੀਤੀ ਜਾਂਦੀ ਹੈ ਤਾ ਇਹ ਗੱਲ ਸਮਝ ਵਿੱਚ ਪੈਂਦੀ ਹੈ ਕਿ ਮਾਤਾ ਗੁਜਰੀ ਜੀ ਕਿਸੇ ਵੀ ਕੀਮਤ ਤੇ ਚਾਹੁੰਦੇ ਹੋਏ ਵੀ ਐਨੀ ਮਾਤਰਾ ਵਿੱਚ ਧਨ ਮਾਲ ਚੁੱਕ ਕੇ ਸਰਸਾ ਨਦੀ ਪਾਰ ਨਹੀ ਕਰ ਸਕਦੇ ਹਨ, ਜਦੋਂ ਕਿ ਅਣਗਿਣਤ ਸਿੰਘ ਸੂਰਮੇ ਵੀ ਪਾਣੀ ਦੇ ਤੇਜ ਵਹਾਉ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਨਹੀ ਹੋ ਸਕੇ। ਜਦੋਂ ਗੁਰੂ ਜੀ ਨੇ ਆਪਣੇ ਸਿੰਘਾਂ ਸਮੇਤ ਸਾਰੇ ਪਰਿਵਾਰ ਨੂੰ ਅਜਿਹਾ ਕੁੱਝ ਵੀ ਚੁੱਕਣ ਤੋ ਵਰਜਿਆ ਹੋਇਆ ਸੀ ਤੇ ਨਾ ਹੀ ਹਾਲਾਤ ਐਨੇ ਸਾਜਗਾਰ ਹੀ ਸਨ ਕਿ ਬੜੇ ਅਰਾਮ ਨਾਲ ਸਾਰਾ ਧਨ ਮਾਲ ਚੁੱਕ ਕੇ ਨਿਕਲਿਆ ਜਾ ਸਕਦਾ।

ਜਦੋਂ ਅਸੀਂ ਪੁਰਾਤਨ ਲਿਖਤਾਂ ਵਿੱਚ ਇਹ ਵੀ ਪੜ੍ਹਦੇ ਆ ਰਹੇ ਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਦਾ ਅਣਮੋਲ ਖਜਾਨਾ ਵੱਡੀ ਮਾਤਰਾ ਵਿੱਚ ਸਰਸਾ ਦੀ ਭੇਂਟ ਚੜ੍ਹ ਗਿਆ, ਫਿਰ ਮਾਤਾ ਗੁਜਰੀ ਜੀ ਐਨਾ ਭਾਰੀ ਖਜਾਨਾ ਲੈ ਕੇ ਨਦੀ ਕਿਵੇਂ ਪਾਰ ਕਰ ਗਏ ? ਇਹ ਸਵਾਲ ਵੀ ਧਿਆਨ ਦੀ ਮੰਗ ਕਰਦਾ ਹੈ।ਇਸ ਲਈ ਇਹ ਕਹਾਣੀ ਬਿਲਕੁਲ ਨਿਰਮੂਲ ਤੇ ਮਨਘੜਤ ਜਾਪਦੀ ਹੈ। ਉਹਨਾਂ ਹਾਲਾਤਾਂ ਨੂੰ ਵਾਚਣ ਤੋਂ ਬਾਅਦ ਇਹ ਅੰਦਾਜਾ ਲਾਉਣਾ ਵੀ ਮੁਸਕਲ ਨਹੀ ਕਿ ਇਸ ਪਿੱਛੇ ਲਿਖਣ ਵਾਲੇ ਦੀ ਮਨਸਾ ਜਿੱਥੇ ਓਸ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਅਤੇ ਤਿਆਗ ਦੀ ਮੂਰਤ ਜਿਸ ਨੇ ਹਿੰਦੂ ਕੌਂਮ ਦੇ ਤਿਲਕ ਜੰਝੂ ਦੀ ਰਾਖੀ ਖਾਤਰ ਆਪਣੇ ਪਤੀ ਗੁਰੂ ਤੇਗ ਬਹਾਦਰ ਸਹਿਬ ਨੂੰ ਕੁਰਬਾਨ ਕੀਤਾ ਹੋਵੇ, ਉਸ ਦੀ ਪਵਿੱਤਰ ਭਾਵਨਾ ਦੇ ਉਲਟ ਲੋਭੀ ਲਾਲਚੀ ਦਰਸਾ ਕੇ ਉਹਨਾਂ ਦੇ ਮੁਗਲ ਫੌਜਾਂ ਹੱਥ ਆ ਜਾਣ ਪਿੱਛੇ ਵੀ ਉਹਨਾਂ ਨੂੰ ਖੁਦ ਨੂੰ ਦੋਸੀ ਠਹਿਰਾਉਣਾ ਹੈ ਅਤੇ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਛੋਟਿਆਂ ਕਰਨਾ ਹੈ ਉਥੇ ਗੰਗੂ ਤੇ ਲੱਗੇ ਅਕਿਰਤਘਣਤਾ ਦੇ ਦੋਸਾਂ ਨੂੰ ਲਾਲਚ ਨਾਲ ਜੋੜ ਕੇ ਉਹਦੀ ਅਸਲ ਮਨਸਾ ਭਾਵ ਮੰਦਭਾਵਨਾ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਦੀ ਵੀ ਇਹ ਗਹਿਰੀ ਸਾਿਜਸ਼ ਹੋ ਸਕਦੀ ਹੈ।ਅਸਲ ਸਚਾਈ ਤਾਂ ਇਹ ਹੈ ਕਿ ਉਸ ਵਖਤ ਮਾਤਾ ਜੀ ਕੋਲ ਤਨ ਤੇ ਪਹਿਨੇ ਕਪੜਿਆਂ ਤੋਂ ਵਗੈਰ ਹੋਰ ਕੁੱਝ ਵੀ ਨਹੀ ਹੋਵੇਗਾ, ਕਿਉਂ ਕਿ ਉਹਨਾਂ ਦੀ ਇਹ ਦੁਨਿਆਵੀ ਧਨ ਦੌਲਤਾਂ ਨਾਲੋਂ ਆਪਣੀ ਕੁਲ ਦਾ ਬਹੁਤ ਹੀ ਵੇਸ ਕੀਮਤੀ ਖਜਾਨਾ ਭਾਵ ਆਪਣੇ ਜਿਗਰ ਦੇ ਟੋਟੇ ਦੋ ਨਿੱਕੇ ਨਿੱਕੇ ਬਾਲਾਂ ਨੂੰ ਸਾਂਭਣ ਦੀ ਜੁੰਮੇਵਾਰੀ ਹੋਵੇਗੀ।ਕਿਉਂ ਕਿ ਆਪਣੇ ਪੋਤਿਆਂ ਤੋਂ ਵੱਡਾ ਖਜਾਨਾ ਸਾਇਦ ਦੁਨੀਆਂ ਦੀ ਕਿਸੇ ਵੀ ਦਾਦੀ ਲਈ ਹੋਰ ਹੋ ਹੀ ਨਹੀ ਸਕਦਾ।

ਕੱਕਰ ਦੀਆਂ ਰਾਤਾਂ ਵਿੱਚ ਨਦੀ ਦੇ ਤੇਜ ਅਤੇ ਠੰਡੇ ਪਾਣੀ ਵਿੱਚੋਂ ਆਪਣੇ ਪੋਤਿਆਂ ਨੂੰ ਬਚਾਕੇ ਲੈ ਆਉਣ ਤੋਂ ਬਾਅਦ ਉਹਨਾਂ ਨੂੰ ਤੇ ਆਪਣੇ ਬਿਰਧ ਸਰੀਰ ਨੂੰ  ਠੰਡ ਤੋਂ ਬਚਾ ਕੇ ਤੁਰਨਾ ਹੀ ਬਹੁਤ ਮੁਸਕਲ ਹੋਵੇਗਾ ਜਦੋਂ ਤਨ ਦੇ ਭਿੱਜੇ ਕਪੜੇ ਬਦਲਣ ਲਈ ਕੋਲ ਹੋਰ ਸੁੱਕੇ ਵਸਤਰ ਹੋਣ ਦਾ ਕਿਧਰੇ ਵੀ ਜਿਕਰ ਨਹੀ ਮਿਲਦਾ।ਅੱਜ ਜਦੋਂ ਚਾਰ ਚੁਫੇਰੇ ਤੋਂ ਸਿੱਖੀ ਨੂੰ ਖਤਮ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਸਿੱਖ ਕੌਂਮ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਬਿਗਾੜਨ ਲਈ ਸਿੱਖੀ ਵਿੱਚ ਸ਼ੰਨ ਲਾਈ ਜਾ ਰਹੀ ਹੈ ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਇਹਨਾਂ ਸਾਖੀਆਂ ਦੇ ਝੂਠ ਨੂੰ ਇਤਿਹਾਸ ਚੋਂ ਪੂਰੀ ਤਰਾਂ ਨਿਖੇੜਨਾ ਜਾਵੇ ਅਤੇ ਗੰਗੂ ਦੀ ਸੋਚ ਨੂੰ ਸੁੱਚਾ ਨੰਦ ਦੀ ਸੋਚ ਤੋਂ ਅਲੱਗ ਕਰਕੇ ਨਾ ਦੇਖਿਆ ਜਾਵੇ। ਗਿਰਫਤਾਰੀ ਤੋਂ ਪਹਿਲਾਂ ਹੀ ਵੱਡੀਆਂ ਤਕਲੀਫਾਂ ਚੋਂ ਗੁਜਰਨ ਵਾਲੀਆਂ ਇਹ ਮਲੂਕ ਜਿੰਦਾਂ ਅਤੇ ਬਿਰਧ ਮਾਤਾ ਲਈ ਠੰਡੇ ਬੁਰਜ ਦੀ ਕੈਦ ਅਤੇ ਹਾਕਮਾਂ ਦੇ ਅਕਿਹ ਤੇ ਅਸਿਹ ਤਸੀਹੇ ਉਹਨਾਂ ਦੇ ਸਿਦਕ ਨੂੰ ਡੁਲਾ ਨਾ ਸਕੇ।ਮਾਤਾ ਜੀ ਦੀ ਆਪਣੇ ਪੋਤਿਆਂ ਨੂੰ ਦਾਦੇ ਪੜਦਾਦੇ ਦੀ ਕੁਰਬਾਨੀ ਨਾਲ ਲਬਰੇਜ ਹਰ ਰੋਜ ਨਵੀਂ ਊਰਜਾ ਦੇ ਕੇ ਕਚਿਹਰੀ ਵਿੱਚ ਭੇਜਣ ਦੀ ਉੱਚੀ ਸੁੱਚੀ ਸੋਚ ਹੀ ਸੀ ਜਿਸ ਨੇ ਮਹਿਜ ਅੱਠ ਅਤੇ ਛੇ ਕੁ ਸਾਲ ਦੀ ਬਾਲ ਅਵੱਸਥਾ ਨੂੰ ਪੜਦਾਦੇ ਗੁਰੂ ਅਰਜਨ ਦੇਵ ਜੀ ਜਿੰਨੀ ਪਰੌੜ੍ਹਤਾ ਬਖਸ਼ ਦਿੱਤੀ। ਇਹਨਾਂ ਨੰਨੇ ਬਾਲਾਂ ਦੀ ਅਦੁਤੀ ਸ਼ਹਾਦਤ ਨੇ ਕੌਂਮ ਦੀਆਂ ਨੀਹਾਂ ਐਨੀਆਂ ਪਕੇਰੀਆਂ ਕਰ ਦਿੱਤੀਆਂ ਕਿ ਰਹਿੰਦੀ ਦੁਨੀਆਂ ਤੱਕ ਜਿੱਥੇ ਅਜਿਹੀ ਕੁਰਬਾਨੀ ਦੀ ਮਸ਼ਾਲ ਪੈਦਾ ਨਹੀ ਹੋ ਸਕਦੀ ਉਥੇ ਸਿੱਖ ਕੌਂਮ ਆਪਣੀ ਇਸ ਬਿਰਧ ਮਾਤਾ ਅਤੇ ਬਾਲੜੀ ਉਮਰ ਦੇ ਆਪਣੇ ਪੁਰਖਿਆਂ ਦੀ ਲਾਸਾਨੀ ਸ਼ਹਾਦਤ ਤੋਂ ਪਰੇਰਨਾ ਲੈ ਕੇ ਨਵੇਂ ਦਿਸਹੱਦੇ ਸਿਰਜਣ ਦੇ ਸਮਰੱਥ ਹੋ ਸਕੀ ਹੈ।ਸੋ ਅੱਜ ਸਾਨੂੰ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸਮੇਂ ਨੂੰ ਮਨਘੜਤ ਸਾਖੀਆਂ ਦੇ ਝੂਠ ਤੋਂ ਬਾਹਕ ਕੱਢ ਕੇ ਕੁੱਝ ਸਮੇ ਲਈ ਜਿਉਂ ਕੇ ਦੇਖਣਾ ਹੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।