ਅੰਗਰੇਜ਼ਾਂ ਦੀ ਗ਼ੁਲਾਮੀ ਨਾ ਕਬੂਲ ਕੇ ਫਾਂਸੀ ਦੀ ਸਜਾ ਤੱਕ ਪਾਉਣ ਵਾਲੇ ਪੱਤਰਕਾਰ ‘ਮਾਸਟਰ ਸੁੰਦਰ ਸਿੰਘ ਲਾਇਲਪੁਰੀਆ’

ਕੁਝ ਪੱਤਰਕਾਰਾਂ ਅਜਿਹੇ ਵੀ ਹੋਏ ਹਨ ਜਿਨ੍ਹਾਂ ਲਈ ਸਰਕਾਰੀ ਸਜਾਵਾਂ, ਕੋਰਟ ਨੋਟਿਸ, ਕੋਰਟ ਕੇਸ ਧਮਕੀਆਂ ਉਨ੍ਹਾਂ ਦੇ ਮੈਡਲ ਬਣ ਗਏ, ਪਰ ਕੁਝ ਪੱਤਰਕਾਰ ਅਜਿਹੇ ਵੀ ਸਥਾਪਤ ਹੋਏ ਹਨ ਜਿਨ੍ਹਾਂ ਨੂੰ ਇਕ ਧਮਕੀ ਵੀ ਨਹੀਂ ਆਈ ਤੇ ਸ਼੍ਰੋਮਣੀ ਪੱਤਰਕਾਰ ਬਣ ਗਏ। ਪੱਤਰਕਾਰ ਸਥਾਪਤੀ ਦੇ ਵਿਰੁੱਧ ਲਿਖਣ ਵਾਲਾ ਹੁੰਦਾ ਹੈ, ਸਮੇਂ ਦੇ ਨਾਲ ਚੱਲਣ ਵਾਲਾ ਪੱਤਰਕਾਰ ਨਹੀਂ ਹੁੰਦਾ, ਉਸ ਨੂੰ ਕਲਰਕ ਕਹਿ ਲਿਆ ਜਾਵੇ ਤਾਂ ਵੀ ਸਹੀ ਹੋਵੇਗਾ। ਅੱਜ ਆਪਾਂ ਅਜਿਹੇ ਪੱਤਰਕਾਰ ਦੀ ਗੱਲ ਕਰਾਂਗੇ, ਜਿਸ ਨੇ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ, ਪੰਜਾਬੀ ਦਾ ਪਹਿਲਾ ਅਖ਼ਬਾਰ ‘ਅਕਾਲੀ’ ਸ਼ੁਰੂ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵਿਚ ਅਹਿਮ ਰੋਲ ਨਿਭਾਇਆ। ਅੱਜ ਅੰਗਰੇਜ਼ੀ ਬੜਾ ਵੱਡਾ ਅਖ਼ਬਾਰ ਹੈ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਸ਼ੁਰੂ ਕੀਤਾ, ਪਰ ਕੁਝ ਵੱਡੇ ਕਾਰਨਾਂ ਕਰਕੇ ਉਹ ਅਖ਼ਬਾਰ ਮਦਨ ਮੋਹਨ ਮਾਲਵੀਆ ਨੂੰ ਦੇ ਦਿੱਤਾ ਪਰ ਉਹ ਵੀ ਨਹੀਂ ਚਲਾ ਸਕੇ ਉਨ੍ਹਾਂ ਅੱਗੇ ਬਿਰਲਾ ਹੋਰਾਂ ਨੂੰ ਦੇ ਦਿੱਤਾ। ਇਹ ਨਿਧੜਕ, ਦੇਸ਼ ਭਗਤ, ਫਰੀਡਮ ਫਾਈਟਰ ਪੱਤਰਕਾਰ ਹੈ ‘ਮਾਸਟਰ ਸੁੰਦਰ ਸਿੰਘ ਲਾਇਲਪੁਰੀ’।
-ਮੁੱਢ ਤੇ ਪਰਿਵਾਰ-
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦਾ ਜਨਮ ਪਿੰਡ ਬੋਹਰੂ ਜ਼ਿਲ੍ਹਾ ਅੰਮ੍ਰਿਤਸਰ 1878 ਵਿਚ ਪਿਤਾ ਲਖਮੀਰ ਸਿੰਘ ਸੰਧਾ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਕੰਬੋਜ ਪਰਿਵਾਰ ਵਿਚ ਹੋਇਆ। ਨਵੀਂ ਬਸਤੀਕਰਨ ਤੇ ਤਹਿਤ ਇਹ ਪਰਿਵਾਰ ਕਈ ਹੋਰ ਲੋਕਾਂ ਨਾਲ ਅੰਮ੍ਰਿਤਸਰ ਤੋਂ ਉੱਜੜ ਕੇ ਜ਼ਿਲ੍ਹਾ ਸ਼ੇਖ਼ੂਪੁਰਾ (ਹੁਣ ਪਾਕਿਸਤਾਨ) ਵਿਚ ਚਲੇ ਗਏ। ਜਿੱਥੇ ਕਿ ਇਹ ਚਨਾਬ ਕਾਲੋਨੀ ਵਿਚ ਰਹਿਣ ਲੱਗ ਪਏ। ਜੋ ਇਸ ਸਮੇਂ ਫੈਸਲਾਬਾਦ ਵਿਚ ਹੈ। ਇਸ ਕਾਲੋਨੀ ਦਾ ਨਾਮ ਵੀ ਇਨ੍ਹਾਂ ਨੇ ਆਪਣੇ ਪਿਛਲੇ ਪੈਤ੍ਰਿਕ ਪਿੰਡ ਬੋਹਰੂ ਦੇ ਨਾਮ ਤੇ ਹੀ ਬੋਹਰੂ ਚੱਕ ਨੰਬਰ 18 ਰੱਖਿਆ। ਸੁੰਦਰ ਸਿੰਘ ਦਾ ਵਿਆਹ 1901 ਨੂੰ ਨਿਜ਼ਾਮਪੁਰ ਦੇ ਸ. ਮੰਗਲ ਸਿੰਘ ਦੀ ਬੇਟੀ ਬੀਬੀ ਸੰਤ ਕੌਰ ਨਾਲ ਹੋਇਆ।
-ਪੜਾਈ-
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਆਪਣੀ ਸ਼ੁਰੂਆਤੀ ਪੜਾਈ ਸ਼ਾਹਕੋਟ (ਹੁਣ ਪਾਕਿਸਤਾਨ) ਵਿਚੋਂ ਕੀਤੀ। ਉਸ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਆਨਰਜ਼ ਕੀਤੀ। ਉਸ ਤੋਂ ਬਾਅਦ ਬੀਟੀ ਦੀ ਪੜਾਈ ਗੌਰਮਿੰਟ ਕਾਲਜ ਲਾਹੌਰ ਤੋਂ ਕੀਤੀ।
-ਨੌਕਰੀ ਲਈ ਅੰਗਰੇਜ਼ਾਂ ਨਾਲ ਝਗੜਾ-
ਇਕ ਵਾਰ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ਤਹਿਸੀਲਦਾਰ ਦੀ ਅਸਾਮੀ ਲਈ ਬੁਲਾਇਆ ਗਿਆ ਸੀ, ਜਿੱਥੇ ਉਹ ਅੰਗਰੇਜ਼ ਅਫ਼ਸਰ ਕਮਿਸ਼ਨਰ ਦੇ ਸਾਹਮਣੇ ਬਿਨਾਂ ਪੁੱਛੇ ਹੀ ਕੁਰਸੀ ਤੇ ਬੈਠ ਗਿਆ ਸੀ, ਇਸ ਦੌਰਾਨ ਦੋਵਾਂ ਵਿਚ ਬਹਿਸ ਛਿੜ ਗਈ, ਇਸ ਤੋਂ ਬਾਅਦ ਬਿਨਾਂ ਇੰਟਰਵਿਊ ਲਏ ਮਾਸਟਰ ਸੁੰਦਰ ਸਿੰਘ ਨੂੰ ਵਾਪਸ ਭੇਜ ਦਿੱਤਾ। ਉਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਦਬਾਅ ਵਿਚ ਸੁੰਦਰ ਸਿੰਘ ਨੇ ਇੰਡੀਅਨ ਪੋਸਟਲ ਸਰਵਿਸ ਵਿਚ ਇਕ ਅਸਾਮੀ ਦੇ ਕੰਮ ਕਰਨਾ ਸ਼ੁਰੂ ਕੀਤਾ, ਪਰ ਉੱਥੇ ਵੀ ਉਸ ਦਾ ਅੰਗਰੇਜ਼ ਅਧਿਕਾਰੀ ਨਾਲ ਝਗੜਾ ਹੋ ਗਿਆ। ਜਿਸ ਦੀ ਪੜਤਾਲ ਕਰਨ ਲਈ ਸੀਨੀਅਰ ਅੰਗਰੇਜ਼ ਅਧਿਕਾਰੀ ਨੇ ਬੁਲਾਇਆ, ਉੱਥੇ ਉਸ ਨੂੰ ਕੁਰਸੀ ਤੇ ਬੈਠਣ ਲਈ ਨਹੀਂ ਕਿਹਾ ਗਿਆ। ਸੁੰਦਰ ਸਿੰਘ ਨੂੰ ਇੱਥੇ ਆਪਣੀ ਸ਼ਾਨ ਤੇ ਖ਼ਿਲਾਫ਼ ਅੰਗਰੇਜ਼ਾਂ ਵੱਲੋਂ ਕਾਰਵਾਈ ਲੱਗੀ, ਉਸ ਨੇ ਫ਼ੈਸਲਾ ਕੀਤਾ ਕਿ ਉਸ ਦਾ ਨਿੱਜੀ ਸਨਮਾਨ ਇਹ ਆਗਿਆ ਨਹੀਂ ਦਿੰਦਾ ਕਿ ਉਹ ਅੰਗਰੇਜ਼ਾਂ ਅਧੀਨ ਰਹਿ ਕੇ ਕੰਮ ਕਰੇ।
-ਖ਼ੁਦ ਨੂੰ ਸਥਾਪਤ ਕਰਨ ਲਈ ਜੱਦੋ ਜਹਿਦ-
ਮਾਸਟਰ ਲਾਇਲਪੁਰ ਨੇ ਚਨਾਬ ਕਾਲੋਨੀ ਵਸਾਉਣ ਵਿਚ ਅਹਿਮ ਰੋਲ ਨਿਭਾਇਆ। ਸੁੰਦਰ ਸਿੰਘ ਵੱਲੋਂ ਵਸਾਏ ਲਾਇਲਪੁਰ ਦੇ ਇਲਾਕੇ ਵਿਚ ਹੀ ਉਸ ਨੇ ਖੇਤੀਬਾੜੀ ਕੀਤੀ। ਇੱਥੇ ਹੀ ਲਾਇਲਪੁਰ ਦੇ ਨਾਮ ਤੇ ਸੁੰਦਰ ਸਿੰਘ ਦਾ ਨਾਮ ‘ਸੁੰਦਰ ਸਿੰਘ ਲਾਇਲਪੁਰੀ’ ਪਿਆ। ਇਸ ਸਮੇਂ ਪੰਜਾਬ ਵਿਚ ਹਿੰਦੂ ਆਰੀਆ ਸਮਾਜ ਦੀਆਂ ਗਤੀਵਿਧੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਸਨ। ਜਿਨ੍ਹਾਂ ਦੀਆਂ ਗਤੀਵਿਧੀਆਂ ਵਿਚ ਸਿੱਖ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਸਨ। ਇਸ ਸਾਰੇ ਮਾਮਲੇ ਨੂੰ ਸਮਝਦਿਆਂ ਲਾਇਲਪੁਰੀ ਨੇ ਸਿੱਖਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ। ਜਿਸ ਦੌਰਾਨ ਆਪਣੇ ਵਿਰਸੇ ਪ੍ਰਤੀ ਅਵੇਸਲੇ ਹੋ ਰਹੇ ਸਿੱਖਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਨਾਲ ਹਰਚੰਦ ਸਿੰਘ ਰਈਸ ਵਰਗੇ ਉੱਘੇ ਵਿਅਕਤੀ ਸਨ। ਇਨ੍ਹਾਂ ਨੇ ਮਿਲ ਕੇ ਇਕ ਸੰਸਥਾ ‘ਖ਼ਾਲਸਾ ਜੰਗਮੈਨ ਐਸੋਸੀਏਸ਼ਨ’ ਬਣਾਈ। ਇਸ ਐਸੋਸੀਏਸ਼ਨ ਨੇ ਸਾਰੇ ਭਾਰਤ ਵਿਚ ਕੰਮ ਕਰਨਾ ਜਾਰੀ ਕੀਤਾ ਹੋਇਆ ਸੀ। ਇਸ ਸੰਸਥਾ ਨੇ ਗੁਰਦੁਆਰਾ ਰਕਾਬਗੰਜ ਮੋਰਚੇ ਦੇ ਨਾਲ ਤੇ ਇਕ ਮੋਰਚਾ ਸ਼ੁਰੂ ਕੀਤਾ। ਜਿਸ ਨੂੰ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਸਾਥ ਦਿੱਤਾ ਗਿਆ। ਇਸ ਵਿਚ ਇਨ੍ਹਾਂ ਨੇ ਜਿੱਤ ਹਾਸਲ ਕੀਤੀ।
-ਹਫ਼ਤਾਵਾਰੀ ਅਖ਼ਬਾਰ ‘ਸਿੱਖ ਢੰਡੋਰਾ ਸ਼ੁਰੂ ਕਰਨਾ ਤੇ ਅਨੰਦ ਮੈਰਿਜ ਐਕਟ ਪਾਸ ਕਰਾਉਣਾ-
ਉਸ ਸਮੇਂ ਸਿੱਖ ਕੌਮ ਵਿੱਚ ਅੱਤ ਦੀ ਅਨਪੜ੍ਹਤਾ ਅਤੇ ਅਗਿਆਨਤਾ ਸੀ। ਮਾਸਟਰ ਲਾਇਲਪੁਰੀ ਨੇ ਸਮਾਜ ਨੂੰ ਜਾਗਰੂਕ ਕਰਨ ਅਤੇ ਸਿੱਖਿਅਤ ਕਰਨ ਦੀ ਫ਼ੌਰੀ ਲੋੜ ਮਹਿਸੂਸ ਕੀਤੀ। ਇਸ ਲਈ ਉਸ ਨੇ ਇੱਕ ਹਫ਼ਤਾਵਾਰੀ ਅਖ਼ਬਾਰ ‘ਸੱਚਾ ਢੰਡੋਰਾ’ ਸ਼ੁਰੂ ਕੀਤਾ ਅਤੇ ਦੇਸ਼ ਭਗਤੀ ਦੇ ਗੀਤ ਅਤੇ ਸਿੱਖ-ਵਿਚਾਰਧਾਰਾ ਨਾਲ ਸਬੰਧਿਤ ਰਾਸ਼ਟਰਵਾਦੀ ਲੇਖ ਛਾਪਣੇ ਸ਼ੁਰੂ ਕੀਤੇ। ਉਨ੍ਹੀਂ ਦਿਨੀਂ ਨਾਭਾ ਰਿਆਸਤ ਦੇ ਟਿਕਾ ਸਾਹਿਬ (ਵਲੀ ਅਹਿਦ) ਰਿਪੁਦਮਨ ਸਿੰਘ ਸਿੱਖ ਧਰਮ ਲਈ ਬੇਮਿਸਾਲ ਯੋਗਦਾਨ ਪਾ ਰਹੇ ਸਨ ਅਤੇ ਸਿੱਖ ਧਰਮ ਬਾਰੇ ਉਨ੍ਹਾਂ ਦੇ ਵਿਚਾਰ ‘ਸੱਚਾ ਢੰਡੋਰਾ’ ਵਿਚ ਨਿਯਮਿਤ ਤੌਰ ‘ਤੇ ਪ੍ਰਕਾਸ਼ਿਤ ਹੁੰਦੇ ਸਨ। ਇਸ ਨਾਲ ਮਾਸਟਰ ਲਾਇਲਪੁਰੀ ਅਤੇ ਟਿਕਾ ਸਾਹਿਬ ਇਕੱਠੇ ਹੋ ਗਏ ਸਨ। ਟਿਕਾ ਸਾਹਿਬ 1906 ਤੋਂ 1908 ਤੱਕ ਇੰਪੀਰੀਅਲ ਕੌਂਸਲ ਦੇ ਮੈਂਬਰ ਵੀ ਰਹੇ। ਉਨ੍ਹਾਂ ਨੇ ਮਿਲ ਕੇ ਅਨੰਦ ਮੈਰਿਜ ਐਕਟ ਦੇ ਖਰੜੇ ‘ਤੇ ਕੰਮ ਕੀਤਾ ਜੋ ਬਾਅਦ ਵਿੱਚ ਸਮੀਖਿਆ ਲਈ ਵਿਸ਼ੇਸ਼ ਕਮੇਟੀ ਨੂੰ ਸੌਂਪਿਆ ਗਿਆ ਸੀ। 1908 ਤੋਂ ਬਾਅਦ ਕੌਂਸਲ ਦੇ ਮੈਂਬਰ ਟਿਕਾ ਸਾਹਿਬ ਦੀ ਥਾਂ ‘ਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਇੰਪੀਰੀਅਲ ਕੌਂਸਲ ਦੇ ਮੈਂਬਰ ਬਣ ਗਏ ਸਨ, ਇਸ ਲਈ ਮਜੀਠੀਆ ਨੇ ਇਸ ਮਾਮਲੇ ਦੀ ਪੈਰਵੀ ਜਾਰੀ ਰੱਖੀ ਅਤੇ ਆਖ਼ਰਕਾਰ ਬਿੱਲ ਲਾਗੂ ਹੋ ਗਿਆ। ਅਕਤੂਬਰ 1909 ਅਨੰਦ ਕਾਰਜ ਨਾਮਕ ਸਿੱਖ ਵਿਆਹ ਦੀ ਸ਼ੁਰੂਆਤ ਸਿੱਖ ਗੁਰੂਆਂ ਦੇ ਸਮੇਂ ਤੋਂ ਕੀਤੀ ਗਈ ਸੀ ਪਰ ਇਸ ਨੂੰ ਅਨੰਦ ਮੈਰਿਜ ਐਕਟ 1909 ਦੇ ਪਾਸ ਹੋਣ ਤੋਂ ਬਾਅਦ ਹੀ ਕਾਨੂੰਨੀ ਮਾਨਤਾ ਮਿਲੀ।
-ਰੋਜ਼ਾਨਾ ਅਕਾਲੀ ਅਖ਼ਬਾਰ ਰਾਹੀਂ ਰਕਾਬਗੰਜ ਕੰਧ ਮੋਰਚਾ ਲਈ ਅਹਿਮ ਭੂਮਿਕਾ-
ਸ: ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ, ਸ: ਸਰਦੂਲ ਸਿੰਘ ਅਤੇ ਮਾਸਟਰ ਮੋਤਾ ਸਿੰਘ ਦੇ ਨਾਲ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਦਿ ਅਕਾਲੀ (ਪੰਜਾਬੀ ਡੇਲੀ) ਅਖ਼ਬਾਰ ਸ਼ੁਰੂ ਕੀਤਾ, ਜਿਸ ਰਾਹੀਂ ਰਕਾਬਗੰਜ ਗੁਰਦੁਆਰਾ ਮੋਰਚੇ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ। ਲਾਇਲਪੁਰੀ ਦੁਆਰਾ ਪ੍ਰਕਾਸ਼ਿਤ ਦਿ ਅਕਾਲੀ ਵਿਚਲੇ ਲੇਖਾਂ ਨੇ ਸਿੱਖ ਕੌਮ ਨੂੰ ਹੁਲਾਰਾ ਦੇਣ ਲਈ ਅਤੇ ਇਸ ਨੂੰ ਗੁਰਦੁਆਰਾ ਰਕਾਬਗੰਜ ਮੋਰਚੇ ਲਈ ਸਰਗਰਮ ਕਰਨ ਵਿਚ ਬਹੁਤ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ।
-ਪਹਿਲਾ ਪ੍ਰਾਇਮਰੀ ਸਕੂਲ ਖੋਲ੍ਹ ਕੇ ਫੇਰ ਸਕੂਲਾਂ ਦੀ ਸਥਾਪਨਾ ਕਰਨਾ-
ਸੁੰਦਰ ਸਿੰਘ ਲਾਇਲਪੁਰੀ ਦੇ ਸਰਦਾਰ ਹਰਚੰਦ ਸਿੰਘ ਚੰਗੇ ਮਿੱਤਰ ਸਨ। ਦੋਵਾਂ ਨੇ ਸਿੱਖ ਕੌਮ ਵਿੱਚ ਸਿੱਖਿਆ ਦੀ ਲੋੜ ਨੂੰ ਮਹਿਸੂਸ ਕੀਤਾ। ਇਸ ਲਈ ਉਨ੍ਹਾਂ ਨੇ ਸਿੰਘ ਸਭਾ ਲਾਇਲਪੁਰਾ ਦੀ ਇਮਾਰਤ ਵਿੱਚ ਪਹਿਲਾ ਪ੍ਰਾਇਮਰੀ ਸਕੂਲ ਖੋਲ੍ਹਿਆ ਜੋ ਜਲਦੀ ਹੀ ਲਾਇਲਪੁਰ ਹਾਈ ਸਕੂਲ ਵਿੱਚ ਤਬਦੀਲ ਹੋ ਗਿਆ। ਇਸ ਨੇਕ ਕਾਰਜ ਨਾਲ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸ: ਹਰਚੰਦ ਸਿੰਘ, ਮਾਸਟਰ ਸੁੰਦਰ ਸਿੰਘ ਅਤੇ ਪ੍ਰੋ: ਨਿਰੰਜਨ ਸਿੰਘ ਅਤੇ ਜਥੇਦਾਰ ਬੂਟਾ ਸਿੰਘ ਵਰਗੇ ਕਈ ਮਹੱਤਵਪੂਰਨ ਲੋਕ ਵੀ ਇਕੱਠੇ ਹੋਏ, ਜਿਨ੍ਹਾਂ ਨੇ ਸਿੱਖ ਇਤਿਹਾਸ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਹੌਲੀ-ਹੌਲੀ ਹਾਈ ਸਕੂਲ, ਲਾਇਲਪੁਰ ਖ਼ਾਲਸਾ ਕਾਲਜ ਬਣ ਗਿਆ। ਮਾਸਟਰ ਲਾਇਲਪੁਰੀ ਦੁਆਰਾ ਸਥਾਪਿਤ ਕੀਤੇ ਗਏ ਹੋਰ ਸਕੂਲ ਜਾਂ ਜਿਨ੍ਹਾਂ ਦੀ ਸਥਾਪਨਾ ਵਿੱਚ ਉਨ੍ਹਾਂ ਨੇ ਮਦਦ ਕੀਤੀ, ਹਾਈ ਸਕੂਲ ਚੱਕ ਨੰਬਰ 41 ਝੰਗ ਬ੍ਰਾਂਚ ਖ਼ਾਲਸਾ ਹਾਈ ਸਕੂਲ ਸਾਂਗਲਾ ਹਿੱਲ ਸ਼ੇਖ਼ੂਪੁਰਾ, ਖ਼ਾਲਸਾ ਹਾਈ ਸਕੂਲ ਨਵਾਨਾ ਪਿੰਡ (ਸ਼ੇਖ਼ੂਪੁਰਾ), ਖ਼ਾਲਸਾ ਹਾਈ ਸਕੂਲ ਕੁਟੀਆ ਬਾਬਾ ਚੇਤਨ ਦਾਸ (ਸ਼ੇਖ਼ੂਪੁਰਾ), ਖ਼ਾਲਸਾ ਹਾਈ ਸਕੂਲ ਸਕੂਲ ਜੈ ਚੱਕ (ਸ਼ੇਖ਼ੂਪੁਰਾ), ਕੌਮੀ ਹਾਈ ਸਕੂਲ ਜਿਹਲਮ, ਕੌਮੀ ਕਾਲਜ ਜਿਹਲਮ ਆਦਿ ਸਰ ਸਿਕੰਦਰ ਹਯਾਤ, ਅਣਵੰਡੇ ਪੰਜਾਬ ਦੇ ਪ੍ਰਧਾਨ ਗਿਆਨੀ ਕਰਤਾਰ ਸਿੰਘ, ਮੰਗਲ ਸਿੰਘ ਗਿੱਲ, ਗੋਪਾਲ ਸਿੰਘ ਕੌਮੀ, ਸਰ ਜੋਗਿੰਦਰ ਸਿੰਘ, ਕਾਜ਼ੀ ਅਬਦੁਲ ਰਹਿਮਾਨ ਆਦਿ, ਸ. ਮਾਸਟਰ ਲਾਇਲਪੁਰੀ ਦੇ ਕੁਝ ਜਾਣੇ-ਪਛਾਣੇ ਵਿਦਿਆਰਥੀ ਹਨ। ਸਾਕਾ ਨਨਕਾਣਾ ਵਿਚ ਸ਼ਹੀਦ ਹੋਏ ਕੰਬੋਜ ਅਤੇ ਹੋਰ ਸਿੰਘਾਂ ਵਿਚੋਂ ਕੁਝ ਲਾਇਲਪੁਰੀ ਦੇ ਵਿਦਿਆਰਥੀ ਸਨ। ਉਸ ਨੇ ਕਈ ਸਕੂਲਾਂ ਦੀ ਸਥਾਪਨਾ ਕੀਤੀ ਅਤੇ ਸੇਵਾ ਕੀਤੀ, ਉਸ ਨੇ ਸਿਰਫ਼ ਦੋ ਸਮੇਂ ਦੇ ਖਾਣੇ ਅਤੇ ਨਿੱਜੀ ਕੱਪੜਿਆਂ ਦੇ ਇੱਕ ਜੋੜੇ ਦੇ ਬਦਲੇ ਆਪਣੀਆਂ ਸੇਵਾਵਾਂ ਮੁਫ਼ਤ ਦਿੱਤੀਆਂ।
-ਲਾਇਲਪੁਰੀ ਨੂੰ ਫਾਂਸੀ ਦੀ ਸਜਾ ਹੋਣੀ-
13 ਅਪ੍ਰੈਲ 1919 ਦੇ ਜੱਲਿਆਂਵਾਲਾ ਬਾਗ਼ ਦੇ ਸਾਕੇ ਦੇ ਮੱਦੇਨਜ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰ ਸਮੇਤ ਲਗਭਗ ਪੂਰੇ ਪੰਜਾਬ ਨੂੰ ਮਾਰਸ਼ਲ ਲਾਅ ਅਧੀਨ ਰੱਖਿਆ ਗਿਆ ਸੀ। ਲਾਇਲਪੁਰ ਰੇਲਵੇ ਸਟੇਸ਼ਨ ਨੇੜੇ ਟੈਲੀਫ਼ੋਨ ਅਤੇ ਟੈਲੀ ਗਰਾਫ਼ ਦੀਆਂ ਤਾਰਾਂ ਦੀ ਤਬਾਹੀ ਤੋਂ ਇਲਾਵਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪਰ ਸਟੇਸ਼ਨ ਦੇ ਨੇੜੇ ਸੁੱਕੇ ਫੂੰਸ ਦੇ ਇੱਕ ਵੱਡੇ ਢੇਰ ਨੂੰ ਅੱਗ ਲੱਗ ਗਈ ਅਤੇ ਨਤੀਜੇ ਵਜੋਂ 2-3 ਲੋਕ ਜ਼ਿੰਦਾ ਸੜ ਗਏ। ਇਸ ਵੇਲੇ ਮਾਸਟਰ ਲਾਇਲਪੁਰੀ ਸਟੇਸ਼ਨ ‘ਤੇ ਸੀ। 22 ਅਪ੍ਰੈਲ ਨੂੰ ਤੜਕੇ, ਅੰਗਰੇਜ਼ ਪੁਲਿਸ ਨੇ ਪੂਰੀ ਤਰ੍ਹਾਂ ਮਸ਼ੀਨ-ਗੰਨਾਂ ਨਾਲ ਲਾਇਲਪੁਰ ਨੂੰ ਘੇਰਾ ਪਾ ਲਿਆ ਅਤੇ ਸੁੰਦਰ ਸਿੰਘ ਲਾਇਲਪੁਰੀ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਲਾਇਲਪੁਰੀ ‘ਤੇ ਅੱਗਜ਼ਨੀ, ਹਿੰਸਾ ਅਤੇ ਕਤਲ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਦੋਸ਼ ਸਾਬਤ ਨਹੀਂ ਹੋਇਆ ਪਰ ਫਿਰ ਵੀ ਲਾਇਲਪੁਰੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪਰ ਮੋਤੀ ਲਾਲ ਨਹਿਰੂ, ਸੀ.ਆਰ. ਦਾਸ ਅਤੇ ਪੰ. ਮਦਨ ਮੋਹਨ ਮਾਲਵੀਆ ਵੱਲੋਂ ਨਿਭਾਈ ਭੂਮਿਕਾ ਕਰਕੇ ਵਿਸ਼ੇਸ਼ ਸਰਕਾਰੀ ਐਲਾਨ ਤਹਿਤ, ਮੌਤ ਦੀ ਸਜ਼ਾ ਨੂੰ ਜੁਰਮਾਨੇ ਅਤੇ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਪਰ ਮਾਲਵੀਆ ਵਰਗੇ ਰਾਸ਼ਟਰਵਾਦੀ ਵਕੀਲਾਂ ਨੇ ਕੇਸ ਦੀ ਪੈਰਵੀ ਜਾਰੀ ਰੱਖੀ ਅਤੇ ਅੰਤ ਵਿੱਚ ਸਜ਼ਾ ਨੂੰ ਘਟਾ ਕੇ 1200 ਰੁਪਏ ਜੁਰਮਾਨੇ ਅਤੇ ਡੇਢ ਸਾਲ ਦੀ ਕੈਦ ਕਰ ਦਿੱਤਾ ਗਿਆ, ਜਿਸ ਲਈ ਉਸ ਨੂੰ ਸੈਲੂਲਰ ਜੇਲ੍ਹ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਜੁਰਮਾਨੇ ਦਾ ਭੁਗਤਾਨ ਲਾਇਲਪੁਰੀ ਦੇ ਪਿਤਾ ਨੇ ਆਪਣੀ ਜ਼ਮੀਨ ਗਿਰਵੀ/ਵੇਚ ਕੇ ਕੀਤਾ ਸੀ।
-ਰੋਜ਼ਾਨਾ ਅਕਾਲੀ ਅਖ਼ਬਾਰ ਦੀ ਸ਼ੁਰੂਆਤ –
ਜੇਲ੍ਹ ਤੋਂ ਰਿਹਾਈ ਤੋਂ ਬਾਅਦ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਆਪਣੇ ਦੋਸਤਾਂ ਦੀ ਇੱਕ ਮੀਟਿੰਗ ਕੀਤੀ ਜਿਸ ਵਿੱਚ ਸ: ਹਰਚੰਦ ਸਿੰਘ, ਸ: ਸਰਦੂਲ ਸਿੰਘ ਕਵੀਸ਼ਰ, ਸ: ਗਿਆਨੀ ਹੀਰਾ ਸਿੰਘ ਦਰਦ, ਸ: ਮੰਗਲ ਸਿੰਘ ਗਿੱਲ (ਤਹਿਸੀਲਦਾਰ), ਸ: ਪ੍ਰਤਾਪ ਸਿੰਘ ਗੁੱਜਰਾਂਵਾਲਾ ਅਤੇ ਸ: ਤੇਜਾ ਸਿੰਘ ਸ਼ਾਮਲ ਸਨ। ਸ: ਸਰਦੂਲ ਸਿੰਘ ਕਵੀਸ਼ਰ ਦੇ ਘਰ ਹੋਈ ਮੀਟਿੰਗ ਦੇ ਫ਼ੈਸਲੇ ਦੇ ਅਧਾਰ ਤੇ, ਮਾਸਟਰ ਲਾਇਲਪੁਰੀ ਨੇ ਇੱਕ ਪੰਜਾਬੀ ਅਖ਼ਬਾਰ ਦੀ ਸਥਾਪਨਾ ਕੀਤੀ ਜਿਸ ਦਾ ਨਾਮ ਬਾਬਾ ਅਕਾਲੀ ਫੁਲਾ ਸਿੰਘ ਦੇ ਨਾਮ ਤੇ ‘ਅਕਾਲੀ’ ਰੱਖਿਆ ਗਿਆ ਸੀ। ਅਕਾਲੀ ਅਖ਼ਬਾਰ ਦਾ ਮਕਸਦ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਉਹਨਾਂ ਦੇ ਹਿੱਤਾਂ ਲਈ ਸਿਆਸੀ ਆਵਾਜ਼ ਪ੍ਰਦਾਨ ਕਰਨਾ ਸੀ। ਅਕਾਲੀ ਦਾ ਪਹਿਲਾ ਅੰਕ 21 ਮਈ 1920 ਨੂੰ ਸੁੰਦਰ ਸਿੰਘ ਲਾਇਲਪੁਰੀ ਦੇ ਮਾਲਕ, ਪ੍ਰਬੰਧਕ, ਪ੍ਰਕਾਸ਼ਕ ਅਤੇ ਮੁੱਖ ਸੰਪਾਦਕ ਵਜੋਂ ਛਪਿਆ। ਗਿਆਨੀ ਹੀਰਾ ਸਿੰਘ ਦਰਦ ਅਤੇ ਸ ਮੰਗਲ ਸਿੰਘ ਗਿੱਲ ਆਦਿ ਦੁਆਰਾ ਉਹਨਾਂ ਦੀ ਸਹਾਇਤਾ ਕੀਤੀ ਗਈ। ਇਹ ਪ੍ਰਕਾਸ਼ਿਤ ਹੋਣ ਵਾਲਾ ਪਹਿਲਾ ਪੰਜਾਬੀ ਅਖ਼ਬਾਰ ਸੀ ਅਤੇ ਇਸ ਦੇ ਪਹਿਲੇ ਅੰਕ ਵਿੱਚ ਇਸ ਨੇ ਆਪਣੇ ਸੰਪਾਦਕੀ ਨੋਟ ਵਿੱਚ ਆਪਣੇ ਪ੍ਰੋਗਰਾਮ ਦੀ ਵਕਾਲਤ ਕਰਦੇ ਹੋਏ ਦੱਸਿਆ ਸੀ, ਗੁਰਦੁਆਰਿਆਂ ਉੱਤੇ ਪੰਥਕ ਕੰਟਰੋਲ, ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪੰਥਕ ਕੰਟਰੋਲ, ਗੁਰਦੁਆਰਾ ਰਕਾਬਗੰਜ, ਦਿੱਲੀ ਦੀ ਢਾਹੀ ਗਈ ਕੰਧ ਦੀ ਮੁਰੰਮਤ, ਸਿੱਖ ਜਨਤਾ ਵਿੱਚ ਧਾਰਮਿਕ ਅਤੇ ਰਾਜਨੀਤਿਕ ਜਾਗ੍ਰਿਤੀ ਪੈਦਾ ਕਰਨਾ ਅਤੇ ਉਹਨਾਂ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵਧੇਰੇ ਪ੍ਰਭਾਵਸ਼ਾਲੀ ਭੂਮਿਕਾਵਾਂ ਲਈ ਤਿਆਰ ਕਰਨਾ ਅਤੇ ਇੱਕ ਸਿੱਖ ਸੰਗਠਨ ਦੀ ਸਿਰਜਣਾ ਅਤੇ ਪੰਚਾਇਤੀ ਨਿਯਮਾਂ ਦੇ ਆਧਾਰ ‘ਤੇ ਚੋਣਾਂ ਰਾਹੀਂ ਲੋਕਤੰਤਰੀ ਢੰਗ ਨਾਲ ਇਸ ਦੇ ਮੈਂਬਰਾਂ ਦੀ ਚੋਣ ਕਰਨੀ। ਉਸ ਸਮੇਂ ਦੇ ਉਰਦੂ ਅਖ਼ਬਾਰਾਂ ਦੇ ਮੁਕਾਬਲੇ ‘ਅਕਾਲੀ’ ਅਖ਼ਬਾਰ ਦੀਆਂ ਲਿਖਤਾਂ ਇੰਨੀਆਂ ਪ੍ਰਭਾਵਸ਼ਾਲੀ ਅਤੇ ਦਲੇਰ ਸਨ ਕਿ ਕੁਝ ਹਿੰਦੂਆਂ ਅਤੇ ਇੱਥੋਂ ਤੱਕ ਕਿ ਮੁਸਲਮਾਨਾਂ ਨੇ ਖ਼ਾਸ ਤੌਰ ‘ਤੇ ਅਕਾਲੀ ਅਖ਼ਬਾਰ ਨੂੰ ਪੜ੍ਹਨ ਲਈ ਗੁਰਮੁਖੀ ਸਿੱਖ ਲਈ ਸੀ। ਸਿੱਖ ਭਾਈਚਾਰੇ ਦੀ ਜ਼ਬਰਦਸਤ ਕਾਰਵਾਈ ਵਿੱਚ ਇੱਕ ਵੱਡਾ ਸ਼ਹੀਦੀ ਜਥਾ ਮਾਰਚ ਕੱਢਿਆ ਗਿਆ, ਇਸ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਸਰਕਾਰ ਨੇ ਸਿੱਖ ਕੌਮ ਦੀਆਂ ਮੰਗਾਂ ਮੰਨ ਲਈਆਂ। ਮਾਸਟਰ ਲਾਇਲਪੁਰੀ ਨੇ ਮਹਾਤਮਾ ਗਾਂਧੀ ਦੁਆਰਾ ਪ੍ਰਸਤਾਵਿਤ ‘ਨਾ-ਮਿਲਵਰਤਨ ਲਹਿਰ’ ਲਈ ਨਾ-ਮਿਲਵਰਤਨ ਲਹਿਰ ਦਾ ਪ੍ਰਗਟਾਵਾ ਕੀਤਾ, ਜਿਸ ਨਾਮ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਵਾਨ ਅਤੇ ਪ੍ਰਸਿੱਧੀ ਮਿਲੀ। ਨਾ-ਮਿਲਵਰਤਨ ਵਰਗੇ ਪ੍ਰਭਾਵਸ਼ਾਲੀ ਅਭਿਵਿਅਕਤੀ ਦਾ ਸਿੱਕਾ ਬਣਾਉਣਾ ਅਤੇ ਇਸ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਹਰਮਨ-ਪਿਆਰਾ ਬਣਾਉਣਾ ਸਿਰਫ਼ ਅਕਾਲੀ ਵਰਗੇ ਰੋਜ਼ਾਨਾ ਅਖ਼ਬਾਰ ਦੇ ਹਿੱਸੇ ਹੀ ਆ ਸਕਦਾ ਸੀ। ਸਿਰਫ਼ ਪੰਜਾਬ ਵਿੱਚ ਹੀ ਨਹੀਂ, ਇਹ ਵਿਕਲਪਿਕ ਸਮੀਕਰਨ ਪੂਰੇ ਭਾਰਤ ਵਿੱਚ ਵਰਤਿਆ ਜਾਣ ਲੱਗਾ ਅਤੇ ਕੌਮੀ ਸੰਘਰਸ਼ ਅਤੇ ਇਤਿਹਾਸ ਦੀ ਸ਼ਬਦਾਵਲੀ ਦਾ ਅਨਿੱਖੜਵਾਂ ਅੰਗ ਬਣ ਗਿਆ।
-ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਅਤੇ ਸਜਾ ਹੋਣਾ-
ਸਿੱਖ ਕੌਮ ਨੂੰ ਜਗਾਉਣ ਅਤੇ ਸੰਗਠਿਤ ਕਰਨ ਅਤੇ ਧਰਮ ਅਤੇ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਦੇ ਪਹਿਲੇ ਪੜਾਅ ਨੂੰ ਪ੍ਰਾਪਤ ਕਰਨ ਤੋਂ ਬਾਅਦ, ਰੋਜ਼ਾਨਾ ਅਕਾਲੀ ਅਖ਼ਬਾਰ ਨੇ ਆਪਣੇ ਕਾਲਮ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਸਮਰਪਿਤ ਕਰਨੇ ਸ਼ੁਰੂ ਕਰ ਦਿੱਤੇ। ਅਖ਼ਬਾਰ ਅਕਾਲੀ ਲਹਿਰ ਲਈ ਇੱਕਜੁੱਟ ਅਤੇ ਜਥੇਬੰਦਕ ਸਾਧਨ ਬਣ ਗਿਆ ਅਤੇ ਨਾਲ ਹੀ ਇਹ ਸਿੱਖਾਂ ਦਾ ਮੂੰਹ-ਮੁਹਾਂਦਰਾ ਵੀ ਬਣ ਗਿਆ। ਅਖ਼ਬਾਰ ਨੇ ਅਸਲ ਵਿੱਚ ਰਾਸ਼ਟਰਵਾਦੀ ਪਹੁੰਚ ਅਪਣਾਈ ਅਤੇ ਭਾਰਤ-ਵਿਰੋਧੀ, ਫ਼ਿਰਕੂ-ਵਿਰੋਧੀ ਅਤੇ ਸਾਮਰਾਜ ਪੱਖੀ ਸ਼ਕਤੀਆਂ ਵਿਰੁੱਧ ਇੱਕ ਸ਼ਕਤੀਸ਼ਾਲੀ ਸਾਂਝਾ ਮੋਰਚਾ ਵੀ ਪੇਸ਼ ਕੀਤਾ ਸੀ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਅਗਵਾਈ ਹੇਠ ਅਕਾਲੀ ਅਖ਼ਬਾਰ ਦੇ ਅਣਥੱਕ ਯਤਨਾਂ ਨਾਲ, ਸਿੱਖ ਕੌਮ ਦੀ ਸ਼੍ਰੋਮਣੀ ਕਮੇਟੀ (ਧਾਰਮਿਕ ਵਿੰਗ) ਅਤੇ ਸ਼੍ਰੋਮਣੀ ਅਕਾਲੀ ਦਲ (ਧਾਰਮਿਕ-ਸਿਆਸੀ ਵਿੰਗ) ਨੇ ਕ੍ਰਮਵਾਰ 15-16 ਨਵੰਬਰ 1920 ਅਤੇ 14 ਦਸੰਬਰ 1920 ਨੂੰ ਜਨਮ ਲਿਆ। ਰੋਜ਼ਾਨਾ ਅਕਾਲੀ ਅਖ਼ਬਾਰ ਦੀ ਭੂਮਿਕਾ ਨੂੰ ‘ਅਕਾਲੀ ਲਹਿਰ’ ਵਿਚ ਮੀਲ ਦਾ ਪੱਥਰ ਮੰਨਿਆ ਜਾਣਾ ਚਾਹੀਦਾ ਹੈ। ਅਖ਼ਬਾਰ (ਅਰਥਾਤ ਅਕਾਲੀ) ਦੇ ਨਾਮ ਤੋਂ ਬਾਅਦ, ‘ਗੁਰਦੁਆਰਾ ਸੁਧਾਰ ਲਹਿਰ’ ਵੀ ‘ਅਕਾਲੀ ਲਹਿਰ’ ਵਜੋਂ ਮਸ਼ਹੂਰ ਹੋ ਗਈ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ‘ਅਕਾਲੀ ਲਹਿਰ’ ਅਤੇ ‘ਸ਼੍ਰੋਮਣੀ ਅਕਾਲੀ ਦਲ’ (ਅਰਥਾਤ ਅਕਾਲੀ ਪਾਰਟੀ ਦਾ ਧਾਰਮਿਕ-ਸਿਆਸੀ ਵਿੰਗ) ਦਾ ਮੋਢੀ ਪਿਤਾ ਮੰਨਿਆ ਜਾਂਦਾ ਹੈ। ਰਾਸ਼ਟਰੀ ਪੱਧਰ ‘ਤੇ ਨਾ ਮਿਲਵਰਤਨ ਲਹਿਰ (ਨਾ ਮਿਲਵਰਤਨ ਲਹਿਰ) ਨੂੰ ਰੋਜ਼ਾਨਾ ਅਕਾਲੀ ਅਖ਼ਬਾਰ ਵਿਚ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਸੀ ਕਿ ਇਸ ਨਾਲ ਅੰਗਰੇਜ਼ੀ ਸਰਕਾਰ ਵਿਚ ਚਿੰਤਾ ਪੈਦਾ ਹੋ ਗਈ ਸੀ ਅਤੇ ਉਨ੍ਹਾਂ ਨੂੰ ਲਾਇਲਪੁਰੀ ਅਤੇ ਬਾਅਦ ਵਿਚ ਇਸ ਦੇ 10-12 ਹੋਰਾਂ ਨੂੰ ਗ੍ਰਿਫ਼ਤਾਰ ਕਰਨਾ ਪਿਆ ਸੀ। ਧਾਰਾ 124-ਏ ਤਹਿਤ ਸੁੰਦਰ ਸਿੰਘ ਲਾਇਲਪੁਰੀ ਨੂੰ 1922 ਵਿਚ ਭੜਕਾਊ ਸਮਗਰੀ ਲਿਖਣ ਅਤੇ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
-ਅੰਮ੍ਰਿਤਸਰ ਤੋਂ ਉਰਦੂ ਅਕਾਲੀ ਅਖ਼ਬਾਰ ਦੀ ਸ਼ੁਰੂਆਤ ਕੀਤੀ-
1923 ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਾਸਟਰ ਲਾਇਲਪੁਰੀ ਨੇ ਅੰਮ੍ਰਿਤਸਰ ਤੋਂ ਅਕਾਲੀ (ਉਰਦੂ) ਅਖ਼ਬਾਰ ਕੀ ਸ਼ੁਰੂਆਤ ਕੀਤੀ। ਇਹ ਰੋਜ਼ਾਨਾ 1929-30 ਤੱਕ ਮਾਮੂਲੀ ਬਰੇਕਾਂ ਨਾਲ ਜਾਰੀ ਰਿਹਾ ਪਰ 1930 ਤੋਂ ਬਾਅਦ ਵਿੱਤੀ ਕਾਰਨਾਂ ਕਰਕੇ ਬੰਦ ਹੋ ਗਿਆ।
-‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਦੀ ਸ਼ੁਰੂਆਤ ਤੇ ਮਾਸਟਰ ਤਾਰਾ ਸਿੰਘ ਦੀ ਗ਼ੱਦਾਰੀ-
ਪੰਡਤ ਮਦਨ ਮੋਹਨ ਮਾਲਵੀਆ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਬਹੁਤ ਚੰਗੇ ਮਿੱਤਰ ਸਨ। ਉਨ੍ਹਾਂ ਨੇ ਮਾ. ਲਾਇਲਪੁਰੀ ਨੂੰ ਸੁਝਾਅ ਦਿੱਤਾ ਸੀ ਕਿ ਅਕਾਲੀਆਂ ਨੂੰ ਆਪਣਾ ਇੱਕ ਅੰਗਰੇਜ਼ੀ ਅਖ਼ਬਾਰ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ‘ਅਕਾਲ ਦਾ ਏਜੰਡਾ’ ਅਤੇ ਆਵਾਜ਼ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ। ਇਸ ਅਨੁਸਾਰ ‘ਅਕਾਲੀ ਅਖ਼ਬਾਰ’ ਦੇ ਪ੍ਰਬੰਧਕੀ ਬੋਰਡ ਨੇ ਲਾਇਲਪੁਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਅਤੇ ਇੱਕ ਅੰਗਰੇਜ਼ੀ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ। ਬੋਰਡ ਨੇ ਮਾਸਟਰ ਲਾਇਲਪੁਰੀ ਅਤੇ ਸ: ਮੰਗਲ ਸਿੰਘ ਗਿੱਲ ਨੂੰ ਕੰਮ ਸੌਂਪਿਆ। ਹਾਲਾਂਕਿ ਇਸ ਕਦਮ ਨੂੰ ਉਦੋਂ ਝਟਕਾ ਲੱਗਾ ਜਦੋਂ ਲਾਇਲਪੁਰੀ ਨੂੰ ਅਕਾਲੀ ਅਖ਼ਬਾਰ ਵਿਚ ਇਤਰਾਜ਼ਯੋਗ ਸਮਗਰੀ ਲਿਖਣ ਲਈ ਧਾਰਾ 124-ਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ‘ਤੇ, ਲਾਇਲਪੁਰੀ ਨੇ ਯਤਨ ਮੁੜ ਸ਼ੁਰੂ ਕਰ ਦਿੱਤੇ ਅਤੇ ਅਕਾਲੀ ਅਖ਼ਬਾਰ ਵਿਚ ਇਕ ਇਸ਼ਤਿਹਾਰ ਪਾ ਕੇ ਸਿੱਖ ਸੰਗਤ ਤੋਂ ‘ਪੰਜ ਲੱਖ’ ਦਾ ਚੰਦਾ ਮੰਗਿਆ। ਇਸ ਦੇ ਜਵਾਬ ਵਿੱਚ ਸਟਾਕਟਨ (ਅਮਰੀਕਾ) ਤੋਂ ਇਲਾਵਾ ਮਾਸਟਰ ਲਾਇਲਪੁਰੀ ਦੇ ਪੰਜਾਬੀ ਪ੍ਰਸੰਸਕਾਂ ਨੇ ਤੁਰੰਤ 1,50,000 ਰੁਪਏ ਅਤੇ ਸਥਾਨਕ ਸਿੱਖ ਭਾਈਚਾਰੇ ਵੱਲੋਂ 70,000 ਰੁਪਏ ਦਾ ਯੋਗਦਾਨ ਪਾਇਆ ਗਿਆ। ਸ: ਮੰਗਲ ਸਿੰਘ ਗਿੱਲ ਅਤੇ ਚੈਂਚਲ ਸਿੰਘ (ਜੰਡਿਆਲਾ, ਜਲੂਰ) ਨੂੰ ਅਖ਼ਬਾਰ ਦਾ ਇੰਚਾਰਜ ਬਣਾਇਆ ਗਿਆ। ਪੰਡਿਤ ਮਦਨ ਮੋਹਨ ਮਾਲਵੀਆ ਅਤੇ ਮਾਸਟਰ ਤਾਰਾ ਸਿੰਘ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਨ। ਕੇ ਐੱਸ ਪਾਨੀਕਰ ਇਸ ਦੇ ਪਹਿਲੇ ਸੰਪਾਦਕ ਸਨ। ਦੇਵਦਾਸ ਗਾਂਧੀ ਵੀ ਸੰਪਾਦਕ ਦੇ ਪੈਨਲ ਵਿਚ ਸਨ। ਮੈਨੇਜਿੰਗ ਚੇਅਰਮੈਨ ਅਤੇ ਮੁੱਖ ਸਰਪ੍ਰਸਤ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਖ਼ੁਦ ਸਨ। ਉਦਘਾਟਨੀ ਸਮਾਰੋਹ 15 ਸਤੰਬਰ 1924 ਨੂੰ ਮਹਾਤਮਾ ਗਾਂਧੀ ਦੁਆਰਾ ਕੀਤਾ ਗਿਆ ਸੀ। ਪਹਿਲਾ ਅੰਕ ਨਵਾਂ ਬਾਜ਼ਾਰ, ਦਿੱਲੀ (ਹੁਣ ਸਵਾਮੀ ਸ਼ਾਰਦਾ ਨੰਦ ਮਰਗ) ਤੋਂ ਪ੍ਰਕਾਸ਼ਿਤ ਕੀਤਾ ਗਿਆ। ਸਿੱਖਾਂ ਲਈ ਇਹ ਬਹੁਤ ਹੀ ਮੰਦਭਾਗੀ ਗੱਲ ਸੀ ਕਿ ਮਾਸਟਰ ਤਾਰਾ ਸਿੰਘ ਅਤੇ ਸ: ਮੰਗਲ ਸਿੰਘ ਗਿੱਲ ਵਰਗੇ ਸਾਥੀਆਂ ਦੀ ਈਰਖਾ ਅਤੇ ਵਿਸ਼ਵਾਸਘਾਤ ਦੇ ਨਾਲ-ਨਾਲ ਵਿਹਾਰਕ ਵਿੱਤੀ ਸਾਧਨਾਂ ਦੀ ਘਾਟ ਕਾਰਨ, ਹਿੰਦੁਸਤਾਨ ਟਾਈਮਜ਼ ਜਲਦੀ ਹੀ ਗੰਭੀਰ ਰੂਪ ਵਿਚ ਆ ਗਿਆ। ਕੁਝ ਅੰਗਰੇਜ਼ਾਂ ਦੀ ਨਜ਼ਰ ਵਿਚ ਇਹ ਅਖ਼ਬਾਰ ਕੋਕੜੂ ਵਾਂਗ ਰੜਕਦਾ ਸੀ, ਅੰਗਰੇਜ਼ਾਂ ਦੀ ਸਾਜਿਸ਼ ਸੀ ਤੇ ਆਪਣਿਆਂ ਦੀ ਗ਼ੱਦਾਰੀ ਤਾਂ ਅਖ਼ਬਾਰ ਤੇ ਵਿੱਤੀ ਸੰਕਟ ਕਾਫ਼ੀ ਛਾ ਗਿਆ ਸੀ ਜਿਸ ਕਰਕੇ ਇਸ ਦੀ ਮਲਕੀਅਤ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਵੇਚਣੀ ਪਈ। ਇੱਥੋਂ ਤੱਕ ਕਿ ਪੰਡਤ ਮਾਲਵੀਆ ਵੀ ਇਸ ਨੂੰ ਜ਼ਿਆਦਾ ਦੇਰ ਤੱਕ ਚਲਦਾ ਨਹੀਂ ਰੱਖ ਸਕਿਆ ਅਤੇ ਉਸ ਨੇ ਇਸ ਨੂੰ ਜੀ.ਡੀ. ਬਿਰਲਾ ਨੂੰ ਵੇਚ ਦਿੱਤਾ। ਹਿੰਦੁਸਤਾਨ ਟਾਈਮਜ਼ ਦੀ ਮਲਕੀਅਤ ਦੀ ਵਿੱਕਰੀ ਨੇ ਸੁੰਦਰ ਸਿੰਘ ਲਾਇਲਪੁਰੀ ਨੂੰ ਬਹੁਤ ਮਾਨਸਿਕ ਪ੍ਰੇਸ਼ਾਨੀ ਦਿੱਤੀ, ਇੱਥੋਂ ਤੱਕ ਮਾਸਟਰ ਹੋਰੀਂ ਪਾਗਲ ਅਵਸਥਾ ਵਿਚ ਵੀ ਚਲੇ ਗਏ ਸਨ। ਮਾਸਟਰ ਲਾਇਲਪੁਰੀ ਨੇ ਨਿੱਜੀ ਤੌਰ ‘ਤੇ ਲਿਖਿਆ ਹੈ ਕਿ ‘ਸ. ਮੰਗਲ ਸਿੰਘ ਐਂਡ ਕੰਪਨੀ ਨੇ ਮੇਰੇ ਰਾਸ਼ਟਰਵਾਦ ਅਤੇ ਹਿੰਦੂ-ਸਿੱਖ-ਮੁਸਲਿਮ-ਈਸਾਈ ਏਕਤਾ ਦੇ ਉਦੇਸ਼ ਨੂੰ ਤਾਰਪੀਡੋ ਕੀਤਾ। ਉਹਨਾਂ ਨੇ ਇਸ ਨੂੰ ਫਿਰਕੂਵਾਦ ਵੱਲ ਮੋੜ ਦਿੱਤਾ, ਇਸ ਲਈ ਅਕਾਲੀਆਂ ਨੂੰ ਹਿੰਦੁਸਤਾਨ ਟਾਈਮਜ਼ ਨਾਲੋਂ ਵੱਖ ਹੋਣਾ ਪਿਆ ਅਤੇ ਇਸ ਨਾਲ ਦਿੱਲੀ ਦੇ ‘ਸਿੱਖ ਕੇਂਦਰ’ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਸੀ, ਜਿਸ ਦੀ ਸਥਾਪਨਾ ਮੈਂ ਬਹੁਤ ਲਗਨ ਅਤੇ ਮਿਹਨਤ ਨਾਲ ਕੀਤੀ ਸੀ।’
-ਹੋਰ ਹਫ਼ਤਾਵਾਰੀ ਅਖ਼ਬਾਰ-
-ਰੋਜ਼ਾਨਾ ਅਕਾਲੀ ਅਤੇ ਹਿੰਦੁਸਤਾਨ ਟਾਈਮਜ਼ ਵਰਗੇ ਅਖ਼ਬਾਰਾਂ ਤੋਂ ਇਲਾਵਾ ਮਾ. ਸੁੰਦਰ ਸਿੰਘ ਲਾਇਲਪੁਰੀ ਨੇ ਕਈ ਹਫ਼ਤਾਵਾਰੀ ਅਖ਼ਬਾਰ ਵੀ ਸ਼ੁਰੂ ਕੀਤੇ ਸਨ। ਸੂਚੀ ਵਿੱਚ ਮਹੱਤਵਪੂਰਨ ਹਨ ‘ਅਕਾਲੀ’, ‘ਆਜ਼ਾਦ ਅਕਾਲ’ (ਪੰਜਾਬੀ), ‘ਆਜ਼ਾਦ ਅਕਾਲੀ’ (ਉਰਦੂ), ‘ਮੇਲੂ’, ‘ਨਵਾਂ ਯੁੱਗ’, ‘ਦਲੇਰ ਖ਼ਾਲਸਾ’, ‘ਕੁੰਦਨ’, ‘ਇਨਕਲਾਬ’ (ਉਰਦੂ), ‘ਸਾਂਝੀਵਾਲ’, ਅਤੇ ‘ਗੁਰੂ ਖ਼ਾਲਸਾ’। ਉਨ੍ਹਾਂ ਵਿੱਚੋਂ ਹਰ ਇੱਕ ਕੁਝ ਸਮੇਂ ਲਈ ਦੌੜਦਾ ਰਿਹਾ ਅਤੇ ਫਿਰ ਸਿਆਸੀ ਜਾਂ ਵਿੱਤੀ ਜਾਂ ਦੋਵਾਂ ਕਾਰਨਾਂ ਕਰਕੇ ਬੰਦ ਹੋ ਗਿਆ।
-ਹਿੰਦੂ ਮੁਸਲਮਾਨ ਤੇ ਸਿੱਖ ਏਕਤਾ ਵਿਚ ਵਿਸ਼ੇਸ਼ ਰੋਲ ਨਿਭਾਇਆ ਤੇ ਕੈਦ ਹੋਈ-
1924 ਦੇ ਹਿੰਦੂ-ਮੁਸਲਿਮ ਦੰਗਿਆਂ ਦੇ ਮੱਦੇਨਜ਼ਰ, ਮਹਾਤਮਾ ਗਾਂਧੀ ਅਤੇ ਹੋਰ ਰਾਸ਼ਟਰੀ ਨੇਤਾਵਾਂ ਜਿਵੇਂ ਮੌਲਾਨਾ ਮੁਹੰਮਦ ਅਲੀ ਅਤੇ ਡਾ: ਐੱਮ.ਏ. ਅਨਸਾਰੀ ਨੇ 1924 ਵਿੱਚ ਦਿੱਲੀ ਵਿਖੇ ਇੱਕ ਰਾਸ਼ਟਰੀ ਏਕਤਾ ਸੰਮੇਲਨ ਬੁਲਾਇਆ ਜੋ ਕਈ ਦਿਨਾਂ ਤੱਕ ਜਾਰੀ ਰਿਹਾ। ਇਹ ਮੁੱਖ ਤੌਰ ‘ਤੇ ਰਾਸ਼ਟਰੀ ਏਕਤਾ, ਆਪਸੀ ਵਿਸ਼ਵਾਸ, ਪਿਆਰ ਅਤੇ ਭਾਈਚਾਰੇ ‘ਤੇ ਕੇਂਦਰਿਤ ਸੀ। ਅੰਤ ਵਿੱਚ ਇੱਕ ਕੇਂਦਰੀ ਰਾਸ਼ਟਰੀ ਪੰਚਾਇਤ ਦਾ ਗਠਨ ਕੀਤਾ ਗਿਆ ਸੀ ਜਿਸ ਨੂੰ ਹੋਰ ਮੈਂਬਰਾਂ ਦੀ ਭਰਤੀ ਕਰਨ ਅਤੇ ਇਸ ਨੂੰ ਜ਼ਮੀਨੀ ਜੜ੍ਹਾਂ ਤੱਕ ਵਧਾਉਣ ਲਈ ਅਧਿਕਾਰਤ ਕੀਤਾ ਗਿਆ ਸੀ। ਮਹਾਤਮਾ ਗਾਂਧੀ ਦੇ ਚੇਅਰਮੈਨ ਅਤੇ ਕਨਵੀਨਰ ਵਜੋਂ, ਰਾਸ਼ਟਰੀ ਪੰਚਾਇਤ ਵਿੱਚ ਲਾਲਾ ਲਾਜਪਤ ਰਾਏ, ਜੀ ਕੇ ਨਰੀਮਨ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਡਾ ਐੱਸ ਕੇ ਦੱਤਾ ਅਤੇ ਹਕੀਮ ਅਜਮਲ ਖ਼ਾਨ ਸ਼ਾਮਲ ਸਨ। ਅਗਲੇ ਸਾਲਾਂ ਵਿੱਚ, ਮਾਸਟਰ ਲਾਇਲਪੁਰੀ ਨੇ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਵਿੱਚ ਆਪਸੀ ਪਿਆਰ, ਭਰੋਸੇ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਕਈ ਸੈਮੀਨਾਰਾਂ ਅਤੇ ਏਕਤਾ ਸੰਮੇਲਨਾਂ ਵਿੱਚ ਹਿੱਸਾ ਲਿਆ। ਮਾ. ਲਾਇਲਪੁਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਲਾਇਲਪੁਰੀ ਨੇ 1929 ਦੇ ਲਾਹੌਰ ਕਾਂਗਰਸ ਸੈਸ਼ਨ ਵਿੱਚ ਵੀ ਸ਼ਿਰਕਤ ਕੀਤੀ ਸੀ। ਬਾਬਾ ਖੜਕ ਸਿੰਘ ਅਤੇ ਲਾਇਲਪੁਰੀ ਦੀ ਤਜਵੀਜ਼ ‘ਤੇ, ਕਾਂਗਰਸ ਦੇ ਸੈਸ਼ਨ ਵਿੱਚ ਭਾਰਤ ਦੀ ਪੂਰਨ ਆਜ਼ਾਦੀ ਦੀ ਮੰਗ ਕਰਨ ਵਾਲਾ ਮਤਾ ਸ਼ਾਮਲ ਕੀਤਾ ਗਿਆ ਸੀ। ਇਸ ਦੀ ਸ਼ਬਦਾਵਲੀ ਤਿਆਰ ਕਰਨ ਵਿਚ ਮਾਸਟਰ ਲਾਇਲਪੁਰੀ ਵੀ ਸ਼ਾਮਲ ਸਨ। ਹਾਲਾਂਕਿ ਕਾਂਗਰਸ ਦੇ ਕੁਝ ਮੈਂਬਰਾਂ ਨੇ ਇਸ ਮਤੇ ਦਾ ਵਿਰੋਧ ਕੀਤਾ ਸੀ ਪਰ ਫਿਰ ਵੀ ਇਹ ਬਹੁਮਤ ਨਾਲ ਪਾਸ ਹੋ ਗਿਆ। ਇੱਕ ਹੋਰ ਮਤਾ ਜਿਸ ਰਾਹੀਂ ਘੱਟ ਗਿਣਤੀਆਂ ਨਾਲ ਨਿਰਪੱਖ ਅਤੇ ਬਰਾਬਰੀ ਵਾਲਾ ਸਲੂਕ ਯਕੀਨੀ ਬਣਾਉਣਾ ਸੀ। ਲਾਇਲਪੁਰੀ ਨੇ ਸਿਵਲ ਨਾ-ਫਰਮਾਨੀ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ ਅਤੇ ਤਿੰਨ ਸਾਲ ਦੀ ਕੈਦ ਹੋਈ ਸੀ।
-ਪ੍ਰਤਾਪ ਸਿੰਘ ਕੈਰੋਂ ਬਾਬਾ ਗੁਰਦਿੱਤ ਸਿੰਘ ਵੱਲੋਂ ਸਨਮਾਨ ਤੇ ਮੌਤ-
ਮਾ. ਸੁੰਦਰ ਸਿੰਘ ਲਾਇਲਪੁਰੀ ਨੇ ਆਪਣੀ ਡੇਢ ਮੁਰੱਬਾ ਉਪਜਾਊ ਜ਼ਮੀਨ, ਇੱਕ ਘਰ ਅਤੇ ਹੋਰ ਜਾਇਦਾਦ ਗੁਆ ਲਈ ਸੀ। ਪਰ ਜਦੋਂ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਮਾ. ਲਾਇਲਪੁਰੀ ਨੂੰ 12 ਏਕੜ ਜ਼ਮੀਨ ਹਿਸਾਰ ਵਿਚ ਦਿੱਤੀ ਅਤੇ 100 ਰੁਪਏ ਮਹੀਨਾ ਪੈਨਸ਼ਨ ਲਗਾਈ ਗਈ, ਹਾਲਾਂ ਕਿ ਮਾਸਟਰ ਲਾਇਲਪੁਰੀ ਉਸ ਜ਼ਮੀਨ ਦੀਆਂ ਕਿਸ਼ਤਾਂ ਵੀ ਭਰਦੇ ਰਹੇ। ਕਾਮਾਗਾਟਾਮਾਰੂ ਕਾਂਡ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਮਾਸਟਰ ਲਾਇਲਪੁਰੀ ਨੂੰ ‘ਬਾਬਾ ਫੁਲਾ ਸਿੰਘ ਅਕਾਲੀ’ ਕਹਿ ਕੇ ਸੰਬੋਧਨ ਕਰਦੇ ਸਨ ਅਤੇ ਉਨ੍ਹਾਂ ਨੂੰ ਪਿਤਾ ਜੀ (ਪਿਆਰੇ ਪਿਤਾ) ਵੀ ਕਹਿ ਕੇ ਬੁਲਾਉਂਦੇ ਸਨ। ਸ: ਪ੍ਰਤਾਪ ਸਿੰਘ ਕੈਰੋਂ ਮਾ. ਲਾਇਲਪੁਰੀ ਨੂੰ ‘ਚਾਚਾ ਜੀ’ ਕਹਿੰਦੇ ਸਨ। ਮਾਸਟਰ ਲਾਇਲਪੁਰੀ ਸਾਨੂੰ ਵੱਡੀ ਵਿਰਾਸਤ ਦੇ ਕੇ 5 ਜਨਵਰੀ 1969 ਨੂੰ ਸਾਥੋਂ ਵਿੱਛੜ ਗਏ। (ਕਈ ਥਾਂਵਾਂ ਤੇ ਮਾਸਟਰ ਜੀ ਦੀ ਮੌਤ 1 ਮਾਰਚ ਲਿਖੀ ਹੈ ਪਰ ਮੌਤ ਦੇ ਸਰਕਾਰੀ ਸਰਟੀਫਿਕੇਟ ਅਨੁਸਾਰ ਉਨ੍ਹਾਂ ਦੀ ਮੌਤ 5 ਜਨਵਰੀ 1969 ਨੂੰ ਹੀ ਹੋਈ ਹੈ।
-ਆਖ਼ਰੀ ਸਮਾਂ ਭਿਆਨਕ ਰਿਹਾ ਮਾਸਟਰ ਲਾਇਲਪੁਰੀ ਦਾ-
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਹੱਕ ਸੱਚ ਤੇ ਆਦਰਸ਼ਵਾਦੀ ਪੱਤਰਕਾਰੀ ਕਰਦੇ ਕਰਦੇ ਪਰਾਇਆਂ ਦੀ ਵਿਰੋਧਤਾ ਤਾਂ ਸਹੇੜਦੇ ਹੀ ਸੀ ਪਰ ਉਹ ਆਪਣਿਆਂ ਕੋਲੋਂ ਵੀ ਕਈ ਵਾਰੀ ਹਾਰੇ ਸਨ। ਉਨ੍ਹਾਂ ਦੀ ਹਿਸਾਰ ਵਿਚ ਕੇਲੇ ਤੇ ਛਿਲਕੇ ਤਿਲਕ ਕੇ ਲੱਤ ਨੁਕਸਾਨੀ ਗਈ ਸੀ, ਉਸ ਤੋਂ ਬਾਅਦ ਉਸ ਦੀਆਂ ਲੱਤਾਂ ਖੜ ਗਈਆਂ ਸਨ ਤੁਰਨਾ ਫਿਰਨਾ ਔਖਾ ਹੋ ਗਿਆ ਸੀ, ਜਿਸ ਵਿਅਕਤੀ ਨੇ ਸ਼੍ਰੋਮਣੀ ਕਮੇਟੀ ਬਣਾਉਣ ਵਿਚ ਰੋਲ ਨਿਭਾਇਆ ਹੋਵੇ, ਉਸ ਨੇ ਸ਼੍ਰੋਮਣੀ ਕਮੇਟੀ ਤੋਂ ਲਿਖਤੀ ਤੌਰ ਤੇ ਮਾਲੀ ਮਦਦ ਮੰਗੀ ਪਰ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਲਿਖ ਦੇ ਦੋ ਟਕੇ ਵਿਚ ਹੀ ਜਵਾਬ ਦੇ ਦਿੱਤਾ, ਮੰਗਲ ਸਿੰਘ ਗਿੱਲ ਤੋਂ ਵੀ ਲਿਖ ਕੇ ਮਦਦ ਮੰਗੀ ਜਿਸ ਵਿਚ ਉਨ੍ਹਾਂ ਲਿਖਿਆ ਕਿ ਮੈਂ ਕਾਫ਼ੀ ਔਖਾ ਹਾਂ, ਮੇਰੀ ਮਦਦ ਕਰੋ, ਘਰ ਦੀ ਮਾਲੀ ਹਾਲਤ ਸਹੀ ਨਹੀਂ ਹੈ। ਮਾਸਟਰ ਹੋਰਾਂ ਨੂੰ ਕਈਆਂ ਵੱਲੋਂ ਮਦਦ ਮਿਲੀ ਵੀ, ਭਾਰਤ ਦੇ ਪ੍ਰਧਾਨ ਮੰਤਰੀ ਤੋਂ ਵੀ ਮਦਦ ਮਿਲੀ, ਕੁਝ ਸਰਕਾਰੀ ਸਾਧਨਾ ਤੋਂ ਵੀ ਮਦਦ ਮਿਲੀ। ਪਰ ਏਨੇ ਵੱਡੇ ਸੰਘਰਸ਼ਸ਼ੀਲ,ਅਜ਼ਾਦੀ ਘੁਲਾਟੀਏ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ਅਜ਼ਾਦੀ ਘੁਲਾਟੀਏ ਦਾ ਸਨਮਾਨ ਵੀ ਨਹੀਂ ਮਿਲਿਆ। ਉਸ ਦੇ ਪਰਿਵਾਰ ਨੇ ਬਥੇਰਾ ਕਾਗ਼ਜ਼ਾਂ ਦੀਆਂ ਫਾਈਲਾਂ ਤਿਆਰ ਕੀਤੀਆਂ ਪਰ ਲਾਭ ਨਹੀਂ ਹੋਇਆ। ਹਾਲਾਂ ਕਿ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਫ਼ੋਟੋ ਵੀ ਦਰਬਾਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿਚ ਲੱਗੀ ਹੈ ਪਰ ਸਿੱਖ ਕੌਮ ਵੱਲੋਂ ਇਸ ਵਿਅਕਤੀ ਦੀ ਯਾਦ ਤੱਕ ਕਦੇ ਨਹੀਂ ਮਨਾਈ। ਆਖ਼ਰੀ ਸਮਾਂ ਮਾਸਟਰ ਲਾਇਲਪੁਰੀ ਆਪਣੇ ਵਿਚਕਾਰਲੇ ਪੁੱਤਰ ਜਗਤਾਰ ਸਿੰਘ ਕੋਲ ਹੀ ਰਹੇ। ਉਨ੍ਹਾਂ ਨੇ ਹੀ ਸੇਵਾ ਕੀਤੀ, ਲੱਤਾਂ ਖੜ ਗਈਆਂ ਸਨ ਪਰ ਟਹਿਲ ਸੇਵਾ ਤੇ ਲੱਤਾਂ ਦੀ ਮਾਲਸ਼ ਕਰਨ ਕਰਕੇ ਮਾਸਟਰ ਜੀ ਤੁਰਨ ਫਿਰਨ ਵੀ ਲੱਗ ਗਏ ਸਨ। ਪਹਿਲੀਆਂ ਸਰਕਾਰਾਂ ਤੋਂ ਤਾਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਸੀ ਪਰ ਅੱਜ ਦੀ ਸਰਕਾਰ ਇਸ ਵਿਅਕਤੀ ਨੂੰ ਪੱਤਰਕਾਰ ਵਜੋਂ ਤੇ ਅਜ਼ਾਦੀ ਘੁਲਾਟੀਏ ਵਜੋਂ ਮਾਨਤਾ ਦੇ ਸਕਦੀ ਹੈ। ਭਾਰਤ ਸਰਕਾਰ ਨੂੰ ਵੀ ਇਸ ਵਿਅਕਤੀ ਨੂੰ ਮਰਨ ਉਪਰੰਤ ਵੱਡੇ ਸਨਮਾਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।
-ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਨਾਮ ਤੇ ਪਿੰਡ ਵੱਸਿਆ-
ਮਾਸਟਰ ਲਾਇਲਪੁਰੀ ਦੇ ਦੂਜੇ ਭਰਾ ਹੁਕਮ ਸਿੰਘ ਦਾ ਪਰਿਵਾਰ ਵੀ ਪਟਿਆਲਾ ਵਿਚ ਆਕੇ ਰਹਿਣ ਲੱਗ ਪਿਆ ਸੀ, ਕਾਮਰੇਡ ਰਮੇਸ਼ ਸਿੰਘ ਅਜ਼ਾਦ ਦੇ ਪਿਤਾ ਦਲੀਪ ਸਿੰਘ ਹੋਰਾਂ ਨੇ ਇਕ ਚੰਗਾ ਕੰਮ ਕੀਤਾ ਕਿ ਉਨ੍ਹਾਂ ਨੇ ਜਿਸ ਪਿੰਡ ਵਿਚ ਉਹ ਰਹਿੰਦੇ ਸਨ ਉਸ ਪਿੰਡ ਦਾ ਨਾਮ ‘ਸੁੰਦਰ ਸਿੰਘ ਵਾਲਾ’ ਰੱਖ ਦਿੱਤਾ। ਇਹ ਪਿੰਡ ਪਟਿਆਲਾ ਤੋਂ ਸਨੌਰ ਤੋਂ 12 ਕਿੱਲੋਮੀਟਰ ਦੂਰੀ ਤੇ ਸਥਿਤ ਹੈ, ਜਿਸ ਦੇ ਸਰਪੰਚ ਵੀ ਕਾਮ.ਰਮੇਸ਼ ਸਿੰਘ ਅਜ਼ਾਦ ਹੋਰੀਂ ਰਹੇ ਹਨ।
-ਪਰਵਾਰ-
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੋ ਭਰਾ ਸਨ ਦੂਜੇ ਭਰਾ ਦਾ ਨਾਮ ਸ. ਹੁਕਮ ਸਿੰਘ ਸੀ। ਹੁਕਮ ਸਿੰਘ ਦੀ ਵੀ ਅੱਗੇ ਔਲਾਦ ਹੈ, ਜਿਵੇਂ ਕਿ ਹੁਕਮ ਸਿੰਘ ਦਾ ਪੁੱਤਰ ਸ.ਦਲੀਪ ਸਿੰਘ ਹੋਇਆ, ਉਸ ਦਾ ਅੱਗੇ ਕਾਮਰੇਡ ਰਮੇਸ਼ ਸਿੰਘ ਅਜ਼ਾਦ ਨਾਮ ਦਾ ਕਾਫ਼ੀ ਮਸ਼ਹੂਰ ਕਾਮਰੇਡ ਹੈ। ਸੁੰਦਰ ਸਿੰਘ ਲਾਇਲਪੁਰੀ ਦੇ ਤਿੰਨ ਪੁੱਤਰ ਹੋਏ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਹਿੰਦਪਾਲ ਸਿੰਘ, ਵਿਚਕਾਰਲਾ ਜਗਤਾਰ ਸਿੰਘ ਅਤੇ ਛੋਟਾ ਜਗਜੀਤ ਸਿੰਘ ਹੋਏ। ਹਿੰਦਪਾਲ ਸਿੰਘ ਅਤੇ ਜਗਜੀਤ ਸਿੰਘ ਨੇ ਵਿਆਹ ਨਹੀਂ ਕਰਵਾਇਆ। ਪਰ ਜਗਤਾਰ ਸਿੰਘ ਦੇ ਅੱਗੇ ਚਾਰ ਧੀਆਂ ਤੇ ਦੋ ਪੁੱਤਰ ਹਨ, ਸਭ ਤੋਂ ਵੱਡੀ ਧੀ ਕੁਲਦੀਪ ਕੌਰ ਹੈ ਜੋ ਜਾਖ਼ਲ ਰਹਿੰਦੀ ਹੈ ਤੇ ਉਸ ਦੇ ਵੀ ਅੱਗੇ ਦੋ ਬੇਟੀਆਂ ਤੇ ਇਕ ਬੇਟਾ ਹੈ। ਉਸ ਤੋਂ ਛੋਟਾ ਕੁਲਦੀਪ ਸਿੰਘ ਜੋ ਟੋਹਾਣਾ ਰਹਿੰਦਾ ਹੈ ਤੇ ਉਸ ਦੀ ਦੋ ਬੇਟੇ ਤੇ ਬੇਟੀ ਹੈ, ਉਸ ਤੋਂ ਛੋਟੀ ਧੀ ਧਰਮ ਕੌਰ ਹੈ ਜੋ ਡੇਰਾਬਸੀ ਰਹਿੰਦੀ ਹੈ ਉਸ ਦੇ ਇਕ ਬੇਟਾ ਤੇ ਬੇਟੀ ਹੈ। ਉਸ ਤੋਂ ਛੋਟੀ ਬੇਟੀ ਜਸਬੀਰ ਕੌਰ ਹੈ ਜੋ ਪਟਿਆਲਾ ਰਹਿੰਦੀ ਹੈ ਤੇ ਉਸ ਦੇ ਇਕ ਬੇਟਾ ਤੇ ਇਕ ਬੇਟੀ ਹੈ। ਉਸ ਤੋਂ ਛੋਟਾ ਬੇਟਾ ਗੁਰਨਾਹਰ ਸਿੰਘ ਹੈ ਉਹ ਵੀ ਪਟਿਆਲਾ ਰਹਿੰਦਾ ਹੈ, ਉਸ ਕੋਲ ਵੀ ਦੋ ਬੇਟੇ ਤੇ ਬੇਟੀ ਹੈ, ਉਸ ਤੋਂ ਛੋਟੀ ਧੀ ਨਵਨੀਤ ਕੌਰ ਹੈ, ਜੋ ਫ਼ਤਿਹਾਬਾਦ ਰਹਿੰਦੀ ਹੈ ਉਸ ਦੇ ਇਕ ਬੇਟੀ ਹੈ। ਫ਼ੋਟੋਆਂ ਅਸੀਂ ਜਗਤਾਰ ਸਿੰਘ ਧੀ ਜਸਬੀਰ ਕੌਰ ਕੋਲੋਂ ਹਾਸਲ ਕੀਤੀਆਂ। ਮਾਸਟਰ ਲਾਇਲਪੁਰੀ ਦੇ ਬੇਟੇ ਜਗਤਾਰ ਸਿੰਘ ਦੀ 1981 ਵਿਚ ਮੌਤ ਹੋ ਗਈ ਸੀ ਪਰ ਉਨ੍ਹਾਂ ਨੇ ਲਾਇਲਪੁਰੀ ਦੀ ਬਹੁਤ ਸੇਵਾ ਕੀਤੀ। ਜਗਤਾਰ ਸਿੰਘ ਦੀ ਬੇਟੀ ਜਸਬੀਰ ਕੌਰ ਤੇ ਉਸ ਦੇ ਪਤੀ ਲਖਵਿੰਦਰ ਸਿੰਘ ਥਿੰਦ ਨੇ ਮਾਸਟਰ ਲਾਇਲਪੁਰੀ ਦਾ ਰਿਕਾਰਡ ਸਾਂਭਿਆ ਹੋਇਆ ਹੈ। ਲਾਇਲਪੁਰੀ ਉੱਤੇ ਸ.ਕਿਰਪਾਲ ਸਿੰਘ ਦਰਦੀ ਨੇ ਕਿਤਾਬ ਲਿਖੀ ਪਰ ਉਸ ਵਿਚ ਕਾਫ਼ੀ ਕੁਝ ਗ਼ਲਤ ਲਿਖਿਆ ਹੋਇਆ, ਜਿਸ ਬਾਰੇ ਕਾਗ਼ਜ਼ੀ ਸਬੂਤ ਦਿਖਾਉਂਦਿਆਂ ਪਰਿਵਾਰ ਵੱਲੋਂ ਇਤਰਾਜ਼ ਕੀਤਾ ਗਿਆ। ਇਹ ਕਿਤਾਬ ‘ਅਕਾਲੀ ਲਹਿਰ ਦਾ ਸੰਚਾਲਕ : ਮਾਸਟਰ ਸੁੰਦਰ ਸਿੰਘ ਲਾਇਲਪੁਰੀ’ ਦੇ ਨਾਮ ਤੇ 1991 ਵਿਚ ਛਾਪੀ ਗਈ ਸੀ।
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਪੱਤਰਕਾਰੀ ਅਤੇ ਅਕਾਲੀ ਲਹਿਰ ਦਾ ਬਹੁਤ ਵੱਡਾ ਨਾਮ ਹੈ, ਇਸ ਪੱਤਰਕਾਰ ਦੀਆਂ ਬਾਤਾਂ ਪੈਣੀਆਂ ਚਾਹੀਦੀਆਂ ਹਨ। ਪਰ ਇਹ ਲਾਪਤਾ ਕਰ ਦਿੱਤਾ ਗਿਆ, ਸਾਡਾ ਫ਼ਰਜ਼ ਬਣਦਾ ਹੈ ਕਿ ਇਸ ਪੱਤਰਕਾਰ ਦੀਆਂ ਬਾਤਾਂ ਪਾਈਏ ਤਾਂ ਕਿ ਇਹ ਭਵਿੱਖੀ ਪੱਤਰਕਾਰਾਂ ਲਈ ਰਾਹ ਦਸੇਰਾ ਬਣ ਸਕੇ। ਆਓ ਯਾਦ ਕਰੀਏ ਤੇ ਆਪਣਾ ਫ਼ਰਜ਼ ਨਿਭਾਈਏ…

(ਗੁਰਨਾਮ ਸਿੰਘ ਅਕੀਦਾ)
+91 8146001100