ਆਖ਼ਿਰ ਔਰਤ ‘ਤੇ ਹੀ ਕਿਉਂ ਕੱਸੇ ਜਾਂਦੇ ਹਨ ਤੰਜ…….?

ਔਰਤ ਸ੍ਰਿਸ਼ਟੀ ਦਾ ਆਧਾਰ ਹੈ। ਆਪਣੀ ਹੋਂਦ ਨਾਲ ਹੀ ਔਰਤ ਮਕਾਨ ਨੂੰ  ” ਘਰ ” ਬਣਾਉਂਦੀ ਹੈ। ਬਹੁਤ ਧਿਆਨ ਨਾਲ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਔਰਤ ਤੋਂ ਬਿਨਾਂ ਸਾਡਾ ਘਰ , ਸਮਾਜ ਅਤੇ ਅਸੀਂ ਸਭ ਅਪੂਰਨ ਹਾਂ ਤੇ ਸਾਡਾ ਜੀਵਨ ਰੁੱਖਾ ਹੈ। ਇੱਥੋਂ ਤੱਕ ਕਿ ਸਾਡੀ ਹੋਂਦ ਕੇਵਲ ਇੱਕ ਔਰਤ ਕਰਕੇ ਹੀ ਹੈ। ਇਸੇ ਕਰਕੇ ਸਾਡੇ ਮਹਾਂਪੁਰਖਾਂ ਨੇ ਸਾਨੂੰ ਔਰਤ ਨੂੰ ਮੰਦਾ ਬੋਲਣ ਤੇ ਸਮਝਣ ਤੋਂ ਵਰਜਿਆ ਹੈ। ਭਾਵੇਂ ਕਿ ਅੱਜ ਔਰਤ ਦੇ ਹੱਕਾਂ ਲਈ ਦੁਨੀਆਂ ਵਿੱਚ ਅਨੇਕਾਂ ਕਾਨੂੰਨ – ਕਾਇਦੇ ਬਣੇ ਹੋਏ ਹਨ , ਪਰ ਜਦੋਂ ਤੱਕ ਔਰਤ ਪ੍ਰਤੀ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਨਹੀਂ ਹੋ ਜਾਂਦਾ , ਸ਼ਾਇਦ ਉਦੋਂ ਤੱਕ ਔਰਤ ਸਾਡੇ ( ਮਰਦ ) ਦੇ ਬਰਾਬਰ ਨਹੀਂ ਹੋ ਸਕਦੀ। ਸੋਚਣ ਵਾਲੀ ਗੱਲ ਹੈ ਕਿ ਅਸੀਂ ਭਾਵੇਂ ਕਿੰਨੇ ਵੀ ਪੜ੍ਹੇ – ਲਿਖੇ ਕਿਉਂ ਨਾ ਹੋਈਏ ! ਪਰ ਇੱਕ ਔਰਤ ਪ੍ਰਤੀ ਅਤੇ ਉਸਦੇ ਖਾਣ – ਪੀਣ , ਪਹਿਨਣ , ਆਉਣ – ਜਾਣ , ਘਰ ਚਲਾਉਣ , ਘਰੇਲੂ ਜਾਂ ਹੋਰ ਫ਼ੈਸਲੇ ਲੈਣ ਆਦਿ ਪ੍ਰਤੀ ਸਾਡੀ ਸੋਚ ਦਾ ਦਾਇਰਾ ਸਾਡੇ ਪੜ੍ਹੇ – ਲਿਖੇ ਹੋਣ ਦੇ ਬਾਵਜੂਦ ਵੀ ਬਹੁਤੇਰੀ ਵਾਰ ਸੰਕੀਰਨ , ਸੌੜਾ ਤੇ ਤੰਗਦਿਲ ਹੀ ਹੁੰਦਾ ਹੈ। ਅਸੀਂ ਔਰਤ ਨੂੰ ਮਰਦ ਦੇ ਬਰਾਬਰ ਹੋਣ ਦੀਆਂ ਗੱਲਾਂ ਤਾਂ ਕਰਦੇ , ਪੜ੍ਹਦੇ  ਜਾਂ ਸੁਣਦੇ ਤਾਂ ਅਕਸਰ ਹੀ ਹਾਂ , ਪਰ ਜਦੋਂ ਔਰਤ ਦੀ ਮਰਦ ਦੇ ਬਰਾਬਰ ਬਰਾਬਰਤਾ ਦੀ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਦੀ ਗੱਲ ਤੇ ਕਰਨੀ ਸਾਡੇ ‘ਤੇ ਆਉਂਦੀ ਹੈ ਤਾਂ ਅਸੀਂ ਉਹੀ ਪੁਰਾਣੀ ਘਿਸੀ –  ਪਿਟੀ , ਸੰਕੀਰਨ , ਸੌੜੀ , ਤੰਗਦਿਲ , ਸ਼ੰਕਾਲੂ ਪ੍ਰਵਿਰਤੀ ਵਾਲੀ ਤੇ ਰੂੜੀਵਾਦੀ ਸੋਚ ਨੂੰ ਫਿਰ ਅੱਗੇ ਕਰ ਦਿੰਦੇ ਹਾਂ। ਜੇਕਰ ਅਸੀਂ ਔਰਤ ਨੂੰ ਖ਼ੁਦ ਹੀ ਮਰਦ ਦੇ ਵਾਂਗ ਪੜ੍ਹਨ , ਖਾਣ – ਪੀਣ , ਪਹਿਨਣ , ਘੁੰਮਣ – ਫਿਰਨ , ਸਿਨੇਮਾ ਦੇਖਣ , ਜੀਵਨ ਦੇ ਸਮੁੱਚੇ ਘਰੇਲੂ ਤੇ ਸਮਾਜਿਕ ਫ਼ੈਸਲੇ ਲੈਣ , ਮੋਬਾਇਲ ਫ਼ੋਨ ਦੀ ਵਰਤੋਂ ਕਰਨ , ਸਟੇਟਸ ਲਗਾਉਣ , ਫੇਸਬੁੱਕ ਚਲਾਉਣ , ਵਿਆਹ ਸੰਬੰਧੀ  , ਵਿਆਹਾਂ – ਸ਼ਾਦੀਆਂ ਵਿੱਚ ਆਪਣੀਆਂ ਸਹੇਲੀਆਂ ਨਾਲ ਆਉਣ – ਜਾਣ , ਨੌਕਰੀ ਕਰਨ ਆਦਿ – ਆਦਿ ਬਾਰੇ ਫ਼ੈਸਲੇ ਲੈਣ ਜਾਂ ਕੰਮ ਕਰਨ ਤੇ ਭਾਵਨਾ ਨੂੰ ਪ੍ਰਗਟਾਉਣ , ਹੱਸਣ , ਬੋਲਣ , ਮੁਸਕਰਾਉਣ , ਗਾਉਣ ਆਦਿ ਦੀ ਬਰਾਬਰੀ , ਆਜ਼ਾਦੀ ਤੇ ਪ੍ਰੇਰਣਾ ਨਹੀਂ ਦੇਵਾਂਗੇ ਤਾਂ ਔਰਤ ਸਮਾਜਿਕ ਤੌਰ ‘ਤੇ ਮਰਦ ਦੇ ਬਰਾਬਰ ਕਿਵੇਂ ਹੋ ਸਕੇਗੀ ?

ਬਹੁਤ ਦੁੱਖ ਦੀ ਗੱਲ ਹੈ ਕਿ ਬਹੁਤ ਪੜ੍ਹੇ –  ਲਿਖੇ ਹੋਣ ਦੇ ਬਾਵਜੂਦ ਵੀ ਅਸੀਂ ਬਹੁਤੇਰੀ ਵਾਰ ਵਿਆਹਾਂ – ਸ਼ਾਦੀਆਂ , ਪ੍ਰੋਗਰਾਮਾਂ ਜਾਂ ਹੋਰ ਇਕੱਠਾਂ ਸਮੇਂ ਆਪਣੀ ਵਿਚਾਰ – ਚਰਚਾ ਵਿੱਚ ਔਰਤ ਦੇ ਹੀ ਖਾਣ  – ਪੀਣ , ਔਰਤ ਦੇ ਹੀ ਪਹਿਨਣ , ਉਸ ਦੇ ਗਾਉਣ , ਭਾਵਨਾਵਾਂ ਪ੍ਰਗਟਾਉਣ , ਔਰਤ ਦੇ ਆਉਣ – ਜਾਉਣ , ਉਸਦੇ ਮਨੋਰੰਜਨ ਕਰਨ , ਉਸ ਦੇ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਆਦਿ ਬਾਰੇ ਬੇਲੋੜੀ , ਗ਼ੈਰ – ਵਾਜਬ , ਗ਼ੈਰ – ਇਖਲਾਕੀ ਤੇ ਸ਼ੰਕਾਲੂ ਧਿਆਨ ਚਰਚਾ ਕਰਨ ਨੂੰ ਪਹਿਲ ਦਿੰਦੇ ਹਾਂ ਜਾਂ ਕਰਦੇ ਹਾਂ।ਜੇਕਰ ਮਰਦ ਹਰ ਪੱਖੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਅ ਕਰ ਸਕਦਾ ਹੈ ਤਾਂ ਔਰਤ ‘ਤੇ ਹੀ ਇਹ ਬੰਧਨ ਅਤੇ ਤੰਜ਼ ਕੱਸਣਾ ਕਿੰਨਾ ਕੁ ਵਾਜਬ ਹੈ ? ਔਰਤ ਦੀ ਖਾਣ – ਪੀਣ , ਪਹਿਰਾਵੇ , ਆਉਣ – ਜਾਣ, ਘੁੰਮਣ , ਮਨੋਰੰਜਨ , ਗਾਉਣ , ਉਚੇਰੀ ਪੜ੍ਹਾਈ ਕਰਨ ਆਦਿ ਪ੍ਰਤੀ ਘਰੇਲੂ ਜਾਂ ਸਮਾਜਿਕ ਤੌਰ ‘ਤੇ ਰੋਕ ਜਾਂ ਸੰਕੀਰਣਤਾ ਤੇ ਮਾੜੀ ਸੋਚ ਜਾਂ ਤੰਗਦਿਲੀ ਨਹੀਂ ਹੋਣੀ ਚਾਹੀਦੀ। ਘਰ ਚਲਾਉਣ ਤੇ ਘਰੇਲੂ ਬਜਟ ਬਣਾਉਣ ਸਮੇਂ ਅਤੇ ਘਰ ਦੇ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਅਤੇ ਉਹਨਾਂ ‘ਤੇ ਖਰੇ ਉਤਰਨ ਲਈ ਔਰਤ ਦੇ ਸੁਝਾਅ ਲੈਣੇ ਚਾਹੀਦੇ ਹਨ ਤੇ ਉਹਨਾਂ ‘ਤੇ ਦ੍ਰਿੜਤਾ ਦੇ ਨਾਲ਼  ਪਹਿਰਾ ਦੇਣਾ ਚਾਹੀਦਾ ਹੈ।

ਇੱਕ ਔਰਤ ਨੂੰ ਵੀ ਔਰਤ ਦੇ ਹੱਕਾਂ ਬਾਰੇ ਸੋਚਣਾ ਤੇ ਸਮਝਣਾ ਚਾਹੀਦਾ ਹੈ ਤੇ ਉਸਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ  ; ਨਾ ਕਿ ਪੁਰਾਣੀ ਰੂੜੀਵਾਦੀ ਸੋਚ ‘ਤੇ ਚੱਲਣ ਨੂੰ ਤਰਜੀਹ ਦੇਣੀ ਚਾਹੀਦੀ ਹੈ।  ਇਸ ਤੋਂ ਇਲਾਵਾ ਖ਼ੁਦ ਔਰਤ ਨੂੰ ਵੀ ਆਪਣੇ ਬਾਰੇ , ਆਪਣੇ ਸਮਾਜਿਕ ਤੇ ਘਰੇਲੂ ਫੈਸਲਿਆਂ ਬਾਰੇ , ਸਮਾਜ ਵਿੱਚ ਵਿਚਰਨ ਬਾਰੇ ਆਪਣੇ ਦ੍ਰਿੜ੍ਹ ਇਰਾਦੇ ਅਤੇ ਨਰੋਈ ਸੋਚ ਤੇ ਵਿਚਾਰ ਰੱਖਣੇ ਚਾਹੀਦੇ ਹਨ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਅੱਜ ਲੋੜ ਹੈ ਔਰਤ ਬਾਰੇ ਨਵੀਂ , ਉਸਾਰੂ ਤੇ ਸਕਾਰਾਤਮਕ ਸੋਚ ਤੇ ਸੁਚਾਰੂ ਵਿਵਹਾਰ ਅਪਣਾਉਣ ਅਤੇ ਸਹੀ ਅਮਲੀ ਜਾਮਾ ਪਹਿਨਾਉਣ ਦੀ। ਨਾ ਕਿ ਕੇਵਲ ਸੋਚਣ , ਪੜ੍ਹਨ ਜਾਂ ਕਹਿਣ ਦੀ। ਤਦ ਹੀ ਔਰਤ ਨੂੰ ਮਰਦ ਵਾਂਗ ਬਰਾਬਰੀ ਮਿਲ ਸਕਦੀ ਹੈ। ਇਸ ਸਭ ਦੇ ਲਈ ਨਵੀਂ ਤੇ ਵਿਸ਼ਾਲ ਸੋਚ ਅਪਣਾ ਕੇ ਸਾਨੂੰ ਖੁਦ ਨੂੰ ਸਕਾਰਾਤਮਕ ਪਹਿਲ ਕਰਨੀ ਹੋਵੇਗੀ ; ਸਾਰਾ ਕੁਝ ਸਰਕਾਰਾਂ ‘ਤੇ ਹੀ ਨਹੀਂ ਸੁੱਟ ਦੇਣਾ ਚਾਹੀਦਾ ; ਕਿਉਂਕਿ ਸਮਾਜ ਤੇ ਦੇਸ਼ ਵਿੱਚ ਜੇਕਰ ਕੋਈ ਸਹੀ ਸੁਧਾਰ ਲਿਆਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਸਕਾਰਾਤਮਕ ਸੋਚ ਅਪਣਾ ਕੇ ਖ਼ੁਦ ਤੋਂ ਨਵੀਂ ਪਹਿਲ  ਲਿਆਉਣੀ ਤੇ ਅਪਣਾਉਣੀ ਹੋਵੇਗੀ ਅਤੇ ਆਪਣੇ ਘਰ – ਪਰਿਵਾਰ ਤੋਂ ਔਰਤ ਨੂੰ ਬਰਾਬਰ ਦਾ ਦਰਜਾ ਤੇ ਪੂਰਨ ਆਜ਼ਾਦੀ ਦੇਣੀ ਹੋਵੇਗੀ। ਸਾਨੂੰ ਆਪਣੀ ਵਿਚਾਰ – ਚਰਚਾ ਦਾ ਵਿਸ਼ਾ ਵੀ ਔਰਤ ਅਤੇ ਉਸ ਦੇ ਖਾਣ – ਪੀਣ , ਪਹਿਰਾਵੇ , ਆਉਣ – ਜਾਣ , ਘੁੰਮਣ – ਵਿਚਰਨ ਆਦਿ ਨੂੰ ਨਹੀਂ ਬਣਾਉਣਾ ਚਾਹੀਦਾ ਤੇ ਔਰਤ ਪ੍ਰਤੀ ਸੌੜੀ ਸੋਚ ਨਹੀਂ ਅਪਣਾਉਣੀ ਚਾਹੀਦੀ। ਅੱਜ ਜ਼ਰੂਰਤ ਹੈ ਨਿੱਜੀ , ਘਰੇਲੂ ਤੇ ਸਮਾਜਿਕ ਤੌਰ ‘ਤੇ ਔਰਤ ਨੂੰ ਅੱਗੇ ਆਉਣ ਅਤੇ ਅੱਗੇ ਲਿਆਉਣ ਦੀ , ਔਰਤ ਤੇ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਸ ਦੇ ਅਨੁਸਾਰ ਉਸ ਨੂੰ ਵਿਚਰਨ ਲਈ ਮੌਕਾ ਦੇਣ ਦੀ। ਆਓ ! ਨਵੇਂ ਵਰ੍ਹੇ ਦੇ ਸ਼ੁਭ ਅਵਸਰ ‘ਤੇ ਇੱਕ ਨਵੀਂ ਸੋਚ ਨਾਲ ਨਵੇਂ ਸਿਰਿਓਂ ਜੀਵਨ ਦਾ ਸ਼ੁੱਭ ਆਰੰਭ ਕਰੀਏ ਤਾਂ ਜੋ ਨਵਾਂ  – ਨਰੋਆ ਘਰ – ਪਰਿਵਾਰ ਤੇ ਸਮਾਜ ਸਿਰਜ ਸਕੀਏ ;  ਕਿਉਂਕਿ ਅੱਜ ਔਰਤ ਬਾਰੇ ਸੋਚ ਬਦਲਣ ਦੀ , ਉਸ ਪ੍ਰਤੀ ਵਿਸ਼ਾਲ ਸੋਚ ਅਪਣਾ ਕੇ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਕਿਉਂ ਜੋ ਔਰਤ ਅਤੇ ਮਰਦ ਦੀ ਬਰਾਬਰਤਾ ਕਹਿ ਕੇ ਨਹੀਂ , ਸਗੋਂ ਵਰਤੋਂ ਵਿਹਾਰ ਤੋਂ ਹੋਣੀ ਚਾਹੀਦੀ ਹੈ। 

(ਮਾਸਟਰ ਸੰਜੀਵ ਧਰਮਾਣੀ) +91 9478561356

sk5001189@gmail.com

Install Punjabi Akhbar App

Install
×