ਮਾਸਟਰ ਜੀ …….

ਬਚਪਨ ਵਿਚ ਦੱਸਿਆ ਗਿਆ ਤੇ ਹਮੇਸ਼ ਲਈ ਯਾਦ ਹੋ ਗਿਆ ਕਿ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਨੂੰ ਮਾਸਟਰ ਜੀ ਕਿਹਾ ਜਾਂਦਾ ਹੈ, ਇਹੋ ਕਿਹਾ ਕਰਨਾ ਹੈ। ਸਕੂਲ ਵਿਚ ਅਸੀਂ ਦੋ ਤਰਾਂ ਦੇ ਅਧਿਆਪਕ ਦੇਖਦੇ, ਇਕ ਮਾਸਟਰ ਜੀ ਹੁੰਦੇ ਦੂਜੇ ਟੀਚਰ। ਪਹਿਲੀ ਤੋਂ ਪੰਜਵੀਂ ਤਕ ਟੀਚਰ ਪੜ੍ਹਾਉਂਦੇ, ਛੇਵੀਂ ਤੋਂ ਦਸਵੀਂ ਤਕ ਮਾਸਟਰ ਜੀ। ਜੇਬੀਟੀ ਕੋਰਸ ਕਰਕੇ ਪ੍ਰਾਇਮਰੀ ਟੀਚਰ ਅਤੇ ਬੀਐੱਡ ਕਰਕੇ ਮਾਸਟਰ ਜੀ ਉੱਪਰਲੀਆਂ ਕਲਾਸਾਂ ਪੜ੍ਹਾਉਂਦੇ। ਇਨ੍ਹਾ ਦੋ ਸ਼੍ਰੇਣੀਆਂ ਵਿਚਕਾਰ ਇਕ ਹੋਰ ਸ਼੍ਰੇਣੀ ਭਾਸ਼ਾ ਅਧਿਆਪਕਾਂ ਦੀ ਹੁੰਦੀ ਜਿਨ੍ਹਾ ਨੇ ਓਟੀ ਦਾ ਕੋਰਸ ਕੀਤਾ ਹੁੰਦਾ। ਪੰਜਾਬੀ ਟੀਚਰ ਨੂੰ ਗਿਆਨੀ ਜੀ, ਹਿੰਦੀ/ਸੰਸਕ੍ਰਿਤ ਵਾਲੇ ਨੂੰ ਸ਼ਾਸਤ੍ਰੀ ਜੀ, ਉਰਦੂ/ਫਾਰਸੀ ਵਾਲੇ ਨੂੰ ਮੁਨਸ਼ੀ ਜੀ ਕਿਹਾ ਜਾਂਦਾ। ਇਸ ਸ਼੍ਰੇਣੀ ਨੂੰ ਮੈ ਵਿਚਕਾਰ ਇਸ ਕਰਕੇ ਰੱਖਿਆ ਹੈ ਕਿਉਂਕਿ ਇਨ੍ਹਾ ਵਿਚੋਂ ਕੋਈ ਕੋਈ ਕਦੀ ਕਦਾਈਂ ਸਾਲ ਦੀ ਛੁੁੱਟੀ ਲੈਕੇ ਬੀ.ਐੱਡ. ਕਰਨ ਚਲਾ ਜਾਂਦਾ, ਤਦ ਉਹ ਗਿਆਨੀ ਤੋਂ ਤਰਕੀ ਕਰਕੇ ਮਾਸਟਰ ਹੋ ਜਾਂਦਾ।
ਮੇਰੇ ੰਿਪੰਡ ਘੱਗੇ ਵਿਚ ਸਰਕਾਰੀ ਮਿਡਲ ਸਕੂਲ ਹੁੰਦਾ ਸੀ ਜੋ ਬਾਦ ਵਿਚ ਹਾਈ ਬਣਿਆਂ, ਹੁਣ ਤਾਂ ਕਹਿੰਦੇ ਬਾਰ੍ਹਵੀਂ ਦਾ ਹੈ। ਦੇਸ-ਵੰਡ ਵੇਲੇ ਦੋ ਭਰਾ ਹਜ਼ੂਰ ਸਿੰਘ ਅਤੇ ਵਜ਼ੀਰ ਸਿੰਘ ਲਹਿੰਦੇ ਪੰਜਾਬੋਂ ਆ ਕੇ ਇੱਧਰ ਵਸ ਗਏ। ਉੱਧਰ ਸਕੂਲ ਟੀਚਰ ਸਨ, ਸੋ ਮੇਰੇ ਪਿੰਡ ਦੇ ਪੰਚਾਇਤ-ਘਰ ਵਿਚ ਸਕੂਲ ਖੋਲ੍ਹ ਲਿਆ, ਪਿੰਡ ਵਿਦਿਆ ਦੀ ਜੜ੍ਹ ਲੱਗ ਗਈ। ਉਨ੍ਹਾ ਤੋਂ ਪਹਿਲਾਂ ਪਿੰਡ ਵਿਚ ਸਕੂਲ ਨਹੀਂ ਸੀ:
ਸ਼ਕਰਗੰਜ ਨੇ ਆਣ ਮੁਕਾਮ ਕੀਤਾ,
ਦੁਖ ਦਰਦ ਪੰਜਾਬ ਦਾ ਦੂਰ ਹੈ ਜੀ॥
ਉਨ੍ਹਾ ਨੇ ਇਕ ਅਜੀਬ ਤਜਰਬਾ ਵੀ ਕੀਤਾ। ਸਕੀਮ ਤਿਆਰ ਕੀਤੀ ਕਿ ਇਕ ਟੀਚਰ ਪਹਿਲੀ ਤੋਂ ਲੈਕੇ ਅੱਠਵੀਂ ਤਕ ਇਕੋ ਕਲਾਸ ਪੜ੍ਹਾਇਆ ਕਰੇਗਾ ਯਾਨਿ ਕਿ ਪਹਿਲੀ ਕਲਾਸ ਜਦ ਦੂਜੀ ਹੋ ਗਈ ਉਹੀ ਟੀਚਰ ਦੂਜੀ ਕਲਾਸ ਪੜ੍ਹਾਏਗਾ ਜਿਸ ਨੇ ਪਹਿਲੀ ਪੜ੍ਹਾਈ ਸੀ। ਜਦ ਇਕੋ ਕਲਾਸ ਨੂੰ ਵਿਸ਼ੇ ਅਨੁਸਾਰ ਵਖ ਵਖ ਟੀਚਰ ਪੜ੍ਹਉਂਦੇ ਹਨ ਤਦ ਨਤੀਜੇ ਦੀ ਜ਼ਿਮੇਵਾਰੀ ਕਿਸੇ ਦੀ ਨਹੀਂ ਹੁੰਦੀ। ਹਜ਼ੂਰ ਸਿੰਘ ਨੇ ਪਹਿਲੀ ਕਲਾਸ ਲੈ ਲਈ ਵਜ਼ੀਰ ਸਿੰਘ ਨੇ ਦੂਜੀ, ਬਾਕੀਆਂ ਨੇ ਅੱਗੇ ਪਿਛੇ ਦੀਆਂ ਰਹਿੰਦੀਆਂ ਕਲਾਸਾਂ। ਕਈ ਵਾਰੀ ਮਾਪੇ ਬੱਚਿਆਂ ਦਾ ਸਾਲ ਖਰਾਬ ਕਰ ਲੈਂਦੇ ਕਿ ਇਨ੍ਹਾ ਦੋਹਾਂ ਵਿਚੋਂ ਕਿਸੇ ਦੀ ਪਹਿਲੀ ਜਮਾਤ ਵਿਚ ਵਾਰੀ ਆਈ ਉਦੋਂ ਦਾਖਲ ਕਰਾਵਾਂਗੇ।
ਸ਼ੇਖ ਸਾਅਦੀ ਦੀ ਗੁਲਿਸਤਾਂ ਬੋਸਤਾਂ ਇਨ੍ਹਾ ਨੇ ਸਾਨੂੰ ਪ੍ਰਾਇਮਰੀ ਵਿਚ ਸੁਣਾ ਦਿਤੀ ਸੀ। ਦਸਿਆ ਕਰਦੇ, ਲਹਿੰਦੇ ਪੰਜਾਬ ਵਿਚ ਬੱਚੇ ਨੂੰ ਪੰਜਵੀਂ ਦਾ ਸਰਟੀਫਿਕੇਟ ਉਦੋਂ ਦਿਤਾ ਜਾਂਦਾ ਜਦੋਂ ਉਹ ਗੁਲਿਸਤਾਂ ਬੋਸਤਾਂ ਦਾ ਟੈਸਟ ਪਾਸ ਕਰ ਲੈਂਦਾ।
ਮਾਸਟਰ ਵਾਸਤੇ ਮਿਸਤ੍ਰੀ ਸ਼ਬਦ ਵੀ ਵਰਤਿਆ ਜਾਂਦਾ ਸੀ, ਅਜ ਵੀ ਪ੍ਰਚਲਤ ਹੈ। ਲੁਹਾਰ, ਤਰਖਾਣ, ਸੁਨਿਆਰ, ਦਰਜੀ ਨੂੰ ਪੰਜਾਬੀ ਲੋਕ ਮਾਸਟਰ ਜੀ ਕਹਿੰਦੇ ਹਨ। ਉਸਤਾਦ ਲਫਜ਼ ਵੀ ਇਨ੍ਹਾ ਵਾਸਤੇ ਵਰਤਿਆ ਜਾਂਦਾ ਹੈ ਪਰ ਬਹੁਤੀ ਵਾਰ ਸੰਗੀਤਾਚਾਰੀਆਂ ਵਾਸਤੇ, ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ। ਅੰਗਰੇਜ਼ੀ ਵਿਚ ਵੱਡੇ ਸੰਗੀਤਕਾਰ ਨੂੰ ਮੀਸਤ੍ਰੀ/ਮੀਸਤ੍ਰੋ ਕਿਹਾ ਜਾਂਦਾ ਹੈ।
ਉਨਹੇਂ ਸ਼ੌਕ-ਇ-ਇਬਾਦਤ ਹੈ ਔਰ ਗਾਨੇ ਕੀ ਆਦਤ ਭੀ,
ਨਿਕਲਤੀਂ ਹੈਂ ਦੁਆਏਂ ਉਨ ਕੇ ਮੁਖ ਸੇ ਠੁਮਰੀਆਂ ਬਨ ਕਰ॥
(ਬੰਦਗੀ ਦਾ ਸ਼ੌਕ ਅਤੇ ਅਤੇ ਗਾਉਣ ਦੀ ਆਦਤ ਹੋਣ ਕਰਕੇ ਉਨ੍ਹਾ ਦੇ ਮੁਖੜੇ ਵਿਚੋਂ ਅਸੀਸਾਂ ਗੀਤ ਬਣ ਬਣ ਨਿਕਲਦੀਆਂ ਹਨ।
ਵੈਬਸਟਰ ਕੋਸ਼ ਵਿਚ ਮਾਸਟਰ ਦੇ ਅਰਥ ਮਰਦ ਅਧਿਆਪਕ, ਉਹ ਜਿਸਨੇ ਬੈਚਲਰਜ਼ ਤੋਂ ਉਪਰ ਅਤੇ ਡਾਕਟਰਜ਼ ਤੋਂ ਹੇਠਲੀ ਡਿਗਰੀ ਹਾਸਲ ਕੀਤੀ ਹੋਵੇ, ਧਰਮ ਪੜ੍ਹਾਉਣ ਵਾਲਾ, ਹੁਕਮਰਾਨ, ਵਿਜਈ, ਜਹਾਜ਼ ਦਾ ਕਪਤਾਨ, ਮਾਲਿਕ, ਪਲੇਠਾ ਬੇਟਾ, ਪ੍ਰਧਾਨ, ਜੱਜ, ਮੂਲ ਪ੍ਰਤੀ (ਮਾਸਟਰ ਰਿਕਾਰਡ ਜਿਸ ਤੋਂ ਅਗੇ ਨਕਲਾਂ ਤਿਆਰ ਹੋ ਸਕਣ) ਆਦਿਕ ਹਨ।
ਸਕੂਲ ਦੇ ਦੋ ਅਧਿਆਪਕਾਂ ਦਾ ਜ਼ਿਕਰ ਕਰ ਚੁਕਾ ਹਾਂ, ਕਾਲਜ ਦੇ ਦੋ ਅਧਿਆਪਕ ਵੀ ਯਾਦ ਰਹਿਣਗੇ। ਮਹਿੰਦਰਾ ਕਾਲਜ (1968-72) ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਨਰਿੰਦਰ ਕਾਲੀਆ ਅਤੇ ਪੰਜਾਬੀ ਦਾ ਉਮਰਾਓ ਸਿੰਘ। ਕਾਲੀਆ ਸਾਹਿਬ ਸ਼ਾਨਦਾਰ ਟੀਚਰ ਅਤੇ ਉਰਦੂ ਦੇ ਗਜ਼ਲਗੋ। ਕੇਵਲ ਅੰਗਰੇਜ਼ੀ ਬੋਲਦੇ ਜਾਂ ਉਰਦੂ। ਦੋ ਦਿਨ ਛੁੱਟੀ ਕੱਟਕੇ ਮੇਰੇ ਕਲਾਸ-ਰੂਮ ਵਲ ਜਾ ਰਹੇ ਸਨ, ਨਾਲ ਨਾਲ ਤੁਰਦਿਆਂ ਮੈਂ ਕਿਹਾ- ਸਰ ਹੁੰਦਾ ਹੈ ਕੋਈ ਕੋਈ ਟੀਚਰ ਅਜਿਹਾ, ਜੇ ਨਾ ਆਏ ਤਾਂ ਸਟੂਡੈਂਟਸ ਉਸਨੂੰ ਮਿੱਸ ਕਰਦੇ ਹਨ। ਬੋਲੇ- ਅਰੇ ਕੋਈ ਕੋਈ ਸਟੂਡੈਂਟ ਭੀ ਤੋ ਹੋਤਾ ਹੈ, ਗਰ ਨਾ ਆਏ ਤੋ ਟੀਚਰ ਮਿੱਸ ਕਰਤਾ ਹੈ ਉਸੇ। ਖੂਬ ਹਸੇ।
ਪ੍ਰਿੰਸੀਪਲ ਭਗਤ ਸਿੰਘ ਨੇ ਪ੍ਰੋ. ਉਮਰਾਓ ਸਿੰਘ ਨੂੰ ਦਫਤਰ ਬੁਲਾ ਕੇ ਕਿਹਾ- ਸੁਣਿਆ ਹੈ ਤੁਸੀਂ ਕਲਾਸ ਨੀਂ ਲੈਂਦੇ? ਉਮਰਾਓ ਸਿੰਘ ਬੋਲੇ- ਜੀ ਮੇਰਾ ਰਿਜ਼ਲਟ ਦੇਖੋ, ਪਾਸ ਸੌ ਪ੍ਰਤੀਸ਼ਤ ਹੈ। ਪ੍ਰਿੰਸੀਪਲ ਨੇ ਕਿਹਾ- ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਕਲਾਸ ਵਿਚ ਨਾ ਪੜ੍ਹਾਓ? ਉਮਰਾਓ ਸਿੰਘ- ਠੀਕ ਐ, ਤੁਹਾਡੇ ਹੁਕਮ ਮੂਜਬ ਕਲਾਸਾਂ ਲਾਇਆ ਕਰਾਂਗਾ ਪਰ ਫੇਰ ਰਿਜ਼ਲਟ ਦੀ ਮੇਰੀ ਕੋਈ ਜ਼ਿਮੇਵਾਰੀ ਨਹੀਂ।

Install Punjabi Akhbar App

Install
×