ਬ੍ਰਿਸਬੇਨ ਵਿਖੇ ਨਾਟਕ ‘ਮਾਸਟਰ ਜੀ’ ਦਾ ਸਫ਼ਲ ਆਯੋਜਨ 

(ਬ੍ਰਿਸਬੇਨ) ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਖੇ ਹੈਰੀਟੇਜ ਬੈਨਰਜ ਅਤੇ ਤਾਸਮਨ ਮੈਗਜ਼ੀਨ ਦੇ ਪ੍ਰਬੰਧਕ ਵਰਿੰਦਰ ਅਲੀਸ਼ੇਰ ਤੇ ਹਰਮਨਦੀਪ ਗਿੱਲ ਵੱਲੋਂ ਸਾਂਝੇ ਤੌਰ ‘ਤੇ ਰਾਣਾ ਰਣਬੀਰ ਨਿਰਦੇਸ਼ਿਤ ਨਾਟਕ ‘ਮਾਸਟਰ ਜੀ’ ਕਰਵਾਇਆ ਗਿਆ। 100 ਤੋਂ ਵੀ ਵੱਧ ਫ਼ਿਲਮਾਂ ਵਿੱਚ ਜਾਨ ਪਾਉਣ ਵਾਲੀ ਬਹੁਪੱਖੀ ਸਖਸ਼ੀਅਤ, ਲੇਖਕ, ਨਿਰਦੇਸ਼ਕ, ਪੰਜਾਬੀ ਅਦਾਕਾਰ ਅਤੇ ਹਾਸਰਸ ਕਲਾਕਾਰ ਰਾਣਾ ਰਣਬੀਰ ਰੰਗਮੰਚ ਰਾਹੀਂ ਸਾਂਝ ਪੁਗਾਉਂਦਾ ਕੈਨੇਡਾ ਦੇ ਟੂਰ ਤੋਂ ਬਾਅਦ ਅੱਜ ਕੱਲ੍ਹ ਆਸਟਰੇਲੀਆ ਦੇ ਦੌਰੇ ‘ਤੇ ਹਨ। ਮਨੁੱਖੀ ਜਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਮੁਸ਼ਕਲਾਂ, ਸਮਾਜਿਕ ਤੇ ਭਾਈਚਾਰਿਕ ਸੁਨੇਹਿਆਂ, ਚੋਟਾਂ ਅਤੇ ਹਾਸੇ-ਠੱਠੇ ਦਾ ਸੁਮੇਲ ਇਹ ਦੋ ਘੰਟੇ ਦੀ ਪਟਾਰੀ ‘ਮਾਸਟਰ ਜੀ’ ਇਕ ਮੀਲ ਪੱਥਰ ਸਾਬਤ ਹੋ ਰਿਹਾ ਹੈ। ਭਾਰੀ ਪਰਿਵਾਰਕ ਇਕੱਠ ‘ਚ ਉਹਨਾਂ ਦੀ ਅਦਾਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਨਾਟਕ ਵਿੱਚ ਰਾਣੇ ਦੇ ਨਾਲ ਰੰਗਮੰਚੀ ਸੋਨੀ ਢਿੱਲੋਂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਦਰਸ਼ਕਾਂ ਨੇ ਇਸ ਨਾਟਕ ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਨਤਾ ਭਰਨ ਵਾਲੀ ਖੂਬਸੂਰਤ ਪੇਸ਼ਕਾਰੀ ਦੱਸਿਆ। ਰੰਗਮੰਚੀ ਸੋਨੀ ਢਿੱਲੋਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਨਾਟਕ ਨਿਊਜ਼ੀਲੈਂਡ ਦੇ ਵੀ ਲਗਭਗ ਚਾਰ ਸ਼ਹਿਰਾਂ ਵਿੱਚ ਹੋਣ ਜਾ ਰਿਹਾ ਹੈ ਅਤੇ ਉਹ ਲੋਕਾਂ ਦੀ ਸ਼ਮੂਲੀਅਤ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਦੱਸਿਆ ਕਿ ਲੋਕਾਂ ਦੀ ਭਾਰੀ ਮੰਗ ਦੇ ਚੱਲਦਿਆਂ ਮੈਲਬਾਰਨ ਵਿਖੇ ਤੀਜਾ ਸ਼ੋਅ ਵੀ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਨਾਟਕ ਰਾਣਾ ਰਣਬੀਰ ਅਤੇ ਨਾਮਵਰ ਲੇਖਕ ਜਸਵੰਤ ਜ਼ਫ਼ਰ ਵੱਲੋਂ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਣਾ ਰਣਬੀਰ ਨੇ ਆਪਣੀ ਸੰਜੀਦਾ ਅਦਾਕਾਰੀ ਸਦਕੇ ਜਿਥੇ ਪੰਜਾਬੀ ਫ਼ਿਲਮਾਂ ਵਿੱਚ ਸਥਾਪਤੀ ਦੇ ਝੰਡੇ ਗੱਡੇ ਉਥੇ ਆਪਣੀਆਂ ਸਾਹਿਤਿਕ ਲਿਖਤਾਂ ਰਾਹੀਂ ਰਚਨਾਤਮਿਕ ਕਲਾ ਦਾ ਵੀ ਲੋਹਾ ਮਨਵਾਇਆ ਹੈ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਧੂਰੀ ਦੇ ਰਾਣਾ ਰਣਬੀਰ 2017 ਵਿੱਚ ਕੈਨੇਡਾ ਚਲੇ ਗਏ ਸਨ ਜਿਥੇ ਹੁਣ ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਪਰਿਵਾਰ ਸਮੇਤ ਰਹਿੰਦੇ ਹਨ।