ਫਿਲਮੀ ਅਦਾਕਾਰ ਤੇ ਰੰਗਮੰਚ ਦੇ ਉੱਘੇ ਕਲਾਕਾਰ ਰਾਣਾ ਰਣਬੀਰ ਅੱਜ ਕੱਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਆਪਣੇ ਨਾਟਕ ‘ਮਾਸਟਰ ਜੀ‘ ਦੇ ਨਾਮ ਹੇਠ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਹਨ।’ ਯਾਰ ਆਸਟ੍ਰੇਲੀਆ ਵਾਲੇ’ ਬੈਨਰ ਹੇਠ ਸਿੰਘ ਵੀ ਵਿੱਕੀ ਅਤੇ ਬੋਬ ਸਿੱਧੂ ਦੁਆਰਾ ਇਸ ਸ਼ੋਅ ਨੂੰ ਵਿਉਂਤਬੰਦ ਕਰ ਐਨਕੋਰ ਈਵੈਂਟ ਸੈਂਟਰ ਹਾਪਰ ਕਰਾਸਿੰਗ ਵਿਖੇ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ।

ਰਾਣਾ ਰਣਬੀਰ ਅਤੇ ਜਸਵੰਤ ਸਿੰਘ ਜਫਰ ਹੁਰਾਂ ਵੱਲੋਂ ਲਿਖੇ ਇਸ ਨਾਟਕ ਨੂੰ ਵੇਖਣ ਲਈ ਮੈਲਬਰਨ ਦੇ ਵੱਖ ਵੱਖ ਇਲਾਕਿਆਂ ਚੋਂ ਵੱਡੀ ਗਿਣਤੀ ‘ਚ ਦਰਸ਼ਕ ਪਹੁੰਚੇ ਹੋਏ ਸਨ। ਦਰਸ਼ਕਾਂ ਦੀ ਗਿਣਤੀ ਏਨੀ ਜਿਆਦਾ ਸੀ ਕਿ ਅਖੀਰ ਪਰਬੰਧਕਾਂ ਨੂੰ ਦਰਵਾਜੇ ਬੰਦ ਕਰਨੇ ਪੈ ਗਏ। ਰਾਣਾ ਰਣਬੀਰ ਨੇ ਮਾਸਟਰ ਗੁਰਮੁਖ ਸਿੰਘ ਬਣ ਕੇ ਪਰਿਵਾਰਿਕ ਨੋਕ ਝੋਕ, ਸਮਾਜਿਕ ਸਮੱਸਿਆਵਾਂ , ਰਾਜਨੀਤਿਕ ਚਾਲਾਂ, ਸ਼ੋਸਲ ਮੀਡੀਆ ਦੁਰਵਰਤੋਂ ਸਮੇਤ ਹੋਰ ਅਨੇਕਾਂ ਮੁੱਦਿਆਂ ਨੂੰ ਬਾਖੂਬੀ ਨਾਲ ਲੋਕਾਂ ਸਾਹਵੇਂ ਪੇਸ਼ ਕੀਤਾ। ਇਸ ਤੋਂ ਇਲਾਵਾ ਸੁਚੱਜੀ ਜਿੰਦਗੀ ਜਿਉਣ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ। ਤਸਵੀਰਾਂ ਦੀ ਥਾਵੇਂ ਸ਼ਬਦ ਗੁਰੂ ਨਾਲ ਜੁੜਨ ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ ਗਿਆ। ਗੰਭੀਰ ਗੱਲਾਂਬਾਤਾਂ ਤੋਂ ਇਲਾਵਾ ਰਾਣਾ ਰਣਬੀਰ ਨੇ ਆਪਣੇ ਰਵਾਇਤੀ ਹਾਸ ਰਸ ਅੰਦਾਜ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ।
ਸਟੇਜ ਤੇ ਰਾਣਾ ਰਣਬੀਰ ਤੋਂ ਇਲਾਵਾ ਸੋਨੀ ਢਿੱਲੋਂ ਨੇ ਵੀ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਕਿਰਦਾਰ ਨੂੰ ਨਿਭਾਇਆ। ਜਿੰਦਗੀ ਜਿੰਦਾਬਾਦ ਦੇ ਨਾਅਰੇ ਨਾਲ ਸ਼ੋਅ ਦੀ ਸਮਾਪਤੀ ਹੋਈ। ਸ਼ੋਅ ਤੋਂ ਪਹਿਲਾਂ ਹਰਮੰਦਰ ਕੰਗ ਅਤੇ ਸਿੰਘ ਵੀ ਵਿੱਕੀ ਨੇ ਵੀ ਆਪਣੇ ਬੋਲਾਂ ਦੁਆਰਾ ਦਰਸ਼ਕਾਂ ਨਾਲ ਸਾਂਝ ਪਾਈ।