ਨਨਕਾਣਾ ਸਾਹਿਬ ਦਾ ਸਾਕਾ ਬਹੁਤ ਹੀ ਦਿਲਕੰਬਾਊ ਘਟਨਾ ਹੈ, ਭਾਵੇਂ ਇਸ ਘਟਨਾ ਦਾ ਆਧਾਰ ਧਰਮ ਨੂੰ ਬਣਾਇਆ ਗਿਆ, ਪਰ ਅਸਲ ਵਿੱਚ ਇਸ ਪਿੱਛੇ ਬਹੁਤ ਬ੍ਰਿਟਿਸ਼ ਸਰਕਾਰ ਦੀ ਰਾਜਨੀਤਕ ਚਾਲ ਅਤੇ ਮਹੰਤਾਂ ਦਾ ਹੰਕਾਰ ਸੀ। ਜਦੋਂ ਅੰਗਰੇਜਾਂ ਨੇ ਪੰਜਾਬ ਤੇ ਕਬਜਾ ਕਰ ਲਿਆ ਤਾਂ ਸਿੱਖਾਂ ਦੀ ਰਾਜਨੀਤਕ ਸ਼ਕਤੀ ਘੱਟ ਕਰਨ ਲਈ ਉਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਉਹਨਾਂ ਦੇ ਕਬਜੇ ਵਿੱਚੋਂ ਕੱਢ ਕੇ ਤਹਿਸ ਨਹਿਸ ਕਰਨ ਦੀ ਸਾਜ਼ਿਸ ਰਚੀ, ਜਿਸ ਤਹਿਤ ਗੁਰਦੁਆਰਾ ਸਾਹਿਬਾਨਾਂ ਤੇ ਉਹਨਾਂ ਮਹੰਤਾਂ ਦੇ ਕਬਜੇ ਕਰਵਾ ਦਿੱਤੇ। ਗੁਰਦੁਆਰਿਆਂ ਦੀ ਆਮਦਨ ਮਹੰਤਾਂ ਦੇ ਹੱਥ ਆ ਗਈ, ਆਮਦਨ ਜਿਆਦਾ ਹੋਣ ਸਦਕਾ ਉਹ ਧਾਰਮਿਕ ਕੰਮਾਂ ਦੀ ਬਜਾਏ ਐਸੋ ਇਸ਼ਰਤ ਵੱਲ ਵਧੇਰੇ ਰੁਚਿਤ ਹੋ ਗਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਮਹੰਤ ਨਰੈਣ ਦਾਸ ਕਾਬਜ ਸੀ, ਉਹ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਮਨਮਾਨੀਆਂ, ਭੈੜੇ ਕੰਮ, ਅਯਾਸ਼ੀਆਂ, ਨਸ਼ੇ ਆਦਿ ਕਰਨ ਲੱਗਾ, ਉਸਨੂੰ ਵੇਖਦਿਆਂ ਉਸਦੇ ਚੇਲੇ ਚਾਟੜੇ ਵੀ ਇਸੇ ਰਾਹ ਪੈ ਗਏ। ਗੁਰੂ ਘਰ ਵਿੱਚ ਨਤਮਸਤਕ ਹੋਣ ਆਉਣ ਵਾਲੀਆਂ ਔਰਤਾਂ ਬੀਬੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਆਮ ਹੋਣ ਲੱਗੀਆਂ। ਸਿੱਖ ਜਗਤ ਅਜਿਹੀਆਂ ਬੇਅਦਬੀ ਵਾਲੀਆਂ ਘਟਨਾਵਾਂ ਨੂੰ ਬਰਦਾਸਤ ਨਾ ਕਰ ਸਕਿਆ।
ਅੰਤ ਸਿੱਖਾਂ ਵੱਲੋਂ ਮਹੰਤ ਨਰੈਣ ਦਾਸ ਨੂੰ ਅਜਿਹੇ ਕੰਮਾਂ ਤੋਂ ਰੋਕ ਕੇ ਪ੍ਰਬੰਧ ਗੁਰ ਮਰਯਾਦਾ ਅਨੁਸਾਰ ਚਲਾਉਣ ਲਈ ਕਹਿਣ ਵਾਸਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਤੋਂ 6 ਮਾਰਚ 1921 ਤੱਕ ਗੁਰਦੁਆਰਾ ਜਨਮ ਅਸਥਾਨ ਵਿਖੇ ਪੰਥ ਦਾ ਇੱਕ ਇਕੱਠ ਬੁਲਾਉਣ ਦਾ ਫੈਸਲਾ ਕਰ ਲਿਆ। ਇਹ ਪਤਾ ਲੱਗਣ ਤੇ ਮਹੰਤ ਨਰੈਣ ਦਾਸ ਨੇ ਸਮਝਿਆ ਕਿ ਇਸ ਸਮੇਂ ਉਹਨਾਂ ਤੋਂ ਪ੍ਰਬੰਧ ਖੋਹ ਕੇ ਸਿੱਖ ਜਗਤ ਦੇ ਹਵਾਲੇ ਕੀਤਾ ਜਾਵੇਗਾ। ਉਸਨੇ ਸਿੱਖਾਂ ਦਾ ਇਕੱਠ ਰੋਕਣ ਲਈ ਗੁਰਦੁਆਰਾ ਸਾਹਿਬ ਅੰਦਰ ਹਥਿਆਰ ਬੰਦੂਕਾਂ ਛਵੀਆਂ ਕਿਰਪਾਨਾਂ ਗੰਡਾਸੇ ਆਦਿ ਇਕੱਠੇ ਕਰਕੇ ਕਾਫ਼ੀ ਬਦਮਾਸ਼ ਆਪਣੀ ਮੱਦਦ ਲਈ ਸੱਦ ਲਏ।
ਮਹੰਤ ਦੀ ਇਸ ਕਾਰਵਾਈ ਦੀ ਸੂਹ ਲੱਗਣ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਫੈਸਲਾ ਕੀਤਾ ਕਿ ਪੰਥਕ ਇਕੱਠ ਤੋਂ ਪਹਿਲਾਂ ਹੀ ਨਨਕਾਣਾ ਸਾਹਿਬ ਪਹੁੰਚ ਕੇ ਮਹੰਤ ਨਰੈਣ ਦਾਸ ਨੂੰ ਮਾੜਾ ਕੰਮ ਜਾਂ ਲੜਾਈ ਝਗੜਾ ਕਰਨ ਤੋਂ ਰੋਕਿਆ ਜਾਵੇ। ਇਸ ਫੈਸਲੇ ਅਨੁਸਾਰ ਦੋਵੇਂ ਆਗੂ ਆਪਣੇ ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਨੂੰ ਚੱਲ ਪਏ। ਜਦ ਇਸ ਬਾਰੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਾ ਤਾਂ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜਥਿਆਂ ਨੂੰ ਰੋਕਣ ਲਈ ਭਾਈ ਦਲੀਪ ਸਿੰਘ ਨੂੰ ਭੇਜਿਆ, ਤਾਂ ਜੋ ਜਥਿਆਂ ਦਾ ਜਾਨੀ ਨੁਕਸਾਨ ਨਾ ਹੋ ਜਾਵੇ। ਉਸ ਸਮੇਂ ਅੱਜ ਵਾਂਗ ਸੰਪਰਕ ਕਰਨ ਲਈ ਸਾਧਨ ਨਹੀਂ ਸਨ। ਭਾਈ ਦਲੀਪ ਸਿੰਘ ਜਥੇਦਾਰ ਝੱਬਰ ਦੇ ਜਥੇ ਨੂੰ ਰੋਕਣ ਲਈ ਤਾਂ ਸਫ਼ਲ ਹੋ ਗਿਆ ਪਰ ਭਾਈ ਲਛਮਣ ਸਿੰਘ ਧੀਰੋਵਾਲ ਨਾਲ ਉਹ ਸੰਪਰਕ ਨਾ ਕਰ ਸਕਿਆ।
ਭਾਈ ਲਛਮਣ ਸਿੰਘ ਧੀਰੋਵਾਲ 150 ਸਿੱਖਾਂ ਦੇ ਜਥੇ, ਜਿਸ ਵਿੱਚ ਮਰਦ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਸਮੇਤ 20 ਫਰਵਰੀ 1921 ਨੂੰ ਸੁਭਾ ਨਨਕਾਣਾ ਸਾਹਿਬ ਪਹੁੰਚ ਗਿਆ। ਮਹੰਤ ਦੇ ਗੁੰਡੇ ਆਪਣੀ ਤਿਆਰੀ ਕਰ ਰਹੇ ਸਨ, ਪਰ ਜਥੇ ਨੇ ਗੁਰਦੁਆਰਾ ਸਾਹਿਬ ਖਾਲੀ ਸਮਝਦਿਆਂ ਦੀਵਾਨ ਸਜਾ ਲਿਆ, ਰਾਗੀ ਸਿੰਘ ਕੀਰਤਨ ਕਰਨ ਲੱਗ ਗਏ ਤੇ ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ। ਨਿਹੱਥੇ ਸਿੰਘ ਦੀਵਾਨ ਵਿੱਚ ਗੁਰੂ ਜਸ ਕਰ ਰਹੇ ਸਨ, ਕਿ ਮਹੰਤ ਦੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਕੋਹ ਕੋਹ ਕੇ ਸਿੰਘਾਂ ਬੀਬੀਆਂ ਬੱਚਿਆਂ ਨੂੰ ਮਾਰ ਸੁੱਟਿਆ, ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਗੋਲੀਆਂ ਲੱਗੀਆਂ। ਗੁਰਦੁਆਰਾ ਸਾਹਿਬ ਦਾ ਵਿਹੜਾ ਲਾਸਾਂ ਤੇ ਮਨੁੱਖੀ ਅੰਗਾਂ ਨਾਲ ਇੱਕ ਤਰ੍ਹਾਂ ਭਰ ਗਿਆ। ਭਾਈ ਲਛਮਣ ਸਿੰਘ ਧੀਰੋਵਾਲ ਨੂੰ ਮਹੰਤ ਦੇ ਗੁੰਡਿਆਂ ਨੇ ਫੜ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚਲੇ ਜੰਡ ਨਾਲ ਪੁੱਠਾ ਲਟਕਾ ਦਿੱਤਾ ਅਤੇ ਮਹੰਤ ਦੇ ਹੁਕਮਾਂ ਤੇ ਜਿਉਂਦੇ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ। ਇਸ ਮੌਕੇ ਕੁੱਝ ਮੁਸਲਮਾਨਾਂ, ਸਿੱਖ ਆਗੂ ਬਾਬਾ ਕਰਤਾਰ ਸਿੰਘ ਬੇਦੀ ਅਤੇ ਮੰਗਲ ਸਿੰਘ ਕੂਕਾ ਆਦਿ ਨੇ ਵੀ ਮਹੰਤਾਂ ਦਾ ਸਾਥ ਦਿੱਤਾ। ਪਰ ਬਾਅਦ ਵਿੱਚ ਬਾਬਾ ਕਰਤਾਰ ਸਿੰਘ ਬੇਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਮੁਆਫ਼ੀ ਮੰਗ ਲਈ ਸੀ।
ਇਸ ਬਾਰੇ ਪਤਾ ਲੱਗਣ ਤੇ ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਸਿੱਖਾਂ ਨੇ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ। ਸਿੱਖਾਂ ਦਾ ਰੋਸ ਅਜਿਹਾ ਰੋਹ ਫੜ ਗਿਆ ਕਿ ਸਮੇਂ ਦੀ ਅੰਗਰੇਜ ਸਰਕਾਰ ਨੂੰ ਝੁਕਣਾ ਪਿਆ, ਉਹਨਾਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਮਹੰਤਾਂ ਤੋਂ ਹਾਸਲ ਕਰਕੇ ਸਿੱਖ ਆਗੂਆਂ ਨੂੰ ਸੌਂਪ ਦਿੱਤੀਆਂ। ਇਸ ਤਰ੍ਹਾਂ ਗੁਰਦੁਆਰਾ ਜਨਮ ਅਸਥਾਨ ਮਹੰਤਾਂ ਦੇ ਕਬਜੇ ਚੋਂ ਆਜ਼ਾਦ ਹੋਇਆ। ਅੱਜ ਵੀ ਇਹ ਸਹੀਦੀ ਜੰਡ ਦਰਬਾਰ ਸਾਹਿਬ ਦੇ ਵਿਹੜੇ ਵਿੱਚ ਯਾਦਗਾਰ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਜੰਡ ਦੇ ਇਤਿਹਾਸ ਬਾਰੇ ਪੁੱਛਣ ਤੇ ਜਦ ਇਸ ਸਾਕੇ ਦੀ ਮੁਕੰਮਲ ਜਾਣਕਾਰੀ ਮਿਲਦੀ ਹੈ ਤਾਂ ਇੱਥੇ ਪਹੁੰਚਣ ਵਾਲੇ ਹਰ ਸਰਧਾਲੂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।