ਮਿੱਤਰਤਾ ਤੇ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੀ ਸ਼ਹੀਦੀ ਯਾਦਗਾਰ ਦਾ ਮਾਮਲਾ

ਭਾਰਤ ਪਾਕਿ ਵੰਡ ਸਮੇਂ ਦੀ ਯਾਦ ਨੂੰ ਮੁੜ ਤਾਮੀਰ ਕਰਵਾਇਆ ਜਾਵੇ

(ਸਮਾਰਕ ਅਰਪਿਤ ਕਰਦੇ ਹੋਏ ਕਾ: ਹਰਕਿਸ਼ਨ ਸਿੰਘ ਸੁਰਜੀਤ)

ਯਾਦਗਾਰਾਂ ਜਿੱਥੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਕੁਰਬਾਨੀਆਂ ਨੂੰ ਤਾਜ਼ਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਉੱਥੇ ਮਨੁੱਖਤਾ ਦੀਆਂ ਗ਼ਲਤੀਆਂ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ। ਉਹ ਇਨਸਾਨ ਨੂੰ ਮਾਨਸਿਕ ਝੰਜੋੜਾ ਦਿੰਦੀਆਂ ਹੋਈਆਂ ਭਵਿੱਖ ਵਾਸਤੇ ਸੁਚੇਤ ਵੀ ਕਰਦੀਆਂ ਹਨ ਅਤੇ ਆਪਸੀ ਪਿਆਰ ਤੇ ਸਦਭਾਵਨਾ ਵਿੱਚ ਪਰਪੱਕਤਾ ਲਿਆਉਂਦੀਆਂ ਹਨ। ਇਸੇ ਮਕਸਦ ਨਾਲ ਯਾਦਗਾਰਾਂ ਸਥਾਪਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਘਟਨਾਵਾਂ ਦੀ ਯਾਦ ਨੂੰ ਸਦੀਵੀ ਬਣਾਇਆ ਜਾ ਸਕੇ। ਇਤਿਹਾਸਕ ਯਾਦਗਾਰਾਂ ਨੂੰ ਖ਼ਤਮ ਕਰਨਾ ਮੂਰਖਤਾ ਭਰਿਆ ਕਦਮ ਹੀ ਕਿਹਾ ਜਾ ਸਕਦਾ ਹੈ। ਜਿਹੜੇ ਲੋਕ ਇਤਿਹਾਸ ਦੇ ਸਬਕ ਨੂੰ ਯਾਦ ਨਹੀਂ ਰੱਖਦੇ, ਉਨ੍ਹਾਂ ਨੂੰ ਇਤਿਹਾਸ ਦੁਹਰਾਉਣ ਦੀ ਸਜਾ ਝੱਲਣੀ ਪੈਂਦੀ ਹੈ।
ਇਹਨਾਂ ਸਤਰਾਂ ਨਾਲ ਵੱਡੇ ਮਹੱਤਵ ਵਾਲੀ ਇੱਕ ਛੋਟੀ ਜਿਹੀ ਯਾਦਗਾਰ ਦੀ ਗੱਲ ਕੀਤੀ ਜਾ ਰਹੀ ਹੈ। ਭਾਰਤ ਪਾਕਿਸਤਾਨ ਦੀ ਵੰਡ ਕਰਨ ਸਮੇਂ ਖਿੱਚੀ ਗਈ ਰੈੱਡਕਲਿਫ ਰੇਖਾ ਕੋਲ ਸ੍ਰੀ ਅੰਮ੍ਰਿਤਸਰ ਤੋਂ ਕਰੀਬ 32 ਕਿੱਲੋਮੀਟਰ ਅਤੇ ਲਾਹੌਰ ਤੋਂ ਕਰੀਬ 22 ਕਿੱਲੋਮੀਟਰ ਦੂਰੀ ਤੇ ਇੱਕ ਚੈੱਕ ਪੋਸਟ ਬਣਾਈ ਗਈ ਸੀ, ਜਿੱਥੇ ਇੱਕ ਦੂਜੇ ਦੇਸ ਵਿੱਚ ਦਾਖਲ ਹੋਣ ਲਈ ਸੜਕੀ ਤੇ ਰੇਲਵੇ ਰਸਤਾ ਹੈ। ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਦੋਵੇਂ ਹੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੁੱਖ ਸ਼ਹਿਰ ਤੇ ਵਪਾਰਕ ਕੇਂਦਰ ਹਨ, ਜੋ ਇਸ ਸਥਾਨ ਦੇ ਮਹੱਤਵ ‘ਚ ਵਾਧਾ ਕਰਦੇ ਹਨ। ਇਸ ਪੋਸਟ ਦੇ ਪਾਕਿਸਤਾਨ ਵਾਲੇ ਪਾਸੇ ਵਾਘਾ ਪਿੰਡ ਵੱਸਦਾ ਹੋਣ ਕਰਕੇ ਇਸ ਸਥਾਨ ਨੂੰ ਵਾਘਾ ਬਾਰਡਰ ਕਿਹਾ ਜਾਂਦਾ ਰਿਹਾ ਹੈ। ਦੋਵਾਂ ਦੇਸਾਂ ਦੇ ਆਪਸੀ ਸਹਿਯੋਗ ਤੇ ਸ਼ਾਂਤੀ ਵਾਲਾ ਮਾਹੌਲ ਪੈਦਾ ਕਰਨ ਲਈ ਇਸ ਸਥਾਨ ਤੇ 1952 ਵਿੱਚ ਵਾਘਾ ਬਾਰਡਰ ਸਮਾਰੋਹ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ। ਇੱਥੇ ਰੋਜ਼ਾਨਾ ਸ਼ਾਮ ਨੂੰ ਰੀ-ਟਰੀਟ ਸੈਰਾਮਨੀ ਭਾਵ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ, ਜਿਸ ਮੌਕੇ ਦੋਵਾਂ ਦੇਸਾਂ ਦੇ ਜਵਾਨ ਇੱਕ ਸ਼ਾਨਦਾਰ ਪਰੇਡ ਕਰਦੇ ਹਨ। ਇਸ ਸਮਾਗਮ ਨੂੰ ਵੇਖਣ ਲਈ ਰੋਜ਼ਾਨਾ ਦੋਵਾਂ ਦੇਸਾਂ ਦੇ ਹਜ਼ਾਰਾਂ ਦਰਸ਼ਕ ਪਹੁੰਚਦੇ ਹਨ। ਭਾਰਤ ਵਾਲੇ ਪਾਸੇ ਚੜ੍ਹਦੇ ਪੰਜਾਬ ਦਾ ਇੱਕ ਇਤਿਹਾਸਕ ਪਿੰਡ ਅਟਾਰੀ ਵੱਸਦਾ ਹੈ, ਇਸ ਲਈ ਭਾਰਤ ਵੱਲੋਂ ਹੁਣ ਇਸ ਸਥਾਨ ਨੂੰ ਅਟਾਰੀ ਬਾਰਡਰ ਕਿਹਾ ਜਾਂਦਾ ਹੈ।

(ਸ਼ਹੀਦੀ ਸਮਾਰਗ ਦਾ ਨੀਂਹ ਪੱਥਰ)

ਭਾਰਤ ਪਾਕਿ ਵੰਡ ਸਮੇਂ ਸਰਕਾਰੀ ਅੰਕੜਿਆਂ ਅਨੁਸਾਰ ਵੀ ਕਈ ਲੱਖ ਲੋਕਾਂ ਦੇ ਮਾਰੇ ਜਾਣ ਦੇ ਸਬੂਤ ਹਨ, ਪਰ ਗੈਰ ਸਰਕਾਰੀ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ ਦਸ ਲੱਖ ਮੰਨੀ ਜਾਂਦੀ ਹੈ, ਜਿਨ੍ਹਾਂ ਵਿੱਚ ਮਰਦਾਂ ਤੋਂ ਇਲਾਵਾ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਧਰਮ ਦੇ ਆਧਾਰ ਤੇ ਹੋਈ ਇਸ ਵੰਡ ਸਮੇਂ ਹੋਇਆ ਇਹ ਕਤਲੇਆਮ ਦੁਨੀਆ ਭਰ ‘ਚ ਹੋਣ ਵਾਲੇ ਦੇਸ ਵੰਡ ਕਤਲੇਆਮਾਂ ਚੋਂ ਸਭ ਤੋਂ ਵੱਡਾ ਹੈ। ਸੱਤ ਦਹਾਕੇ ਲੰਘ ਜਾਣ ਦੇ ਬਾਵਜੂਦ ਵੀ ਵੰਡ ਦੇ ਜ਼ਖ਼ਮ ਅਜੇ ਭਰੇ ਨਹੀਂ ਜਾ ਸਕੇ। ਇਸ ਕਤਲੇਆਮ ਤੇ ਮਾਰ-ਧਾੜ ਲਈ ਭਾਰਤ ਛੱਡਣ ਵਾਲੀ ਬ੍ਰਿਟਿਸ਼ ਸਰਕਾਰ ਅਤੇ ਸਮੇਂ ਦੇ ਸਿਆਸਤਦਾਨ ਬਰਾਬਰ ਦੇ ਜ਼ੁੰਮੇਵਾਰ ਸਮਝੇ ਜਾਂਦੇ ਹਨ, ਜਦ ਕਿ ਦੋਵਾਂ ਦੇਸਾਂ ਦੇ ਆਮ ਲੋਕ ਨਾ ਉਦੋਂ ਅੱਡ ਹੋਣਾ ਚਾਹੁੰਦੇ ਸਨ ਅਤੇ ਨਾ ਹੀ ਅੱਜ ਉਨ੍ਹਾਂ ਦੇ ਦਿਲਾਂ ਵਿੱਚ ਕੋਈ ਗ਼ੁੱਸਾ ਜਾਂ ਕੁੜੱਤਣ ਹੈ, ਉਹ ਇੱਕ ਦੂਜੇ ਨਾਲ ਮਿਲਵਰਤਨ ਚਾਹੁੰਦੇ ਹਨ।
ਚੜ੍ਹਦੇ ਪੰਜਾਬ ਦੇ ਬੁੱਧੀਜੀਵੀਆਂ ਨੇ ਦੋਵਾਂ ਦੇਸਾਂ ਦੀ ਮਿੱਤਰਤਾ ਵਧਾਉਣ ਤੇ ਅਮਨ ਸ਼ਾਂਤੀ ਦੀ ਬਹਾਲੀ ਲਈ ”ਹਿੰਦ ਪਾਕਿ ਦੋਸਤੀ ਮੰਚ” ਗਠਿਤ ਕੀਤਾ ਅਤੇ ਉਨ੍ਹਾਂ ਫੋਕਲੋਰ ਰਿਸਰਚ ਅਕੈਡਮੀ ਰਜਿ: ਚੰਡੀਗੜ੍ਹ ਦੇ ਸਹਿਯੋਗ ਨਾਲ ਵੰਡ ਸਮੇਂ ਮਾਰੇ ਗਏ ਦਸ ਲੱਖ ਲੋਕਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਅਟਾਰੀ ਬਾਰਡਰ ਉਪਰ ਰੈੱਡਕਲਿਫ ਲਾਈਨ ਤੋਂ ਕੁੱਝ ਮੀਟਰ ਦੂਰ ਭਾਰਤ ਵਾਲੇ ਪਾਸੇ ਇੱਕ ਛੋਟੀ ਜਿਹੀ ਯਾਦਗਾਰ ਸਥਾਪਤ ਕੀਤੀ ਗਈ। ਕਤਲੇਆਮ ਨੂੰ ਯਾਦ ਕਰਾਉਂਦੀ ਤੇ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੀ ਇਸ ਯਾਦਗਾਰ ਉਪਰ ਦੋ ਹੱਥ ਦੋਸਤਾਨਾ ਅੰਦਾਜ਼ ਵਿੱਚ ਦਿਖਾਏ ਗਏ, ਜੋ ਭਾਰਤ ਤੇ ਪਾਕਿਸਤਾਨ ਦੀ ਮਿੱਤਰਤਾ ਦਾ ਪ੍ਰਗਟਾਵਾ ਕਰਦੇ ਸਨ। ਮਹੱਤਵ ਪੱਖੋਂ ਵੱਡੀ ਆਕਾਰ ਪੱਖੋਂ ਛੋਟੀ ਇਸ ਯਾਦਗਾਰ ‘ਸਹੀਦੀ ਸਮਾਰਕ’ ਨੂੰ 31 ਦਸੰਬਰ 1996 ਨੂੰ ਉਘੇ ਕੌਮੀ ਨੇਤਾ ਤੇ ਆਜ਼ਾਦੀ ਘੁਲਾਟੀਏ ਕਾ: ਹਰਕਿਸ਼ਨ ਸਿੰਘ ਸੁਰਜੀਤ ਨੇ ਦੋਵਾਂ ਦੇਸਾਂ ਦੇ ਲੋਕਾਂ ਲਈ ਅਰਪਿਤ ਕੀਤਾ। ਇਸ ਮੌਕੇ ਫੋਕਲੋਰ ਰਿਸਰਚ ਅਕੈਡਮੀ ਰਜਿ: ਦੇ ਪ੍ਰਧਾਨ ਤਾਰਾ ਸਿੰਘ ਸੰਧੂ ਅਤੇ ਰਾਜਾ ਪੋਰਸ ਪੰਜਾਬੀ ਮਿੱਤਰਤਾ ਮੇਲਾ ਜਥੇਬੰਦੀ ਦੇ ਜਨਰਲ ਸਕੱਤਰ ਸ੍ਰੀ ਰਮੇਸ਼ ਯਾਦਵ ਵੀ ਮੌਜੂਦ ਸਨ।
ਇਸ ਸਥਾਨ ਤੇ ਹਰ ਸਾਲ ੧੪ ਅਤੇ ੧੫ ਅਗਸਤ ਦੀ ਦਰਮਿਆਨੀ ਰਾਤ ਨੂੰ ਰਾਜਾ ਪੋਰਸ ਪੰਜਾਬੀ ਮਿੱਤਰਤਾ ਮੇਲਾ ਲਗਾਇਆ ਜਾਂਦਾ ਹੈ। ਚੜ੍ਹਦੇ ਪੰਜਾਬ ਤੇ ਹੋਰ ਰਾਜਾਂ ਤੋਂ ਬੁੱਧੀਜੀਵੀ, ਸਾਹਿੱਤਕਾਰ, ਪੱਤਰਕਾਰ, ਧਾਰਮਿਕ ਤੇ ਸਮਾਜਿਕ ਆਗੂ ਪਹੁੰਚਦੇ ਹਨ। ਇੱਥੇ ਮੋਮਬਤੀਆਂ ਬਾਲ ਕੇ ਦੋਵਾਂ ਦੇਸਾਂ ਦੀ ਮਿੱਤਰਤਾ ਤੇ ਅਮਨ ਸ਼ਾਂਤੀ ਲਈ ਸੁਨੇਹਾ ਦਿੱਤਾ ਜਾਂਦਾ ਹੈ, ਰਾਤ ਭਰ ਗਾਇਕੀ, ਡਰਾਮੇ, ਕਹਾਣੀਆਂ ਕਵਿਤਾਵਾਂ ਆਦਿ ਪੇਸ਼ ਕਰਕੇ ਮਿੱਤਰਤਾ ਵਧਾਉਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ। ਮੇਲੇ ‘ਚ ਲੱਗੇ ਸਪੀਕਰਾਂ ਦੇ ਮੂੰਹ ਪਾਕਿਸਤਾਨ ਵਾਲੇ ਪਾਸੇ ਵੱਲ ਕਰਕੇ ਸਰਹੱਦੋਂ ਪਾਰ ਵਾਘਾ ਪਿੰਡ ਕੋਲ ਇਕੱਤਰ ਹੋਏ ਪਾਕਿਸਤਾਨੀ ਲੋਕਾਂ ਨਾਲ ਪਿਆਰ ਵਧਾਇਆ ਜਾਂਦਾ ਹੈ। ਮੰਗ ਕੀਤੀ ਜਾਂਦੀ ਹੈ ਕਿ ਰਸਤਾ ਖੋਲ੍ਹਿਆ ਜਾਵੇ ਤਾਂ ਜੋ ਦੋਵਾਂ ਦੇਸਾਂ ਦੇ ਲੋਕ ਇੱਧਰ ਉਧਰ ਜਾ ਸਕਣ।
ਸਰਕਾਰ ਵੱਲੋਂ ਇਸ ਚੈੱਕ ਪੋਸਟ ਦਾ ਆਲਾ ਦੁਆਲਾ ਸੁੰਦਰ ਸੋਹਣਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਸੁੰਦਰੀਕਰਨ ਦੇ ਨਾਂ ਹੇਠ ਹੁਣ ਮਾਰੇ ਗਏ ਲੋਕਾਂ ਦੀ ਯਾਦ ‘ਚ ਬਣਾਈ ਸਹੀਦੀ ਸਮਾਰਕ ਨੂੰ ਢਾਹ ਦਿੱਤਾ ਗਿਆ ਹੈ, ਜਿਸ ਕਾਰਨ ਦੋਵਾਂ ਦੇਸਾਂ ਦੇ ਬੁੱਧੀ-ਜੀਵੀ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਆਪਸੀ ਮਿੱਤਰਤਾ ਤੇ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੀ ਸਮਾਰਕ ਨੂੰ ਢਾਹ ਦੇਣਾ ਅਤਿ ਦੁਖਦਾਈ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸਮਾਰਕ ਨੂੰ ਇੱਕ ਪਾਸੇ ਉਸੇ ਰੂਪ ‘ਚ ਦੁਬਾਰਾ ਤਾਮੀਰ ਕਰਵਾਇਆ ਜਾਵੇ।
ਫੋਕਲੋਰ ਰਿਸਰਚ ਅਕੈਡਮੀ ਰਜਿ: ਦੇ ਪ੍ਰਧਾਨ ਸ੍ਰ: ਤਾਰਾ ਸਿੰਘ ਸੰਧੂ ਨੇ ਸਮਾਰਕ ਨੂੰ ਢਾਹੇ ਜਾਣ ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਕੀਤੇ ਜਾਣ ਨਾਲ ਦੋਵਾਂ ਦੇਸਾਂ ਦੇ ਬੁੱਧੀਜੀਵੀਆਂ ਦੇ ਮਨਾਂ ਨੂੰ ਭਾਰੀ ਦੁੱਖ ਪਹੁੰਚਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਖ਼ਤਰਾ ਘੱਟ ਜਾਣ ਤੇ ਉਹ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਹ ਸਮਾਰਕ ਦੀ ਮੁੜ ਉਸਾਰੀ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸੁੰਦਰੀਕਰਨ ਵਿੱਚ ਇਹ ਸਮਾਰਕ ਅੜਿੱਕਾ ਬਣਦੀ ਸੀ, ਤਾਂ ਉਸ ਨੂੰ ਥੋੜ੍ਹਾ ਪਾਸੇ ਕਰਕੇ ਉਸੇ ਹਾਲਤ ਵਿੱਚ ਉਸਾਰਿਆ ਜਾਣਾ ਚਾਹੀਦਾ ਸੀ।
ਇਸ ਸਬੰਧੀ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਸਮਾਰਕ ਨੂੰ ਉਸੇ ਰੂਪ ਵਿੱਚ ਪਾਸੇ ਹਟਵੀਂ ਜਗ੍ਹਾ ਤੇ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਵੀਂ ਉਸਾਰੀ ਜਾਣ ਵਾਲੀ ਯਾਦਗਾਰ ਵਿੱਚ ਪੁਰਾਣੇ ਨੀਂਹ ਪੱਥਰਾਂ ਨੂੰ ਉਸੇ ਰੂਪ ਵਿੱਚ ਲਾਇਆ ਜਾਵੇ ਤਾਂ ਜੋ ਪੁਰਾਣੀ ਯਾਦ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਆਪਸੀ ਪਿਆਰ ਵਧਾਉਣ ਵਿੱਚ ਸਹਾਈ ਹੋਵੇਗੀ ਜੋ ਸਮੇਂ ਦੀ ਲੋੜ ਹੈ।

Install Punjabi Akhbar App

Install
×