ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੀ ਕਰੀਮਾ ਮਹਿਰਾਬ

ਲੋਕਾਂ ਤੇ ਅੱਤਿਆਚਾਰ ਕਰਨ ਵਾਲੇ ਜ਼ਾਲਮਾਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਨ ਹੂਲ ਕੇ ਲੜਾਈ ਲੜਨ ਵਿਚ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ ਹੈ। ਭਾਰਤ ਪਾਕਿਸਤਾਨ ਹੋਵੇ ਜਾਂ ਅਫ਼ਗਾਨਿਸਤਾਨ, ਇੱਥੋਂ ਦੀਆਂ ਔਰਤਾਂ ਨੇ ਅਜਿਹੀ ਜੱਦੋਜਹਿਦ ਕਰਦਿਆਂ ਜਾਨਾਂ ਕੁਰਬਾਨ ਕੀਤੀਆਂ ਹਨ। ਫਰਖੰਦਾ ਮਲਿਕਜ਼ਾਦਾ ਤੇ ਗੌਰੀ ਸ਼ੰਕਰ ਵਰਗੀਆਂ ਮਹਾਨ ਔਰਤਾਂ ਦੇ ਰਾਹ ਤੁਰਦਿਆਂ ਬਲੋਚਿਸਤਾਨ ਦੀ ਇੱਕ ਹੋਰ ਬੀਬੀ ਕਰੀਮਾ ਮਹਿਰਾਬ ਨੇ ਇਸ ਲੜੀ ਨੂੰ ਉਦੋਂ ਹੋਰ ਅੱਗੇ ਵਧਾਇਆ, ਜਦ ਉਸ ਦੀ ਲਾਸ ਕੈਨੇਡਾ ਦੇ ਸ਼ਹਿਰ ਹਰਬੋਰਫਰੰਟ ਦੇ ਨੇੜੇ ਇੱਕ ਝੀਲ ਦੇ ਕਿਨਾਰੇ ਤੋਂ ਮਿਲੀ। ਇਹ ਬਹਾਦਰ ਬੀਬੀ ਸਮਝਦੀ ਸੀ ਕਿ ਉਸ ਨੂੰ ਲੋਕਾਂ ਲਈ ਜਾਨ ਤੋਂ ਹੱਥ ਧੋਣੇ ਹੀ ਪੈਣਗੇ, ਉਸਨੇ ਕੁੱਝ ਸਮਾਂ ਪਹਿਲਾਂ ਮਿਲੀ ਧਮਕੀ ਦਾ ਬੜੀ ਦਲੇਰੀ ਨਾਲ ਜਵਾਬ ਦਿੰਦਿਆਂ ਕਹਿ ਦਿੱਤਾ ਸੀ, ”ਮੈਂ ਖ਼ੁਦ ਇਸ ਮੁਸ਼ਕਲਾਂ ਭਰੇ ਰਾਹ ਨੂੰ ਚੁਣਿਆ ਹੈ, ਇਸ ਲਈ ਮੈਂ ਖ਼ਤਰਿਆਂ ਤੋਂ ਡਰ ਕੇ ਆਪਣਾ ਸੰਘਰਸ਼ ਨਹੀਂ ਛੱਡਾਂਗੀ।”
ਇੱਕ ਸਾਧਾਰਨ ਘਰ ਵਿਚ ਜਨਮੀ ਕਰੀਮਾ ਦਾ ਚਾਚਾ ਤੇ ਮਾਮਾ ਰਾਜਨੀਤੀ ਵਿਚ ਦਿਲਚਸਪੀ ਰੱਖਦੇ ਸਨ, ਜਿਸ ਸਦਕਾ ਕਰੀਮਾ ਨੂੰ ਵੀ ਜਾਗਰੂਕਤਾ ਮਿਲੀ। ਉਹ ਪੜ੍ਹਾਈ ਦੌਰਾਨ ਬਲੋਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਵਿਚ ਸਰਗਰਮ ਹੋ ਗਈ। ਇਹ ਸੰਸਥਾ ਤਿੰਨ ਧੜਿਆਂ ਵਿਚ ਵੰਡੀ ਹੋਈ ਸੀ, ਸਾਲ 2006 ਵਿਚ ਤਿੰਨੇ ਧੜੇ ਇੱਕਜੁੱਟ ਹੋ ਗਏ ਅਤੇ ਜਾਕਿਰ ਮਜੀਦ ਇਸ ਦੇ ਪ੍ਰਧਾਨ ਬਣੇ ਤੇ ਕਰੀਮਾਂ ਕਾਰਜਕਾਰੀ ਮੈਂਬਰ ਬਣ ਗਈ। ਕੁੱਝ ਸਮੇਂ ਬਾਅਦ ਜਾਕਿਰ ਮਜੀਦ ਲਾਪਤਾ ਹੋ ਗਏ ਤਾਂ ਬੀਬੀ ਕਰੀਮਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਾਇਆ ਗਿਆ। ਉਹ ਬਲੋਚਿਸਤਾਨ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੀ ਪਹਿਲੀ ਔਰਤ ਪ੍ਰਧਾਨ ਬਣੀ। ਪਰ ਇਹ ਸਮਾਂ ਅਜਿਹਾ ਸੀ ਕਿ ਇਸ ਜਥੇਬੰਦੀ ਦੇ ਨੇਤਾ ਲਾਪਤਾ ਕੀਤੇ ਜਾ ਰਹੇ ਸਨ ਜਾਂ ਛੁਪ ਕੇ ਕੰਮ ਕਰ ਰਹੇ ਸਨ, ਕਿਉਂਕਿ ਇਹ ਜਥੇਬੰਦੀ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰ ਰਹੀ ਸੀ। 2013 ਵਿਚ ਪਾਕਿਸਤਾਨ ਨੇ ਇਸ ਜਥੇਬੰਦੀ ਤੇ ਪਾਬੰਦੀ ਲਗਾ ਦਿੱਤੀ।
ਬੀਬੀ ਕਰੀਮਾ ਆਰਗੇਨਾਈਜ਼ੇਸ਼ਨ ਵਿਚ ਕੰਮ ਕਰਨ ਦੇ ਨਾਲ ਨਾਲ ਬਲੋਚ ਨੈਸ਼ਨਲ ਮੂਵਮੈਂਟ ਦੀ ਲੀਡਰ ਵੀ ਬਣ ਗਈ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਆਵਾਜ਼ ਬੁਲੰਦ ਕਰਨ ਲੱਗੀ। ਸਾਲ 2005 ਵਿਚ ਹੀ ਆਪਣੀ ਰਿਸ਼ਤੇਦਾਰੀ ਚੋਂ ਭਰਾ ਲਗਦੇ ਇੱਕ ਨੌਜਵਾਨ ਸ਼ਖ਼ਸ ਮਹਿਰਾਮ ਦੇ ਲਾਪਤਾ ਹੋਣ ਤੇ ਉਸਨੇ ਆਵਾਜ਼ ਉਠਾਈ ਅਤੇ ਅਜਿਹੀਆਂ ਘਟਨਾਵਾਂ ਨੂੰ ਇੱਕ ਸਾਜ਼ਿਸ਼ ਕਿਹਾ। ਕਰੀਮਾ ਸਰਕਾਰੀ ਦਹਿਸ਼ਤਗਰਦੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲੱਗੀ ਤੇ ਵਿਰੋਧ ਨੂੰ ਸੜਕਾਂ ਤੇ ਲੈ ਕੇ ਆਈ। ਉਸਨੇ ਔਰਤਾਂ ਨੂੰ ਸੰਘਰਸ਼ ਲਈ ਪ੍ਰੇਰਿਆ ਤੇ ਸੰਘਰਸ਼ਾਂ ਦੀ ਹਿੱਸੇਦਾਰ ਬਣਾਇਆ। ਇਸ ਸਦਕਾ ਉਸ ਦੀ ਬਲੋਚਿਸਤਾਨ ਵਿਚ ਲੋਕਪ੍ਰਿਅਤਾ ਵਧਣ ਲੱਗੀ, ਇਸ ਦੇ ਨਾਲ ਹੀ ਉਹ ਪਾਕਿਸਤਾਨ ਸਰਕਾਰ ਅਤੇ ਫ਼ੌਜ ਦੀਆਂ ਅੱਖਾਂ ਵਿਚ ਰੜਕਣ ਲੱਗ ਪਈ। ਬਲੋਚਿਸਤਾਨ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਉਸਨੇ ਸੰਯੁਕਤ ਰਾਸ਼ਟਰ ਵਿਚ ਵੀ ਆਵਾਜ਼ ਉਠਾਈ।
ਬੀਬੀ ਕਰੀਮਾ ਦੀਆਂ ਗਤੀਵਿਧੀਆਂ ਦੇਖਦਿਆਂ ਪਾਕਿਸਤਾਨ ਵਿਚ ਉਸ ਵਿਰੁੱਧ ਮੁਕੱਦਮੇ ਦਾਇਰ ਕੀਤੇ ਜਾਣ ਲੱਗੇ। ਇਸ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਉਪਰੰਤ ਉਸ ਦੇ ਹੌਸਲੇ ਨੂੰ ਪਸਤ ਕਰਨ ਲਈ ਸਜ਼ਾ ਕਰਦਿਆਂ ਕਿਹਾ, ”ਇੱਕ ਔਰਤ ਹੋਣ ਕਾਰਨ ਤੈਨੂੰ ਸਜ਼ਾ ਘੱਟ ਕੀਤੀ ਜਾ ਰਹੀ ਹੈ।” ਇਹ ਸੁਣਦਿਆਂ ਕਰੀਮਾ ਨੇ ਦਲੇਰੀ ਭਰੀ ਆਵਾਜ਼ ਵਿਚ ਅਦਾਲਤ ਨੂੰ ਜਵਾਬ ਦਿੱਤਾ, ”ਸਜ਼ਾ ਬਰਾਬਰਤਾ ਦੇ ਆਧਾਰ ਤੇ ਹੀ ਹੋਣੀ ਚਾਹੀਦੀ ਹੈ।” ਇਸ ਜਵਾਬ ਤੋਂ ਹੀ ਕਰੀਮਾਂ ਦੀ ਦਲੇਰੀ ਤੇ ਹੌਸਲੇ ਦਾ ਪਤਾ ਲੱਗ ਜਾਂਦਾ ਹੈ। ਉਸਨੇ ਵਿਦਿਆਰਥਣਾਂ ਤੇ ਔਰਤਾਂ ਨੂੰ ਸੰਗਠਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਆਖ਼ਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। 2014 ਵਿਚ ਉਸ ਦੇ ਭਰਾ ਦੀ ਮੌਤ ਉਪਰੰਤ ਇਹ ਧਮਕੀ ਵੀ ਮਿਲੀ ਕਿ ਉਹ ਲੋਕਾਂ ਦੇ ਅਧਿਕਾਰਾਂ ਲਈ ਲੜਨਾ ਛੱਡ ਦੇਵੇ ਨਹੀਂ ਉਸ ਦੇ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ।
ਸਾਲ 2016 ਵਿਚ ਉਸ ਨੂੰ ਦੇਸ਼ ਛੱਡ ਕੇ ਕੈਨੇਡਾ ਜਾਣਾ ਪਿਆ, ਕੈਨੇਡਾ ਦੇ ਸ਼ਹਿਰ ਟਰਾਂਟੋ ਰਹਿੰਦਿਆਂ ਵੀ ਉਸਨੇ ਬਲੋਚਿਸਤਾਨ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਿਆ। ਇਸ ਸਮੇਂ ਬੀ ਬੀ ਸੀ ਵੱਲੋਂ ਕਰਵਾਏ ਇੱਕ ਸਰਵੇਖਣ ‘ਚ ਉਹ ਦੁਨੀਆ ਭਰ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸੌ ਔਰਤਾਂ ਵਿਚ ਚੁਣੀ ਗਈ। 20 ਦਸੰਬਰ ਨੂੰ ਦੁਪਹਿਰ ਬਾਅਦ ਉਹ ਅਚਾਨਕ ਹੀ ਲਾਪਤਾ ਹੋ ਗਈ, 21 ਦਸੰਬਰ ਨੂੰ ਉਸ ਦੀ ਲਾਸ਼ ਹਰਬੋਰਫਰੰਟ ਸ਼ਹਿਰ ਦੇ ਨਜ਼ਦੀਕ ਇੱਕ ਝੀਲ ਕੋਲੋਂ ਮਿਲੀ, ਜਿਸ ਦੀ ਉਸ ਦੇ ਪਤੀ ਹੱਮਾਲ ਹੈਦਰ ਨੇ ਪਛਾਣ ਕੀਤੀ। ਬਲੋਚ ਨੈਸ਼ਨਲ ਮੂਵਮੈਂਟ ਵੱਲੋਂ ਉਸ ਦੀ ਮੌਤ ਤੇ ਚਾਲੀ ਦਿਨ ਦਾ ਸੋਗ ਰੱਖਣ ਦਾ ਐਲਾਨ ਕੀਤਾ ਹੈ। ਬਲੋਚਿਸਤਾਨ ਸਮੇਤ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਲੋਕਾਂ ਵੱਲੋਂ ਇਸ ਘਟਨਾ ਨੂੰ ਸਾਜ਼ਿਸ਼ੀ ਕਤਲ ਕਹਿੰਦਿਆਂ ਡੂੰਘਾਈ ਨਾਲ ਪੜਤਾਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਕੁੱਝ ਸਮਾਂ ਪਹਿਲਾਂ ਮਾਰਚ ਮਹੀਨੇ ਵਿਚ ਵੀ ਇੱਕ ਬਲੋਚ ਸ਼ਰਨਾਰਥੀ ਪੱਤਰਕਾਰ ਸਾਜਿਦ ਹੁਸੈਨ, ਸਵੀਡਨ ਵਿਚ ਲਾਪਤਾ ਹੋ ਗਿਆ ਸੀ, ਜਿਸ ਦੀ ਬਾਅਦ ਵਿਚ ਲਾਸ਼ ਸਵੀਡਨ ਦੇ ਸ਼ਹਿਰ ਅਪਸਲਾ ਕੋਲ ਨਦੀ ਵਿਚੋਂ ਮਿਲ ਗਈ ਸੀ। ਸਾਜਿਦ ਅਤੇ ਕਰੀਮਾ ਦੀ ਮੌਤ ਨੂੰ ਇੱਕੋ ਲੜੀ ਦੇ ਕਤਲ ਮੰਨਿਆ ਜਾ ਰਿਹਾ ਹੈ। ਬੀਬੀ ਕਰੀਮਾ ਦੀ ਮਨੁੱਖੀ ਅਧਿਕਾਰਾਂ ਲਈ ਦਿੱਤੀ ਕੁਰਬਾਨੀ ਨੂੰ ਸਲਾਮ ਹੈ ਅਤੇ ਉਸ ਵੱਲੋਂ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਅੱਗੇ ਵਧਾ ਕੇ ਹੀ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।

Install Punjabi Akhbar App

Install
×