ਆਸਟ੍ਰੇਲੀਆ ਵਿੱਚ ਔਰਤਾਂ ਪ੍ਰਤੀ ਅੰਨਿਆਂ ਖ਼ਿਲਾਫ਼ ਰੈਲੀਆਂ ਸ਼ੁਰੂ, ਪਹਿਲੀ ਰੈਲੀ ਹੋਈ ਪਰਥ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨ ਐਤਵਾਰ ਨੂੰ ਹੋਈ ਪਰਥ ਵਿਚਲੀ ਰੈਲੀ ਜਿਸ ਵਿੱਚ ਕਿ ਹਜ਼ਾਰਾਂ ਔਰਤਾਂ ਨੇ ਆਸਟ੍ਰੇਲੀਆ ਵਿੱਚ ਹੋ ਰਹੇ ਔਰਤਾਂ ਪ੍ਰਤੀ ਗਲਤ ਰਵੱਈਏ ਅਤੇ ਅਤਿਆਚਾਰਾਂ ਖ਼ਿਲਾਫ਼ ਰੈਲੀ ਕੀਤੀ ਅਤੇ ਹੁਣ ਸਮੁੱਚੇ ਦੇਸ਼ ਅੰਦਰ ਹੀ 36 ਮਹੱਤਵਪੂਰਨ ਸਥਾਨਾਂ ਉਪਰ ਅਜਿਹੀਆਂ ਰੈਲੀਆਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਕਿ ਔਰਤਾਂ ਆਪਣੇ ਪ੍ਰਤੀ ਅੰਨਿਆਂ ਅਤੇ ਸਰੀਰਕ ਸ਼ੋਸ਼ਣ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਗੀਆਂ ਅਤੇ ਫੌਰਨ ਨਿਆਂ ਦੀ ਮੰਗ ਕਰਨਗੀਆਂ। ਪਰਥ ਵਿੱਚ ਹੋਈ ਰੈਲੀ ਦੌਰਾਨ ਔਰਤਾਂ ਨੇ ਸਰਕਾਰ ਦੇ ਰਵੱਈਏ ਦੇ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ ਅਤੇ ਕਿਹਾ, ‘ਬਹੁਤ ਹੋ ਗਿਆ ਹੁਣ ਹੋਰ ਨਹੀਂ….’ (Enough is enough) ਅਤੇ ਕਈ ਔਰਤਾਂ ਨੇ ਆਪਣੇ ਉਪਰ ਹੋਏ ਸਰੀਰਕ ਸ਼ੋਸ਼ਣ ਦੀਆਂ ਕਹਾਣੀਆਂ ਨੂੰ ਸਟੇਜ ਉਪਰ ਵੀ ਬਿਆਨ ਕੀਤਾ।
ਇਸ ਮਾਰਚ ਅਤੇ ਪ੍ਰਦਰਸ਼ਨ ਨੂੰ March 4 Justice ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੇ ਬਾਨੀ ਜੈਨਿਨ ਹੈਂਡਰੀ ਹਨ ਅਤੇ ਇਸ ਪ੍ਰਦਰਸ਼ਨ ਨੂੰ ਹਾਲ ਵਿੱਚ ਹੀ ਸਾਹਮਣੇ ਆਏ ਪਾਰਲੀਮੈਂਟ ਅਤੇ ਰਾਜਨੀਤਿਕਾਂ ਨਾਲ ਸਬੰਧਤ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨਾਲ ਪੂਰੀ ਤਰ੍ਹਾਂ ਜੋੜਿਆ ਗਿਆ ਹੈ ਅਤੇ ਬ੍ਰਿਟਨੀ ਹਿਗਿੰਨਜ਼ ਦੇ ਬਿਆਨਾਂ ਅਤੇ ਅਟਾਰਨੀ ਜਨਰਲ ਕ੍ਰਿਸਟਿਅਨ ਪੋਰਟਰ ਉਪਰ ਲੱਗੇ ਇਲਜ਼ਾਮਾਂ ਨੂੰ ਮੁੱਖ ਤੌਰ ਤੇ ਲਿਆ ਗਿਆ ਹੈ। ਇਸ ਬਾਬਤ ਉਨ੍ਹਾਂ ਕਿਹਾ ਕਿ ਇਸ ਮੂਮੈਂਟ ਨੇ ਜ਼ੋਰ ਫੜ੍ਹ ਲਿਆ ਹੈ ਅਤੇ 28,000 ਤੋਂ ਵੀ ਜ਼ਿਆਦਾ ਇਸ ਦੇ ਸਮਰਥਕ ਫੇਸਬੁੱਕ ਉਪਰ ਉਨ੍ਹਾਂ ਦੇ ਨਾਲ ਆ ਚੁਕੇ ਹਨ ਅਤੇ ਹੁਣ ਅਸੀਂ ਸਭ ਮਿਲ ਕੇ ਦੇਸ਼ ਦੀਆਂ ਅਲੱਗ ਅਲੱਗ ਥਾਵਾਂ, ਵੱਡੇ ਸ਼ਹਿਰਾਂ ਅਤੇ ਛੋਟੇ ਕਸਬਿਆਂ ਅੰਦਰ ਵੀ ਅਜਿਹੇ ਪ੍ਰਦਰਸ਼ਨ ਕਰਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਫੈਡਰਲ ਪਾਰਲੀਮੈਂਟ ਦੇ ਹਰ ਇੱਕ ਮੈਂਬਰ ਨੂੰ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਨੂੰ ਕਿਹਾ ਗਿਆ ਹੈ ਪਰੰਤੂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਵਧੀਕ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਨੇ ਅਜਿਹੇ ਪ੍ਰਦਰਸ਼ਨਾਂ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਹਾਲੇ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ….. ਹਾਂ… ਜੇਕਰ ਕੋਈ ਡੈਲੀਗੇਸ਼ਨ ਉਨ੍ਹਾਂ ਨੂੰ ਆ ਕੇ (ਪ੍ਰਦਰਸ਼ਨ ਕਰ ਰਹੇ 4 ਪ੍ਰਮੁੱਖ ਮੈਂਬਰ) ਮਿਲਦੇ ਹਨ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਮਿਲਣਗੇ। ਇਸ ਮੀਟਿੰਗ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਅੰਦਰ, ਅੱਜ ਦੁਪਹਿਰ ਤੋਂ ਬਾਅਦ ਦਾ ਸਮਾਂ ਵੀ ਦਿੱਤਾ ਹੈ।
ਪ੍ਰਦਰਸ਼ਨ ਦੀ ਬਾਨੀ, ਸ੍ਰੀਮਤੀ ਹੈਂਡਰੀ ਦਾ ਕਹਿਣਾ ਹੈ ਕਿ ਉਹ ਹੁਣ ਘਰਾਂ ਤੋਂ ਬਾਹਰ ਆ ਚੁਕੇ ਹਨ ਅਤੇ ਇਸ ਵਾਸਤੇ ਉਹ ਹੁਣ ਪ੍ਰਧਾਨ ਮੰਤਰੀ ਕੋਲ ਨਹੀਂ ਜਾਣਗੇ ਸਗੋਂ ਸਰਕਾਰ ਨੂੰ ਹੀ ਹੁਣ ਉਨ੍ਹਾਂ ਕੋਲ ਆਉਣਾ ਪਵੇਗਾ ਕਿਉਂਕਿ ਹੁਣ ਸਭ ਹੱਦਾਂ ਬੰਨ੍ਹੇ ਟੱਪੇ ਜਾ ਚੁਕੇ ਹਨ ਅਤੇ ਸਰਕਾਰ ਇਸ ਵੱਲ ਕੋਈ ਧਿਆਨ ਹੀ ਨਹੀਂ ਦੇ ਰਹੀ।

Welcome to Punjabi Akhbar

Install Punjabi Akhbar
×
Enable Notifications    OK No thanks