ਮੈਨੁਕਾਓ ਬੱਸ ਅੱਡਾ-ਬਨਾਮ ਰੈਣ ਬਸੇਰਾ

– ਠੰਡ ਦੇ ਮੌਸਮ ‘ਚ ਬੇਘਰਾਂ ਨੂੰ ਰਾਤ 10 ਵਜੇ ਤੋਂ ਸਵੇਰ 7 ਵਜੇ ਤੱਕ ਬੱਸ ਅੱਡੇ ਅੰਦਰ ਸੌਣ ਦੀ ਇਜ਼ਾਜਤ

(ਮੈਨੁਕਾਓ ਬੱਸ ਸਟੇਸ਼ਨ ਦਾ ਇਕ ਬਾਹਰੀ ਦ੍ਰਿਸ਼)
(ਮੈਨੁਕਾਓ ਬੱਸ ਸਟੇਸ਼ਨ ਦਾ ਇਕ ਬਾਹਰੀ ਦ੍ਰਿਸ਼)

ਆਕਲੈਂਡ 24 ਜੁਲਾਈ  (ਹਰਜਿੰਦਰ ਸਿੰਘ ਬਸਿਆਲਾ)-‘ਜਿਸ ਕਾ ਕੋਈ ਨਹੀਂ ਹੋਤਾ ਉਸ ਕਾ ਭਗਵਾਨ ਹੋਤਾ ਹੈ’ ਬਹੁਤ ਵਾਰੀ ਸੁਣਿਆ ਹੋਵੇਗਾ ਪਰ ਇਹ ਭਗਵਾਨ ਵੱਖ-ਵੱਖ ਰੂਪਾਂ ਵਿਚ ਪ੍ਰਗਟ ਹੁੰਦਾ ਹੈ। ਹੁਣ ਸਾਊਥ ਆਕਲੈਂਡ ਦੇ ਵਿਚ ਬੇਘਰ ਲੋਕਾਂ ਨੂੰ ਠੰਡ ਦੇ ਮੌਸਮ ਵਿਚ ਰਾਤ ਗੁਜ਼ਾਰਨ ਲਈ ਮੈਨੁਕਾਓ ਦਾ 49 ਮਿਲੀਅਨ ਡਾਲਰ ਨਾਲ ਬਣਿਆ ਅੱਡਾ ਆਪਣੀ ਬੁੱਕਲ ਦੇ ਵਿਚ ਲੈ ਕੇ ਨਿੱਘੀ ਨੀਂਦ ਦਿਆ ਕਰੇਗਾ। ਮੈਨੁਕਾਓ ਟ੍ਰਾਂਸਪੋਰਟ ਨੇ ਫੈਸਲਾ ਕੀਤਾ ਹੈ ਕਿ ਰਾਤ 10 ਵਜੇ ਤੋਂ ਸਵੇਰ 7 ਵਜੇ ਤੱਕ ਲਗਪਗ 50 ਦੇ ਕਰੀਬ ਬੇਘਰ ਲੋਕ ਇਥੇ ਰਾਤ ਗੁਜ਼ਾਰ ਲਿਆ ਕਰਨਗੇ। ਸੈਲਵੇਸ਼ਨ ਆਰਮੀ ਵੱਲੋਂ ਇਹ ਰਿਪੋਰਟਾਂ ਸਨ ਕਿ ਠੰਡ ਦੇ ਨਾਲ ਪਿਛਲੇ ਸਾਲ ਕੁਝ ਲੋਕ ਮਰ ਗਏ ਸਨ ਜੋ ਕਿ ਬਾਹਰ ਫੁੱਟਪਾਥ, ਪੁੱਲਾਂ ਦੇ ਥੱਲੇ, ਕਾਰ ਪਾਰਕਿੰਗਾਂ ਜਾਂ ਬੱਸ ਸਟਾਪ ਉਤੇ ਸੌਂ ਜਾਂਦੇ ਸਨ। ਸੁਰੱਖਿਆ ਦੇ ਲਈ ਇਥੇ ਪਹਿਲਾਂ ਹੀ ਰਾਤ ਨੂੰ ਮੁਲਾਜ਼ਮ ਰਹਿੰਦੇ ਹਨ। ਅਗਲੇ ਹਫਤੇ ਤੋਂ ਇਹ ਇਕ ਮਹੀਨੇ ਦੇ ਲਈ ਖੋਲ੍ਹਿਆ ਜਾ ਸਕਦਾ ਹੈ। ਮੈਨੁਕਾਓ ਦੇ ਇਕ ਚਰਚ ਵੱਲੋਂ ਵੀ ਅਜਿਹੀ ਸਹੂਲਤ ਦੇਣ ਬਾਰੇ ਵਿਚਾਰ ਚੱਲ ਰਹੀ ਹੈ।

Install Punjabi Akhbar App

Install
×