ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰਾਸਤ ‘ਚ ਮਿਲੀਆਂ ਪੁਰਾਣੀਆਂ ਸਮੱਸਿਆਵਾਂ ਦੇ ਹੱਲ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਯੋਜਨਾਵਾਂ ਦਾ ਨਾਮ ਬਦਲ ਦਿੱਤਾ ਗਿਆ ਹੈ ਜਾਂ ਨਹੀਂ, ਬਲਕਿ ਮੁੱਦਾ ਸਮੱਸਿਆਵਾਂ ਹਨ। ਜਿਨ੍ਹਾਂ ਦੇ ਹੱਲ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸਰਕਾਰਾਂ ਨਹੀਂ, ਜਨਤਾ ਬਣਾਉਂਦੀ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਦਾ ਸਮੱਸਿਆਵਾਂ ਹਨ, ਨਾਮ ਨਹੀਂ। ਸਵੱਛਤਾ ਸਾਡੀ ਇਕ ਸਮੱਸਿਆ ਹੈ। ਸਵੱਛਤਾ ਸਾਡੀ ਮਾਨਸਿਕਤਾ ਨਾਲ ਜੁੜੀ ਹੈ। ਸਵੱਛਤਾ ਅਭਿਆਨ ਉਦਘਾਟਨ ਦਾ ਕੰਮ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਜਾਣਕਾਰੀ ਕਹਿੰਦੀ ਹੈ ਕਿ ਮਨਰੇਗਾ ਬੰਦ ਕਰਨ ਦੀ ਗਲਤੀ ਨਾ ਕੀਤੀ ਜਾਵੇ, ਕਿਉਂਕਿ ਇਹ ਕਾਂਗਰਸ ਸਰਕਾਰਾਂ ਦੀ ਅਸਫਲਤਾ ਦਾ ਇਕ ਜਿਉਂਦਾ-ਜਾਗਦਾ ਉਦਾਹਰਨ ਹੈ ਅਤੇ ਉਹ ਇਸ ਦਾ ਜ਼ੋਰ-ਸ਼ੋਰ ਨਾਲ ਢੋਲ ਵਜਾਉਂਦੇ ਰਹਿਣਗੇ। ਭ੍ਰਿਸ਼ਟਾਚਾਰ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਉਹ ਸਾਰੇ ਮਿਲ ਜਾਣ ਤਾਂ ਭਵਿੱਖ ‘ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਦਾਅਰੇ ‘ਚ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਨਾਲ ਸਮੱਸਿਆਵਾਂ ਦਾ ਹੱਲ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਲੇ ਧਨ ਦੀ ਵਾਪਸੀ ਦੇ ਰਸਤੇ ਤੋਂ ਉਹ ਭਟਕਣ ਜਾਂ ਹਟਣ ਵਾਲੇ ਨਹੀਂ ਹਨ ਅਤੇ ਕੋਈ ਬਚਣ ਵਾਲਾ ਵੀ ਨਹੀਂ ਹੈ ਪਰ ਇਸ ਨੂੰ ਲੈ ਕੇ ਬਦਲੇ ਦੀ ਭਾਵਨਾ ਦਾ ਦੋਸ਼ ਨਾ ਲਗਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਵਿਵਸਥਾ ਦਾ ਸਰਲੀਕਰਨ ਕਰਕੇ ਲਾਲ ਫੀਤਾਸ਼ਾਹੀ ਨੂੰ ਘੱਟ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਬਿਲ ‘ਚ ਕਿਸਾਨਾਂ ਦੇ ਖਿਲਾਫ ਜੇ ਇਕ ਚੀਜ ਹੈ, ਤਾਂ ਉਹ ਉਸ ਨੂੰ ਬਦਲਣਾ ਚਾਹੁੰਦੇ ਹਨ। ਮੋਦੀ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਜ਼ਮੀਨ ਪ੍ਰਾਪਤੀ ਬਿਲ ‘ਚ ਕਮੀਆਂ ਨੂੰ ਦੂਰ ਕੀਤਾ ਜਾਵੇ , ਨਾ ਕਿ ਇਸ ਨੂੰ ਇੱਜ਼ਤ ਦਾ ਸਵਾਲ ਬਣਾਇਆ ਜਾਵੇ।