ਸਿਡਨੀ ਦੇ ਉਤਰੀ ਸਮੁੰਦਰੀ ਕਿਨਾਰਿਆਂ ਦਾ ‘ਗੇਟਵੇਅ’ ਜਾਣਿਆ ਜਾਣ ਵਾਲਾ ਮਾਨਲੀ ਵ੍ਹਾਹਫ਼ ਨੂੰ ਵੇਚਣ ਤੇ ਲਗਾ ਦਿੱਤਾ ਗਿਆ ਹੈ ਅਤੇ ਇਸ ਦੀ ਅਨੁਮਾਨਿਤ ਕੀਮਤ 80 ਮਿਲੀਅਨ ਡਾਲਰਾਂ ਦੀ ਰੱਖੀ ਗਈ ਹੈ।
ਮਾਨਲੀ ਸਮੁੰਦਰੀ ਕਿਨਾਰੇ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਮੰਨਿਆ ਜਾਂਦਾ ਹੈ ਅਤੇ ਇੱਥੇ ਕੁਦਰਤੀ ਨਜ਼ਾਰਿਆਂ ਤੋਂ ਇਲਾਵਾ ਬਹੁਤ ਸਾਰੇ ਮਸ਼ਹੂਰ ਸਥਾਨ ਹਨ ਜਿਨ੍ਹਾਂ ਵਿੱਚ ਕਿ ਬੈਵੇਰੀਅਨ ਕੈਫੇ, ਕੁਈਨ ਚੋਅ, ਐਲ ਕੈਮੀਨੋ, ਸੇਕ, ਦ ਵ੍ਹਾਰਫ਼ ਬਾਰ ਅਤੇ ਹੂਗੋਜ਼ ਆਦਿ ਸ਼ਾਮਿਲ ਹਨ।
ਉਕਤ ਸਥਾਨ ਨੂੰ 1855 ਵਿੱਚ ਤਿਆਰ ਕੀਤਾ ਗਿਆ ਸੀ ਅਤੇ ਇਹ ਉਸ ਸਮੇਂ ਯਾਤਰਾ ਦਾ ਪ੍ਰਮੁੱਖ ਕੇਂਦਰ ਹੁੰਦਾ ਸੀ ਜੋ ਕਿ ਬਾਅਦ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਖਾਣ-ਪੀਣ ਦੇ ਸਾਮਾਨ ਦਾ ਲੁਤਫ਼ ਲਿਆ ਜਾ ਸਕਦਾ ਹੈ ਅਤੇ ਕੁਦਰਤੀ ਨਜ਼ਾਰਿਆਂ ਆਦਿ ਨਾਲ ਭਰਪੂਰ ਮਨੋਰੰਜਨ ਵੀ ਕੀਤਾ ਜਾ ਸਕਦਾ ਹੈ।
ਨਿਊ ਸਾਊਥ ਵੇਲਜ਼ ਦਾ ਪਰਿਵਹਨ ਵਿਭਾਗ ਇਸ ਦੀ ਸਾਰੀ ਸਾਂਭ ਸੰਭਾਲ ਕਰਦਾ ਹੈ ਅਤੇ ਇੱਥੋਂ ਤਕਰੀਬ 2.5 ਮਿਲੀਅਨ ਯਾਤਰੀ ਹਰ ਸਾਲ ਆਵਾਗਮਨ ਕਰਦੇ ਹਨ।
ਨਵੀਂ ਪਲਾਨਿੰਗ ਮੁਤਾਬਿਕ ਹੁਣ ਇੱਥੇ ਖਾਣ-ਪੀਣ ਆਦਿ ਤੋਂ ਇਲਾਵਾ ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਵੀ ਬੜਾਵਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਕਾਰਨ ਇਹ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।
ਇਸ ਖੇਤਰ ਨੂੰ ਖਰੀਦਣ ਵਾਲੇ ਚਾਹਵਾਨ ਅਗਲੇ ਸਾਲ ਦੇ ਮਾਰਚ ਮਹੀਨੇ ਤੱਕ ਇਸ ਉਪਰ ਆਪਣਾ ਨਜ਼ਰੀਆ ਪੇਸ਼ ਕਰ ਸਕਦੇ ਹਨ।