…ਜਦੋਂ ਇਕਲੌਤੇ ਪੁੱਤਰ ਦੇ ਵਿਛੋੜੇ ‘ਚ ਵਗਦੇ ਹੰਝੂਆਂ ਦੇ ਸਾਹਮਣੇ ਸਮੁੰਦਰ ਨੇ ਪਾਈ ਨੀਵੀਂ

NZ PIC 24 Sep-1ਇਥ ਦੇ ਮਿਸ਼ਨ ਬੇਅ ਬੀਚ ਵਿਖੇ ਬੀਤੀ 13 ਮਈ ਨੂੰ 22 ਸਾਲਾ  ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਲਾਸ਼ ਪ੍ਰਾਪਤ ਹੋਈ ਸੀ। ਇਸ ਘਟਨਾ ਨੂੰ ਲੈ ਕੇ ਜਿੱਥੇ ਪੂਰੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦੇ ਵਿਚ ਸੋਗ ਦੀ ਲਹਿਰ ਪਹੁੰਚ ਗਈ ਸੀ, ਉਥੇ ਮਨਜੀਤ ਸਿੰਘ ਦੇ ਪਿਛੇ ਰਹਿੰਦੇ ਮਾਤਾ-ਪਿਤਾ ਸ. ਜੀਤ ਸਿੰਘ ਅਤੇ ਸ੍ਰੀਮਤੀ ਕੁਲਦੀਪ ਕੌਰ ਉਤੇ ਇਹ ਖਬਰ ਬਿਜਲੀ ਬਣ ਕੇ ਡਿੱਗੀ ਸੀ। ਪਿੰਡ ਦਰੜ ਵਾਸੀ ਅਰਬਨ ਅਸਟੇਟ ਕਰਨਾਲ ਰਹਿੰਦੇ ਇਸ ਪਰਿਵਾਰ ਅਤੇ ਮਨਜੀਤ ਸਿੰਘ ਦੀ ਛੋਟੀ 20 ਸਾਲਾ ਭੈਣ ਹਰਮਨਦੀਪ ਕੌਰ ਦੀਆਂ ਅੱਖਾਂ ਦੇ ਵਿਚੋਂ ਹਾਲੇ ਤੱਕ ਹੰਝੂ ਵਗ ਰਹੇ ਹਨ। ਇਕਲੌਤੇ ਪੁੱਤਰ ਦੇ ਮਾਪਿਆਂ ਦਾ ਚੈਨ ਉਸੇ ਦਿਨ ਤੋਂ ਗਾਇਬ ਹੈ ਅਤੇ ਇਕੋ ਗੱਲ ਸਤਾ ਰਹੀ ਹੈ ਕਿ ਇੰਟਰਨੈਸ਼ਨਲ ਕਾਲਜ ਆਫ ਆਕਲੈਂਡ ਦੇ ਵਿਚ ਬਿਜਨਸ ਮੈਨੇਜਮੈਂਟ ‘ਚ ਦੂਜੇ ਸਾਲ ਦੀ ਪੜ੍ਹਾਈ ਵਿਚ ਮੋਹਰੀ ਚੱਲ ਰਿਹਾ ਉਨ੍ਹਾਂ ਦੇ ਬੇਟੇ ਨੂੰ ਕਿਸਨੇ ਮਾਰ ਮੁਕਾਇਆ। ਨਿਊਜ਼ੀਲੈਂਡ ਪੁਲਿਸ ਭਾਵੇਂ ਆਪਣੇ ਵੱਲੋਂ ਲਗਾਤਾਰ ਇਸ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ, ਪਰ ਇਹ ਸਾਰਾ ਕੁਝ ਕਾਫੀ ਨਹੀਂ ਹੈ ਕਿ ਉਸਦੇ ਮਾਪਿਆਂ ਦੇ ਤਪ ਰਹੇ ਮਨ ਨੂੰ ਠੰਢ ਪੈ ਸਕੇ। ਆਪਣੇ ਬੇਟੇ ਦੇ ਮੌਤ ਦੇ ਕਾਰਨਾਂ ਦੀ ਪੜ੍ਹਤਾਲ ਲਈ ਮਨਜੀਤ ਸਿੰਘ ਦੇ ਮਾਪੇ ਬੀਤੇ ਦਿਨੀਂ ਆਕਲੈਂਡ ਆਪਣੇ ਭਤੀਜੇ ਨਵਨੀਤ ਸਿੰਘ ਕੋਲ ਪਹੁੰਚੇ। ਵੱਡਾ ਜਿਗਰਾ ਕਰਕੇ ਇਨ੍ਹਾਂ ਮਾਪਿਆਂ ਨੇ ਪਹਿਲਾਂ ਉਹ ਥਾਂ ਵੇਖੀ ਜਿੱਥੇ ਉਨ੍ਹਾਂ ਦੇ ਲਾਡਲੇ ਪੁੱਤਰ ਦੀ ਦੇਹ ਪੁਲਿਸ ਨੂੰ ਪ੍ਰਾਪਤ ਹੋਈ ਸੀ। ਸਮੰਦਰ ਕੰਢੇ ਉਨ੍ਹਾਂ ਦੀਆਂ ਅੱਖਾਂ ਦੇ ਵਿਚੋਂ ਵੀ ਹੰਝੂਆਂ ਦਾ ਬਣਿਆ ਦਰਿਆ ਜਦੋਂ ਵਗਣ ਲੱਗਾ ਤਾਂ ਉਨਾਂ ਦੇ ਮਨ ਦੀ ਅਵਸਥਾ ਇਹੀ ਅਰਦਾਸ ਕਰ ਰਹੀ ਸੀ ਕਿ ਜਿਸ ਨੇ ਵੀ ਇਹ ਕਾਰਾ ਕੀਤਾ ਉਸਦਾ ਇਸ ਦੁਨੀਆ ਨੂੰ ਜ਼ਰੂਰ ਪਤਾ ਲੱਗੇ ਅਤੇ ਵੱਧ ਤੋਂ ਵਧ ਸਜ਼ਾ ਮਿਲੇ। ਪਰਲ-ਪਰਲ ਕਰਕੇ ਜਦੋਂ ਇਨ੍ਹਾਂ ਦੇ ਹੰਝੂ ਬੀਚ ਕਿਨਾਰੇ ਰੇਤ ਉਤੇ ਡਿੱਗੇ ਤਾਂ ਮਾਨੋ ਦ੍ਰਿਸ਼ ਅਜਿਹਾ ਬਣਿਆ ਕਿ ਸਮੁੰਦਰ ਨੇ ਨੀਂਵੀਂ ਪਾ ਲਈ ਹੋਵੇ।  ਆਪਣੇ ਆਪ ਨੂੰ ਸੰਭਾਲਦਿਆਂ ਕਿਸੇ ਨਾ ਕਿਸੇ ਤਰ੍ਹਾਂ ਮਨ ਨੂੰ ਤਕੜਾ ਕਰਦਿਆਂ ਉਨ੍ਹਾਂ ਉਸ ਥਾਂ ਨੂੰ ਆਖਰੀ ਅਲਵਿਦਾ ਕਹੀ ਜਿੱਥੇ ਉਨ੍ਹਾਂ ਦੇ ਪੁੱਤਰ ਨੇ ਸ਼ਾਇਦ ਆਖਰੀ ਸਾਹ ਲਿਆ ਹੋਵੇਗਾ। ਆਪਣੀ ਜਾਨ ਵਰਗੇ ਪੁੱਤਰ ਨੂੰ ਗਵਾ ਚੁੱਕੇ ਇਨ੍ਹਾਂ ਮਾਪਿਆਂ ਦੀ ਸਿਹਤ ਦੋ ਦਿਨ ਤੱਕ ਖਰਾਬ ਰਹੀ। ਜਦੋਂ ਪੁਲਿਸ ਨਾਲ ਕੋਈ ਤਾਲਮੇਲ ਜਾਂ ਮਿਲਣ ਦਾ ਸਮਾਂ ਤੈਅ ਨਾ ਹੋਇਆ ਤਾਂ ਇਨ੍ਹਾਂ ਨੇ ਇਕ ਵਕੀਲ ਦੇ ਰਾਹੀਂ ਗਲਿਨ ਇਨਸ ਖੇਤਰ ਦੀ ਪੁਲਿਸ ਨਾਲ ਮਿਲਣ ਦਾ ਸਮਾਂ ਬਣਾਇਆ। ਪੁਲਿਸ ਦੇ ਨਾਲ ਹੋਈ ਮੀਟਿੰਗ ਦੇ ਵਿਚ ਭਾਵੇਂ ਉਨ੍ਹਾਂ ਨੂੰ ਹੋ ਰਹੀ ਜਾਂਚ-ਪੜ੍ਹਤਾਲ ਦੀ ਤਸੱਲੀ ਦਿੱਤੀ ਗਈ, ਪਰ ਜਿਸ ਤਰ੍ਹਾਂ ਨਾਲ ਪੰਜ ਮਹੀਨੇ ਬੀਤਣ ਵਾਲੇ ਹਨ ਤੇ ਕੋਈ ਨਤੀਜਾ ਸਾਹਮਣੇ ਨਹੀਂ ਆਇਆ, ਨਿਊਜ਼ੀਲੈਂਡ ਪੁਲਿਸ ਦੀ ਕਾਰਜ-ਕੁਸ਼ਲਤਾ ਉਤੇ ਜਰੂਰ ਸ਼ੱਕ ਪੈਦਾ ਕਰਦਾ ਹੈ। ਮਾਪਿਆਂ ਨੇ ਇਸ ਪੱਤਰਕਾਰ ਨਾਲ ਉਸਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਵਕੀਲ ਦੇ ਰਾਹੀਂ ਮਿਲੇ ਹਨ, ਉਨ੍ਹਾਂ ਨੂੰ ਕੁਝ ਕੁ ਸੀ.ਸੀ.ਟੀ.ਵੀ. ਦੇ ਫੁਟੇਜ ਤਾਂ ਦਿਖਾਏ ਗਏ ਹਨ, ਪਰ ਜਾਂਚ-ਪੜ੍ਹਤਾਲ ਵਾਲੀ ਫਾਈਲ ਨਹੀਂ ਵਿਖਾਈ ਗਈ। ਪੁਲਿਸ ਨੂੰ ਇਸ ਮੀਟਿੰਗ ਦੇ ਵਿਚ ਇਹ ਅਪੀਲ ਕੀਤੀ ਗਈ ਹੈ ਕਿ ਉਹ ਘਟਨਾ ਵਾਲੀ ਰਾਤ ਦੇ ਨਾਲ-ਨਾਲ ਪਿਛਲੇ ਕੁਝ ਦਿਨਾਂ ਦੀਆਂ ਸਰਗਰਮੀਆਂ ਅਤੇ ਫੋਨ ਉਤੇ ਹੋਈਆਂ ਗੱਲਬਾਤਾਂ ਨੂੰ ਟ੍ਰੇਸ ਕਰਕੇ ਇਸਦੀ ਜਾਂਚ ਦਾ ਘੇਰਾ ਵਧਾਇਆ ਜਾਵੇ। ਪੁਲਿਸ ਨੇ ਇਸ ਗੱਲ ਲਈ ਖੇਦ ਵੀ ਜਿਤਾਇਆ ਹੈ ਕਿ ਮਿਸ਼ਨ ਬੇਅ ਵਰਗੇ ਮਸ਼ਹੂਰ ਬੀਚ ਉਤੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਗਾਏ ਗਏ ਹਨ ਜਦ ਕਿ ਉਥੇ ਦੇਰ ਰਾਤ ਤੱਕ ਲੋਕ ਘੁੰਮਦੇ ਫਿਰਦੇ ਹਨ।
ਕਾਲਜ ਸਟਾਫ ਨਾਲ ਵੀ ਕੀਤੀ ਮੀਟਿੰਗ: ਮਨਜੀਤ ਸਿੰਘ ਦੇ ਮਾਪਿਆਂ ਨੇ ਇਸ ਸਾਰੇ ਕੇਸ ਸਬੰਧੀ ਕਾਲਜ ਪ੍ਰਿੰਸੀਪਲ, ਡੀਨ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮੌਤ ਸਬੰਧੀ ਸ਼ੰਕਾ ਕਰਦਿਆਂ ਕਿਹਾ ਮਨਜੀਤ ਸਿੰਘ ਵਰਗਾ ਹੁਸ਼ਿਆਰ ਬੱਚਾ ਜ਼ਰੂਰ ਕਿਸੀ ਦੁਰਘਟਨਾ ਦਾ ਸ਼ਿਕਾਰ ਹੋਇਆ ਹੋਵੇਗਾ, ਉਨ੍ਹਾਂ ਅਨੁਸਾਰ ਉਹ ਨਿਹਾਇਤ ਸ਼ਰੀਫ, ਪੜ੍ਹਾਈ ਵੱਲ ਧਿਆਨ ਦੇਣ ਵਾਲਾ, ਸਭ ਤੋਂ ਪਹਿਲਾਂ ਅਤੇ ਵਧੀਆ ਅਸਾਈਨਮੈਂਟਾਂ ਲਿਖਣ ਵਾਲਾ ਸੀ। ਉਨ੍ਹਾਂ ਕਿਹਾ ਕਿ ਉਹ ਅੱਧੀ ਰਾਤ ਵੇਲੇ ਸਮੁੰਦਰ ਕੰਢੇ ਆਪ ਨਹੀਂ ਗਿਆ ਹੋ ਸਕਦਾ ਜ਼ਰੂਰ ਇਸ ਪਿੱਛੇ ਕੋਈ ਘਟਨਾ ਨੂੰ ਅੰਜਾਮ ਦੇਣ ਵਾਲਾ ਹੈ। ਉਨ੍ਹਾਂ ਪੁਲਿਸ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕਾਲਜ ਵੱਲੋਂ ਕੀਤੀ ਗਈ ਇਸ ਕੇਸ ਵਿਚ ਮਦਦ ਅਤੇ ਉਨ੍ਹਾਂ ਦੇ ਪੁੱਤਰ ਦੇ ਪੜ੍ਹਾਈ ਵਿਚ ਅੱਵਲ ਚੱਲਣ ਦੀਆਂ ਗੱਲਾਂ ਤੋਂ ਉਸਦੇ ਮਾਪਿਆਂ ਨੂੰ ਬਹੁਤ ਮਾਣ ਮਹਿਸੂਸ ਹੋਇਆ। ਭਾਵੇਂ ਅੱਜ ਉਨ੍ਹਾਂ ਦਾ ਪੁੱਤਰ ਇਸ ਦੁਨੀਆ ਵਿਚ ਨਹੀਂ ਰਿਹਾ ਪਰ ਕਾਲਜ ਦੇ ਵਿਚ ਹਮੇਸ਼ਾਂ ਉਸਨੂੰ ਯਾਦ ਰੱਖਿਆ ਜਾਵੇਗਾ। ਕਾਲਜ ਵੱਲੋਂ ਮਨਜੀਤ ਸਿੰਘ ਦੀ ਮੌਤ ਉਪਰੰਤ ਸ਼ੋਕ ਸੰਦੇਸ਼ਾਂ ਨਾਲ ਭਰਿਆ ਇਕ ਵੱਡਾ ਪੋਸਟਰ ਵੀ ਮਾਪਿਆਂ ਨੂੰ ਦਿੱਤਾ ਜਿੱਸ ਉਤੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਦਸਤਖਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਸੀ ਤੇ ਉਸਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ: ਮਨਜੀਤ ਸਿੰਘ ਦੇ ਮਾਪਿਆਂ ਨੇ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਅਤੇ ਇਸ ਸਾਰੀ ਘਟਨਾ ਦੇ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਅਗਲੇ ਹਫਤੇ ਵਾਪਿਸ ਮੁੜ ਜਾਣਗੇ ਪਰ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਕਾਰਨ ਉਹ ਜਰੂਰ ਪਤਾ ਕਰਵਾਉਣ ਵਿਚ ਮਦਦ ਕਰਨ। ਉਹ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੇ ਇਸ ਗੱਲ ਲਈ ਰਿਣੀ ਰਹਿਣਗੇ।

Install Punjabi Akhbar App

Install
×