ਕੇਂਦਰ ਸਰਕਾਰ ਦੇ ਜੀਐਨਐਮ ਕੋਰਸ ਬੰਦ ਨਾ ਕਰਨ ਦੇ ਫੈਸਲੇ ਨੇ ਕਾਲਜਾਂ ਨੂੰ ਦਿੱਤੀ ਰਾਹਤ: ਡਾ. ਢਿੱਲੋਂ

‘ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਵਲੋਂ ਕੇਂਦਰ ਸਰਕਾਰ ਦਾ ਕੀਤਾ ਗਿਆ ਧੰਨਵਾਦ’

ਫਰੀਦਕੋਟ:- ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਕੇਂਦਰ ਸਰਕਾਰ ਵਲੋਂ ਜਨਰਲ ਨਰਸਿੰਗ ਅਤੇ ਮਿਡਵਾਈਫਰੀ ਜੀਐੱਨਐੱਮ ਦਾ ਕੋਰਸ ਬੰਦ ਨਾ ਕਰਨ ਦੇ ਫੈਸਲੇ ਨਾਲ ਜੀਐਨਐਮ ਕਰਵਾਉਣ ਵਾਲੇ ਨਰਸਿੰਗ ਕਾਲਜਾਂ ਨੂੰ ਬਹੁਤ ਰਾਹਤ ਮਿਲੀ ਹੈ। ਪੰਜਾਬ ‘ਚ ਕੋਰੋਨਾ ਮਹਾਂਮਾਰੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਨਰਸਿੰਗ ਕਾਲਜ ਪ੍ਰਬੰਧਕਾਂ/ਮਾਲਕਾਂ ਅਤੇ ਨਰਸਿੰਗ ਕਾਲਜ ਐਸੋਸੀਏਸ਼ਨ ਪੰਜਾਬ ਨੇ ਉਕਤ ਫੈਸਲੇ ਦਾ ਸੁਆਗਤ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਇੰਡੀਅਨ ਨਰਸਿੰਗ ਕੋਂਸਲ ਨੇ ਜੀਐਨਅੇੈਮ ਨੂੰ ਬੰਦ ਕਰਨ ਦਾ ਫੈਸਲਾ ਕਰਦਿਆਂ ਸਮੂਹ ਕਾਲਜਾਂ ਨੂੰ ਇਸ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਹਰ ਸਾਲ ਲਗਭਗ ਡੇਢ ਲੱਖ ਵਿਦਿਆਰਥੀ ਜੋ ਕਾਮਰਸ ਅਤੇ ਆਰਟਸ ਵਿਸ਼ੇ ਦੇ ਹੁੰਦੇ ਹਨ ਉਹ ਜੀਐਨਐਮ ਰਾਹੀਂ ਹੈਲਥ ਵਿਸ਼ੇ ‘ਚ ਆ ਸਕਦੇ ਹਨ। ਉਨਾਂ ਆਖਿਆ ਕਿ ਤਿੰਨ ਸਾਲ ਦੇ ਉਕਤ ਕੋਰਸ ਲਈ ਦੇਸ਼ ਭਰ ‘ਚ 3,000 ਤੋਂ ਜਿਆਦਾ ਕਾਲਜ ਹਨ। ਡਾ ਢਿੱਲੋਂ ਮੁਤਾਬਿਕ ਕੋਰੋਨਾ ਦੀ ਮਹਾਂਮਾਰੀ ‘ਚ ਨਰਸਿੰਗ ਸਟਾਫ ਨੇ ਕੋਰੋਨਾ ਵਰੀਅਰਜ਼ ਦੇ ਤੌਰ ‘ਤੇ ਕੰਮ ਕੀਤਾ ਹੈ ਅਤੇ ਕੋਰੋਨਾ ਨਾਲ ਲੜਾਈ ‘ਚ ਸਰਕਾਰ ਦੀ ਭਰਪੂਰ ਮੱਦਦ ਕੀਤੀ ਹੈ। ਡਾ ਢਿੱਲੋਂ ਨੇ ਆਖਿਆ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣ ਵਾਲੇ ਵਿਦਿਆਰਥੀ/ਵਿਦਿਆਰਥਣਾ 30 ਤੋਂ 35 ਲੱਖ ਰੁਪਏ ਦਾ ਖਰਚਾ ਕਰਕੇ ਜਾਂਦੇ ਸਨ ਪਰ ਹੁਣ ਨਰਸਿੰਗ ਦਾ ਕੋਰਸ ਕਰਨ ਉਪਰੰਤ ਵਿਦੇਸ਼ ਜਾਣ ਵਾਲੇ ਬੱਚਿਆਂ ਦਾ 3 ਤੋਂ 5 ਲੱਖ ਰੁਪਏ ਹੀ ਖਰਚਾ ਆਉਂਦਾ ਹੈ ਜਦਕਿ ਵਿਦੇਸ਼ ‘ਚ ਨਰਸਿੰਗ ਦੀਆਂ ਡਿਗਰੀਆਂ ਪ੍ਰਾਪਤ ਵਿਦਿਆਰਥੀ 4 ਤੋਂ 5 ਗੁਣਾ ਕਮਾਈ ਵੀ ਜਿਆਦਾ ਕਰਨ ਦੇ ਸਮਰੱਥ ਹੋ ਜਾਂਦੇ ਹਨ। ਉਨਾਂ ਐਸੋਸੀਏਸ਼ਨ ਵਲੋਂ ਕੇਂਦਰ ਸਰਕਾਰ ਦੇ ਪਰਿਵਾਰ ਕਲਿਆਣ ਮੰਤਰਾਲੇ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਮੇਂ ਸਿਰ ਲਏ ਉਕਤ ਫੈਸਲੇ ਨਾਲ ਨਰਸਿੰਗ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਰਾਹਤ ਮਿਲਣੀ ਸੁਭਾਵਿਕ ਹੈ।

Install Punjabi Akhbar App

Install
×