ਸਾਹਿਤ ਸਭਾ ਦੀ ਮੀਟਿੰਗ ‘ਚ ਮਨਜੀਤ ਬਠਿੰਡਾ ਦਾ ਰੂਬਰੂ ਤੇ ਰਚਨਾਵਾਂ ਦਾ ਚੱਲਿਆ ਦੌਰ

ਬਠਿੰਡਾ– ਪੰਜਾਬੀ ਸਾਹਿਤ ਸਭਾ ਬਠਿੰਡਾ ਰਜਿ: ਦੀ ਸਾਹਿਤਕ ਮੀਟਿੰਗ ਸਥਾਨਕ ਟੀਚਰਜ ਹੋਮ ਵਿਖੇ ਸਭਾ ਦੇ ਪ੍ਰਧਾਨ ੍ਰਸ੍ਰੀ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪ੍ਰਸਿੱਧ ਕਵੀ ਤੇ ਫਿਲਮਕਾਰ ਦਰਸਨ ਦਰਵੇਸ ਦੀ ਬੇਵਕਤੀ ਮੌਤ ਤੇ ਮੋਨ ਧਾਰਨ ਕਰਕੇ ਉਹਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਇੱਕ ਮਤਾ ਪਾਸ ਕਰਕੇ ਮਜਦੂਰ ਕਾਰਕੁੰਨ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਇਸ ਉਪਰੰਤ ਰਚਨਾਵਾਂ ਦੇ ਦੌਰ ਦਾ ਆਗਾਜ ਕੀਤਾ ਗਿਆ। ਸਭ ਤੋਂ ਪਹਿਲਾਂ ਸ੍ਰੀ ਮਨਜੀਤ ਬਠਿੰਡਾ ਨਾਲ ਰੂਬਰੂ ਹੋਇਆ, ਉਹਨਾਂ ਆਪਣੇ ਬਚਪਨ ਤੇ ਪਰਿਵਾਰ ਬਾਰੇ ਵਿਸਥਾਰ ਪੂਰਵਕ ਗੱਲ ਕਰਦਿਆਂ ਕਿਹਾ ਕਿ ਪਰਿਵਾਰ ਦਾ ਕਮਿਊਨਿਸਟ ਪਿਛੋਕੜ ਹੋਣ ਸਦਕਾ ਉਹਨਾਂ ਦੇ ਜੀਵਨ ਤੇ ਸੁੱਚੀਆਂ ਕਦਰਾਂ ਕੀਮਤਾਂ ਦਾ ਵਧੇਰੇ ਪ੍ਰਭਾਵ ਹੈ। ਉਹਨਾਂ ਦੱਸਿਆ ਕਿ ਪੜ੍ਹਾਈ ਉਪਰੰਤ ਪਿਤਾ ਪੁਰਖੀ ਅਸਲਾ ਮੁਰੰਮਤ ਦਾ ਕੰਮ ਸੁਰੂ ਕੀਤਾ ਗਿਆ ਅਤੇ ਨਾਲ ਨਾਲ ਕਲਾਸਿਕ ਸਾਹਿਤ ਪੜ੍ਹਿਆ ਤੇ ਸੱਚ ਤੇ ਲੋਕ ਹਿਤਾਂ ਦਾ ਸਾਹਿਤ ਰਚਨ ਲਈ ਕਲਮ ਨੂੰ ਆਪਣਾ ਹਥਿਆਰ ਬਣਾਇਆ। ਉਹਨਾਂ ਭਾਵੇਂ ਗ਼ਜ਼ਲ, ਕਵਿਤਾ ਤੇ ਕਹਾਣੀ ਤੇ ਕਲਮ ਅਜਮਾਈ ਕੀਤੀ, ਪਰ ਉਹਨਾਂਦਾ ਕਹਿਣਾ ਹੈ ਕਿ ਕਹਾਣੀ ਲਿਖ ਕੇ ਉਹਨਾਂ ਨੂੰ ਵਧੇਰੇ ਸੰਤੁਸਟੀ ਮਿਲਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਕਹਾਣੀ ਸੰਗ੍ਰਹਿ ‘ਪਾਣੀਆਂ ਦੇ ਰੰਗ’ ਅਤੇ ਗ਼ਜ਼ਲ ਸੰਗ੍ਰਹਿ ‘ਕਾਲੇ ਹਾਸ਼ੀਏ’ ਤੇ ‘ਕਥਾ ਕੱਟੇ ਅੰਗੂਠੇ’ ਛਪ ਚੁੱਕੇ ਹਨ। ਉਹਨਾਂ ਦੱਸਿਆ ਕਿ ਉਹਨਾਂ ਉਸਤਾਦ ਚਾਨਣ ਗੋਬਿੰਦਪੁਰੀ ਤੋਂ ਗ਼ਜ਼ਲ ਦੇ ਗੁਣ ਹਾਸਲ ਕੀਤੇ ਅਤੇ ਪੜ੍ਹਣ ਨਾਲ ਵੀ ਉਹਨਾਂ ਨੂੰ ਰਚਨਾ ਸਬੰਧੀ ਵੱਡੀ ਜਾਣਕਾਰੀ ਹਾਸਲ ਹੋਈ। ਉਹਨਾਂ ਆਪਣੀਆਂ ਗ਼ਜ਼ਲਾਂ ਵੀ ਸਰੋਤਿਆਂ ਦੇ ਰੂਬਰੂ ਪੇਸ਼ ਕੀਤੀਆਂ।
ਇਸ ਉਪਰੰਤ ਆਜ਼ਾਜਬੀਰ ਨੇ ਕਹਾਣੀ ‘ਹਥੇਲੀ ਤੇ ਰੱਖਿਆ ਸੂਰਜ’ ਪੜ੍ਹੀ, ਅਮਨ ਦਾਤੇਵਾਸੀਆ ਨੇ ਤਰੰਨਮ ਵਿੱਚ ਗ਼ਜ਼ਲ ‘ਪਹੁੰਚਿਆ ਦਿੱਲੀਏ ਦਰ ਤੇਰੇ ਕਾਫ਼ਲਾ’ ਪੇਸ਼ ਕੀਤੀ। ਸੇਵਕ ਸਿੰਘ ਸਮੀਰੀਆ ਨੇ ਸਮਾਜਿਕ ਸਰੋਕਾਰਾਂ ਅਤੇ ਰਾਜਨੀਤਕ ਵਰਤਾਰਿਆਂ ਸਬੰਧੀ ਕਾਵਿ ਵਿਅੰਗ ਸੁਣਾਏ। ਬਲਵਿੰਦਰ ਸਿੰਘ ਭੁੱਲਰ ਨੇ ਅੰਧ ਵਿਸਵਾਸਾਂ ਤੇ ਕਟਾਕਸ ਕਰਦੀ ਕਵਿਤਾ ‘ਆ ਨੀ ਭੈਣੇ ਡੇਰੇ ਚੱਲੀਏ’ ਰਾਹੀਂ ਡੇਰਾਵਾਦ ਦਾ ਖੰਡਨ ਕਰਦੀ ਕਵਿਤਾ ਪੇਸ਼ ਕੀਤੀ। ਲੀਲਾ ਸਿੰਘ ਰਾਏ ਨੇ ‘ਉੱਠ ਤੂੰ ਲੋਕਾਂ ਸੁੱਤਿਆ ਜਾਗਣ ਦਾ ਵੇਲਾ’ ਸੁਣਾ ਕੇ ਮਨਾਂ ਨੂੰ ਟੁੰਬਿਆ, ਲਾਲ ਚੰਦ ਸਿੰਘ ਨੇ ਕਵਿਤਾ, ਕੰਵਲਜੀਤ ਸਿੰਘ ਕੁਟੀ ਨੇ ਕਿਸਾਨ ਸੰਘਰਸ ਦੀ ਬਾਤ ਪਾਉਂਦੀ ਗ਼ਜ਼ਲ ‘ਪਿਓ ਦਾਦੇ ਦੇ ਖੇਤਾਂ ਵਿੱਚ ਸੀਰੀ ਅਖਵਾਉਦਾ ਔਖਾ ਲਗਦੈ’ ਸੁਣਾਈ। ਜਸਪਾਲ ਮਾਨਖੜਾ ਨੇ ਕਾਵਿ ਕਥਾ ਰਾਹੀਂ ਕਿਸਾਨਾਂ ਦੇ ਸੰਘਰਸ਼ ਤੇ ਝਾਤ ਪਵਾਈ, ਦਿਲਬਾਗ ਸਿੰਘ ਤੇ ਲਛਮਣ ਮਲੂਕਾ ਨੇ ਕਵਿਤਾ ਪੇਸ਼ ਕੀਤੀ। ਨਾਟਕਕਾਰ ਕੀਰਤੀ ਕਿਰਪਾਲ ਨੇ ਉਚੇਚੇ ਤੌਰ ਤੇ ਹਾਜਰੀ ਲਵਾਈ।
ਪੜ੍ਹੀਆਂ ਰਚਨਾਵਾਂ ਤੇ ਚਰਚਾ ਕਰਦਿਆਂ ਰਣਜੀਤ ਗੌਰਵ, ਲਛਮਣ ਮਲੂਕਾ ਤੇ ਜਸਪਾਲ ਮਾਨਖੇੜਾ ਨੇ ਕਿਹਾ ਕਿ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚ ਸਮਾਜਿਕ ਸਰੋਕਾਰਾਂ ਨਾਲ ਜੁੜੇ ਵਿਸ਼ਿਆਂ ਨੂੰ ਆਧਾਰ ਬਣਾਇਆ ਜਾਂਦਾ ਹੈ, ਪਰ ਕਹਾਣੀ ਲੇਖਕ ਕਈ ਵਾਰ ਸਮਾਜਿਕ ਸਰੋਕਾਰਾਂ ਦੀ ਥਾਂ ਾਰੁਮਾਂਟਿਕ ਲਿਖਤ ਵੱਲ ਰੁਚਿਤ ਹੋ ਜਾਂਦੇ ਹਨ। ਮੀਟਿੰਗ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਜੇ ਸੀ ਪਰੰਦਾ ਨੇ ਵਿਚਾਰ ਪੇਸ਼ ਕਰਦਿਆਂ ਸਾਰੇ ਲੇਖਕਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਅਜੋਕੇ ਕਿਸਾਨ ਘੋਲ ਦੀ ਹਮਾਇਤ ਵਿੱਚ ਰਚਨਾ ਕਰਕੇ ਲੋਕ ਪੱਖੀ ਲੇਖਕ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸੰਘਰਸ ਨੇ ਫਾਸ਼ੀਵਾਦ ਦਾ ਚਿਹਰਾ ਨੰਗਾ ਕੀਤਾ ਹੈ ਅਤੇ ਭਾਈਚਾਰਕ ਸਾਂਝ ਨੂੰ ਬਲ ਬਖਸਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ ਲੱਚਰ ਗਾਇਕੀ ਨੂੰ ਮੋੜਾ ਪਿਆ ਹੈ। ਸਭਾ ਦੇ ਜਨਰਲ ਸਕੱਤਰ ਸ੍ਰੀ ਰਣਬੀਰ ਰਾਣਾ ਨੇ ਮੀਟਿੰਗ ਦੀ ਕਾਰਵਾਈ ਬਾਖੂਬੀ ਚਲਾਈ ਅਤੇ ਸਭਨਾਂ ਦਾ ਧੰਨਵਾਦ ਕੀਤਾ।
   
   

Install Punjabi Akhbar App

Install
×