ਕਿਸਾਨੀ ਸੰਘਰਸ਼ ’ਚ ਪਾਏ ਯੋਗਦਾਨ ਲਈ ਮਨਜਿੰਦਰ ਸਿਰਸਾ ਤੇ ਰਣਜੀਤ ਨਵਾਂਸ਼ਹਿਰ ਦਾ ਗੋਲਡ ਮੈਡਲ ਨਾਲ ਹੋਵੇਗਾ ਸਨਮਾਨ

ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਸਿਨਸਿਨਾਟੀ ਓਹਾਇਓ ਯੂ.ਐੱਸ.ਏ. ਵਲੋਂ ਕੀਤਾ ਗਿਆ ਐਲਾਨ

ਕੈਲੀਫੋਰਨੀਆ -ਮਿਡਵੈਸਟ ਅਮਰੀਕਾ ਦੇ ਸਭ ਤੋਂ ਵੱਡੇ ਕਲੱਬ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਸਿਨਸਿਨਾਟੀ ਓਹਾਇਓ (ਯੂ.ਐੱਸ.ਏ.) ਦੇ ਸਮੂੰਹ ਆਗੂਆਂ ਦੀ ਭਰਵੀਂ ਮੀਟਿੰਗ ਸਿਨਸਿਨਾਟੀ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਇਹ ਕਲੱਬ ਕਿਸਾਨੀ ਸੰਘਰਸ਼ ਅਤੇ ਕਿਸਾਨੀ ਮੰਗਾਂ ਨਾਲ ਡੱਟ ਕੇ ਖੜ੍ਹਾ ਹੈ ਅਤੇ ਭਵਿੱਖ ਵਿਚ ਵੀ ਖੜ੍ਹਾ ਰਹੇਗਾ। ਕਲੱਬ ਵਲੋਂ ਕਿਸਾਨੀ ਸੰਘਰਸ਼ ’ਚ ਯੋਗਦਾਨ ਪਾਉਣ ਲਈ ਸ. ਮਨਜਿੰਦਰ ਸਿੰਘ ਸਿਰਸਾ ਤੇ ਸ. ਰਣਜੀਤ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਸਬੰਧੀ ਕਲੱਬ ਦੇ ਸੀਨੀਅਰ ਪ੍ਰਬੰਧਕ ਸ. ਸੁਰਜੀਤ ਸਿੰਘ ਮਾਵੀ ਅਤੇ ਕਲੱਬ ਦੇ ਲੀਗਲ ਐਡਵਾਇਜ਼ਰ ਉਘੇ ਇੰਮੀਗ੍ਰੇਸ਼ਨ ਦੇ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਫੜ੍ਹੇ ਵੱਖ-ਵੱਖ ਕਿਸਾਨਾਂ ਨੂੰ ਭਾਰਤ ਦੀਆਂ ਜੇਲ੍ਹਾਂ ’ਚੋਂ ਛਡਵਾਉਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਸ: ਮਨਜਿੰਦਰ ਸਿੰਘ ਸਿਰਸਾ ਦੀਆਂ ਸੇਵਾਵਾਂ ਨੂੰ ਅੱਜ ਪੂਰਾ ਵਿਸ਼ਵ ਸਲਾਹ ਰਿਹਾ ਹੈ। ਉਨ੍ਹਾਂ ਵਲੋਂ ਕਿਸਾਨੀ ਸੰਘਰਸ਼ ’ਚ ਤਨਦੇਹੀ ਨਾਲ ਪਾਏ ਯੋਗਦਾਨ ਲਈ ਕਲੱਬ ਨੇ ਸ. ਸਿਰਸਾ ਤੇ ਭਾਈ ਰਣਜੀਤ ਸਿੰਘ ਨਵਾਂਸ਼ਹਿਰ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸ. ਸਿਰਸਾ ਤੇ ਸ. ਰਣਜੀਤ ਸਿੰਘ ਦੇ ਪਾਏ ਜਾ ਰਹੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸ: ਮਨਜਿੰਦਰ ਸਿੰਘ ਸਿਰਸਾ ਨੂੰ ਭਾਰੀ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਐਗਜ਼ੈਕਟਿਵ ਮੈਂਬਰ ਅਮਰਜੀਤ ਸਿੰਘ ਤੱਖਰ, ਸੁਰਜੀਤ ਸਿੰਘ ਮਾਵੀ, ਪਵਨਦੀਪ, ਚਰਨਜੀਤ ਸਿੰਘ ਬਰਾੜ, ਅਮਰੀਕ ਸਿੰਘ ਟਿਵਾਣਾ, ਅਮਰਜੀਤ ਅਗਰਵਾਲ, ਪਰਮਿੰਦਰ ਸਿੰਘ ਤੱਖਰ, ਬੌਬੀ ਸਿੰਘ ਸਿੱਧੂ, ਗੁਰਮਿੰਦਰ ਸਿੰਘ ਕਲੇਰ, ਜਗਤਾਰ ਸਿੰਘ ਫਾਟੂੰ, ਪ੍ਰੀਤਮਪਾਲ ਸਿੰਘ, ਐਡਵਾਇਜ਼ਰੀ ਕਮੇਟੀ ਮੈਂਬਰ ਵਿਚ ਸ. ਹਰਿੰਦਰ ਸਿੰਘ ਕੰਗ, ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Install Punjabi Akhbar App

Install
×