‘ਮੰਜੇ ਬਿਸਤਰੇ 2’ ਦੀ ਅਡਵਾਂਸ ਬੁਕਿੰਗ ਹੋਈ ਸ਼ੁਰੂ, 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ 

manje bistre

ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਮੰਨੀ ਜਾ ਰਹੀ ‘ਮੰਜੇ ਬਿਸਤਰੇ 2’ ਦੀ ਅਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਦਰਸ਼ਕ ਅੱਜ ਤੋਂ ਹੀ ਇਸ ਫ਼ਿਲਮ ਦੀਆਂ ਟਿਕਟਾਂ ਖ਼ਰੀਦ ਸਕਣਗੇ। ਸਿਨੇਮਘਰਾਂ ਵਿੱਚ ਇਹ ਅਡਵਾਂਸ ਬੁਕਿੰਗ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਦੇਖਕੇ ਸ਼ੁਰੂ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਇਹ ਫ਼ਿਲਮ 12 ਅਪ੍ਰੈਲ ਨੂੰ ਦੁਨੀਆਂ ਭਰ ‘ਚ ਇਕ ਸਮੇਂ ਰਿਲੀਜ਼ ਹੋ ਰਹੀ ਹੈ। ਗਿੱਪੀ ਗਰੇਵਾਲ, ਸਿੰਮੀ ਚਾਹਲ ਅਤੇ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਨਿਸ਼ਾ ਬਾਨੋ, ਰਘਬੀਰ ਬੋਲੀ ਅਤੇ ਜੱਗੀ ਸਿੰਘ ਸਮੇਤ ਕਈ ਹੋਰ ਚਿਹਰਿਆਂ ਨਾਲ ਸਜੀ ਇਸ ਫ਼ਿਲਮ ਨੂੰ ਬਲਜੀਤ ਸਿੰਘ ਜੌਹਲ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਗਿੱਪੀ ਗਰੇਵਾਲ ਨੇ ਖ਼ੁਦ ਲਿਖਿਆ ਹੈ। ਜਦਕਿ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਹ ਫ਼ਿਲਮ ਸਾਲ 2017 ਵਿੱਚ ਆਈ ‘ਮੰਜੇ ਬਿਸਤਰੇ 1’ ਦੀ ਸੀਕੁਅਲ ਹੈ। ਇਸ ਫ਼ਿਲਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਸੀ।

manje bistre am

ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਦਿੱਤਾ ਗਿਆ ਪਿਆਰ ਦੇਖ ਕੇ ਹੀ ਇਸ ਦਾ ਸੀਕੁਅਲ ਤਿਆਰ ਕੀਤਾ ਗਿਆ ਹੈ। ‘ਮੰਜੇ ਬਿਸਤਰੇ 2’ ਦਾ ਕੁਝ ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਹਰ ਪਾਸਿਓਂ ਮਣਾਂ ਮੂੰਹੀ ਪਿਆਰ ਮਿਲ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਫ਼ਿਲਮ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੂੰ ਦੇਖਦਿਆਂ ਹੀ ਇਸ ਦੀ ਅਡਵਾਂਸ ਬੁਕਿੰਗ ਸ਼ੁਰੂ ਕੀਤੀ ਗਈ ਹੈ। ਇਹ ਵੀ ਦੱਸ ਦਈਏ ਕਿ ਇਸ ਵੇਲੇ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਫ਼ਿਲਮ ਜ਼ਰੂਰ ਰਿਲੀਜ਼ ਹੋ ਰਹੀ ਹੈ। ਕੁਝ ਹਫ਼ਤਿਆਂ ਵਿੱਚ ਤਾਂ ਦੋ ਦੋ ਪੰਜਾਬੀ ਫ਼ਿਲਮਾਂ ਇੱਕਠੀਆਂ ਵੀ ਰਿਲੀਜ਼ ਹੋ ਰਹੀਆਂ ਹਨ। ਪਰ ਮੰਜੇ ਬਿਸਤਰੇ ਪ੍ਰਤੀ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਨਾ ਤਾਂ ‘ਮੰਜੇ ਬਿਸਤਰੇ 2’ ਦੇ ਰਿਲੀਜ ਹਫ਼ਤੇ ਵਿੱਚ ਕੋਈ ਹੋਰ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ ਅਤੇ ਨਾ ਹੀ ਇਸ ਤੋਂ ਅਗਲੇ ਹਫ਼ਤੇ ਵਿੱਚ ਕੋਈ ਪੰਜਾਬੀ ਫ਼ਿਲਮ ਸਿਨੇਮਾਘਰਾਂ ਵਿੱਚ ਲੱਗੇਗੀ। ਗਿੱਪੀ ਗਰੇਵਾਲ ਦੇ ਘਰੇਲੂ ਬੈਨਰ ‘ਹੰਬਲ ਮੋਸ਼ਨ ਪਿਚਕਰਸ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਪਰਿਵਾਰਕ ਕਾਮੇਡੀ ਡਰਾਮਾ ਹੈ, ਜਿਸ ਨੂੰ ਹਰ ਉਮਰ ਦੇ ਦਰਸ਼ਕ ਪਸੰਦ ਕਰਨਗੇ। ਫ਼ਿਲਮ ਦੀ ਟੀਮ ਮੁਤਾਬਕ ਇਸ ਫ਼ਿਲਮ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਫ਼ਿਲਮ ਦਾ ਲੁਤਫ਼ ਉਠਾ ਸਕੇ।

(ਸਾਕਾ ਨੰਗਲ)

+91 7009476970

Install Punjabi Akhbar App

Install
×