ਉਚੇਰੀਆਂ ਸਾਹਿਤਕ ਉਡਾਣਾ ਭਰ ਰਹੀ ਮੁਟਿਆਰ: ਮਨਜੀਤ ਕੌਰ ਧੀਮਾਨ

ਪੰਜਾਬੀ ਸਾਹਿਤ-ਜਗਤ ਵਿਚ ਰੋਜ਼ਾਨਾ ਕਿਸੇ-ਨਾ-ਕਿਸੇ ਅਖ਼ਬਾਰ-ਮੈਗਜ਼ੀਨ ਵਿਚ ਪੜੇ ਜਾਣ ਵਾਲਾ ਨਾਂਓ ‘ਮਨਜੀਤ ਕੌਰ ਧੀਮਾਨ’ ਜਾਣਿਆ-ਪਛਾਣਿਆ ਅਤੇ ਅਨੇਕਾਂ ਸਟੇਜਾਂ ਉਤੇ ਸਨਮਾਨਿਆ ਗਿਆ ਨਾਂ ਹੈ। ਮਨਜੀਤ ਦੀਆਂ ਕਵਿਤਾਵਾਂ ਤੇ ਕਹਾਣੀਆਂ ਰੋਜ਼ਾਨਾ ਅਜੀਤ ਪੰਜਾਬੀ, ਅਜੀਤ ਹਿੰਦੀ, ਸਪੋਕਸਮੈਨ, ਲਿਸ਼ਕਾਰਾ ਟਾਈਮਜ਼, ਨਿਰਪੱਖ ਕਲਮ, ਦੋਆਬਾ ਐਕਸਪ੍ਰੈਸ, ਵਿਰਾਸਤ, ਅਦਬੀ ਸਾਂਝ ਮਾਸਿਕ ਮੈਗਜ਼ੀਨ, ਪੰਜ ਦਰਿਆ ਅਤੇ ਸੂਲ਼ ਸੁਰਾਹੀ ਆਦਿ ਦੇਸ਼-ਵਿਦੇਸ਼ ਦੇ ਪੇਪਰਾਂ-ਮੈਗਜ਼ੀਨਾਂ ਦਾ ਆਮ ਹੀ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਮਨਜੀਤ ਇਸ ਪੱਖ ਤੋਂ ਹੋਰ ਵੀ ਖ਼ੁਸ਼ਕਿਸਮਤ ਹੈ ਕਿ ਉਸਦੇ ਦੋਵੇਂ ਹੱਥੀਂ ਸਾਹਿਤਕ ਲੱਡੂ ਹਨ, ਹਿੰਦੀ ਤੇ ਪੰਜਾਬੀ ਦੀ ਬਰਾਬਰ ਦੀ ਕਲਮੀ ਮੁਹਾਰਿਤ ਹਾਸਲ ਹੋਣ ਦੇ।
ਜਿਲਾ ਨਵਾਂਸ਼ਹਿਰ ਦੇ ਪਿੰਡ ਕਰਾਵਰ ਵਿੱਚ ਸ. ਅਵਤਾਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਸ਼੍ਰੀਮਤੀ ਹਰਵਿੰਦਰ ਕੌਰ (ਮਾਤਾ) ਦੀ ਪਾਕਿ ਕੁੱਖੋਂ ਜਨਮੀ ਅਤੇ ਅੱਜ-ਕੱਲ ਆਪਣੇ ਜੀਵਨ-ਸਾਥੀ ਸ੍ਰੀ ਨਰੇਸ਼ ਕੁਮਾਰ ਧੀਮਾਨ ਅਤੇ ਇਕਲੌਤੀ ਬੇਟੀ ਸੀਰਤ ਨਾਲ ਲੁਧਿਆਣਾ ਸ਼ਹਿਰ ਵਿੱਚ ਡੇਰੇ ਲਾਈ ਬੈਠੀ ਮਨਜੀਤ ਦੱਸਦੀ ਹੈ ਕਿ ਉਸਨੇ ਬੀ. ਏ. ਦੀ ਡਿਗਰੀ ਪੰ. ਯੂਨੀ. ਚੰਡੀਗੜ ਤੋਂ ; ਐਮ. ਏ. ਸਰਕਾਰੀ ਕਾਲਜ ਰੋਪੜ, (ਪੰਜਾਬੀ ਯੂਨੀ. ਪਟਿਆਲਾ) ਤੋਂ ਅਤੇ ਬੀ.ਐਡ. ਦੀ ਪੜਾਈ ਸਾਈਂ ਕਾਲਜ ਆਫ ਐਜੂਕੇਸ਼ਨ ਜਾਡਲਾ, (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਤੋਂ ਪ੍ਰਾਪਤ ਕਰਨ ਉਪਰੰਤ ਰੱਤੇਵਾਲ ਗਰਲਜ ਕਾਲਜ ਵਿੱਚ ਤਿੰਨ ਸਾਲ ਰਾਜਨੀਤੀ ਵਿਸ਼ੇ ਦੀ ਲੈਕਚਰਾਰ ਦੀ ਸੇਵਾ ਨਿਭਾਈ। ਅੱਜ ਕੱਲ ਉਹ ਲੁਧਿਆਣਾ ਵਿਖੇ ਸੀ. ਐਸ. ਆਰ. ਸਕੂਲ ਵਿੱਚ ਬਤੌਰ ਅਧਿਆਪਕਾ ਸੇਵਾ ਨਿਭਾ ਰਹੀ ਹੈ। ਧੀਮਾਨ, ਸਕੂਲ ਵਿੱਚ ਪੜਦਿਆਂ ਜਿੱਥੇ ਖੋ- ਖੋ ਦੀ ਖਿਡਾਰਨ ਰਹੀ, ਉੱਥੇ ਦਸਵੀਂ ਕਰਨ ਤੋਂ ਬਾਅਦ ਉਸ ਨੂੰ ਲਿਖਣ ਦੀ ਚੇਟਕ ਵੀ ਲੱਗ ਗਈ ਸੀ। ਕਾਲਜ ਦੀ ਪੜਾਈ ਦੌਰਾਨ ਉਹ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹੋਰ ਵੀ ਖੁੱਲ ਕੇ ਭਾਗ ਲੈਂਦੀ ਰਹੀ। ਬੀ. ਐਡ. ਦੌਰਾਨ ਸਾਰੇ ਅਧਿਆਪਕ, ਖਾਸ ਕਰ ਗੁਰਪ੍ਰੀਤ ਸਿੰਘ ਜੀ ਉਸ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਦੇ ਰਹਿੰਦੇ ਸਨ। ਨਤੀਜਨ ਕਾਲਜ ਵਿੱਚ ਛਪਦੇ ਮੈਗਜ਼ੀਨ ਦੀ ਸੰਪਾਦਕੀ ਕਰਨ ਦਾ ਵੀ ਉਸਨੂੰ ਮੌਕਾ ਮਿਲਿਆ।
ਪੁਸਤਕ-ਪ੍ਰਕਾਸ਼ਨਾ ਪੱਖ ਵੱਲ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਵਿਖੇ ਸ. ਹਰਭਜਨ ਸਿੰਘ ਖੇਮਕਰਨੀ ਦੀ ਅਗਵਾਈ ਵਿੱਚ ਕਰਵਾਏ ਜਾਂਦੇ ਮਿੰਨੀ ਕਹਾਣੀ ਮੁਕਾਬਲੇ ਵਿਚੋਂ ਜੇਤੂ ਕਰਾਰ ਰਹੀਆਂ ਮਨਜੀਤ ਦੀਆਂ ਦੋ ਕਹਾਣੀਆਂ, ”ਸੱਭਿਆਚਾਰ” ਅਤੇ ”ਵਿਚਾਰਾ ਕੌਣ” ਨੂੰ ਉਨਾਂ ਦੀ ਕਿਤਾਬ, ‘ਮਿੰਨੀ-2011’ ਵਿਚ ਅਤੇ ਉਨਾਂ ਦੇ ਹੀ ਕਰਵਾਏ ਇਕ ਹੋਰ ਮਿੰਨੀ ਕਹਾਣੀ ਮੁਕਾਬਲੇ ਵਿਚ ਉਸ ਦੀ ਕਹਾਣੀ, ‘ਦ੍ਰਿੜ ਵਿਸ਼ਵਾਸ’ ਦੇ ਉਤਸ਼ਾਹਿਤ ਸਥਾਨ ਪ੍ਰਾਪਤ ਕਰਨ ਤੇ ਉਨਾਂ ਨੇ ਇੱਕ ਵਾਰ ਫਿਰ ‘ਮਿੰਨੀ-2020’ ਪੁਸਤਕ ਵਿਚ ਮਨਜੀਤ ਦੀ ਕਹਾਣੀ ਨੂੰ ਸ਼ਾਮਿਲ ਕਰਕੇ ਮਾਣ ਬਖਸ਼ਿਆ ਹੈ। ਇਸੇ ਤਰਾਂ ‘ਸਾਹਿਤ ਸਭਾ ਪਟਿਆਲਾ’ ਵੱਲੋਂ ਪ੍ਰਕਾਸ਼ਿਤ ਪੁਸਤਕ, ‘ਕਲਮ ਸ਼ਕਤੀ’ ਵਿਚ, ਬਠਿੰਡਾ ਵੱਲੋਂ ਸਾਂਝੇ ਕਾਵਿ-ਸੰਗ੍ਰਹਿ ‘ਹਰਫ਼ ਮੋਤੀਆਂ ਵਰਗੇ’ ਵਿਚ, ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ;) ਦੇ 267 ਕਲਮਾਂ ਦੇ ਸਾਂਝੇ ਕਾਵਿ-ਸੰਗ੍ਰਹਿ, ‘ਰੰਗ ਬਿਰੰਗੀਆਂ ਕਲਮਾਂ’ ਵਿਚ ਅਤੇ ਸੁਪ੍ਰਸਿੱਧ ਲੇਖਿਕਾ ਡਾ. ਮੀਨੂ ਸੁਖਮਨ ਜੀ (ਰੋਪੜ) ਵੱਲੋਂ ਪ੍ਰਕਾਸ਼ਿਤ ਸਾਂਝੇ ਸੰਗ੍ਰਹਿ, ”ਖ਼ੁਆਬੋਂ ਕੀ ਮੰਜ਼ਿਲ” (ਹਿੰਦੀ) ਅਤੇ ”ਯਾਦਾਂ ਦੇ ਪ੍ਰਛਾਂਵੇਂ” (ਪੰਜਾਬੀ) ਵਿੱਚ ਵੀ ਮਨਜੀਤ ਦੀਆਂ ਕਵਿਤਾਵਾਂ ਸ਼ਾਮਿਲ ਹਨ।

ਹੋਰ-ਤਾਂ-ਹੋਰ ਕਰੋਨਾ ਮਹਾਂਮਾਰੀ ਦਾ ਲਾਕ-ਡਾਊਨ ਵੀ ਮਨਜੀਤ ਦੀਆਂ ਕਲਮੀ ਗਤੀ-ਵਿਧੀਆਂ ਨੂੰ ਰੋਕ ਨਾ ਸਕਿਆ। ਇਸ ਸਮੇਂ ਦੌਰਾਨ ਮਨਜੀਤ ਨੇ ਬਹੁਤ ਸਾਰੇ ਆਨਲਾਈਨ ਕਵੀ-ਦਰਬਾਰਾਂ ਵਿੱਚ ਭਾਗ ਲੈ ਕੇ ਕਾਫ਼ੀ ਪ੍ਰਸ਼ੰਸਾ-ਪੱਤਰ ਹਾਸਲ ਕੀਤੇ। ”ਅਦਬੀ ਸਾਂਝ ਮਾਸਿਕ ਮੈਗਜ਼ੀਨ” ਵਲੋਂ ਵੀ ਮਨਜੀਤ ਨੂੰ ਕਈ ਵਾਰ ਵਿਸ਼ੇਸ਼ ਸਨਮਾਨ ਦਿੱਤੇ ਗਏ। ਉਹ ‘ਓਂਟਰਾਰੀਓ ਫਰੈਂਡਜ਼ ਕਲੱਬ ਟੋਰਾਂਟੋ, ਕੈਨੇਡਾ’ ਦੀ ਵੀ ਮੈਂਬਰ ਹੈ ਅਤੇ ਉਨਾਂ ਵਲੋਂ ਕੀਤੇ ਜਾਂਦੇ ਆਨਲਾਈਨ ਸਮਾਗਮਾਂ, ਕਹਾਣੀ ਪ੍ਰਤੀਯੋਗਤਾਵਾਂ ਵਿੱਚ ਵੀ ਭਾਗ ਲੈਂਦੀ ਹੈ ਅਤੇ ਓ. ਐਫ. ਸੀ. ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਸਾਂਝੇ ਕਹਾਣੀ-ਸੰਗ੍ਰਹਿ ਦਾ ਹਿੱਸਾ ਵੀ ਉਹ ਬਣੀ ਹੈ। ਇੱਥੇ ਹੀ ਬਸ ਨਹੀਂ, ਮਨਜੀਤ, ‘ਦੋਆਬਾ ਰੇਡੀਓ’ ਦੇ ਲਾਈਵ ਪ੍ਰੋਗਰਾਮਾਂ ਵਿੱਚ ਵੀ ਭਾਗ ਲੈਂਦੀ ਰਹਿੰਦੀ ਹੈ। . . ਆਪਣੀ ਨਿਰੋਲ ਪੁਸਤਕ ਪਾਠਕਾਂ ਨੂੰ ਦੇਣ ਦਾ ਆਪਣਾ ਸੁਪਨਾ ਜਲਦੀ ਹੀ ਪੂਰਾ ਕਰ ਰਹੀ ਮਨਜੀਤ ਨੇ ਆਪਣੇ ਸੰਦੇਸ਼ ਵਿਚ ਗਾਇਕਾਂ ਤੇ ਗੀਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ, ”ਸਾਡਾ ਸੱਭਿਆਚਾਰਕ ਵਿਰਸਾ ਬਹੁਤ ਵੱਡਮੁੱਲਾ ਤੇ ਮਹਾਨ ਹੈ। ਇਸ ਵਿੱਚ ਸ਼ਾਹ ਹੁਸੈਨ, ਬਾਬਾ ਫਰੀਦ, ਸਾਂਈਂ ਬੁੱਲੇ ਸ਼ਾਹ ਆਦਿ ਵਰਗਿਆਂ ਅਨੇਕਾਂ ਪੀਰਾਂ-ਫ਼ਕੀਰਾਂ ਦੇ ਨਾਲ-ਨਾਲ ਸਾਡੇ ਦਸ ਗੁਰੂ ਸਾਹਿਬਾਨ ਜੀ ਦੀ ਬਾਣੀ ਦਾ ਰਸ ਵੀ ਹੈ। ਸਾਨੂੰ ਇਸ ਅਮੀਰ ਵੱਡਮੁੱਲੇ ਵਿਰਸੇ ਨੂੰ ਬਣਾਏ ਰੱਖਣ ਲਈ ਅਸ਼ਲੀਲਤਾਂ, ਨਸ਼ਿਆਂ ਅਤੇ ਹਥਿਆਰਾਂ ਵਾਲੇ ਗੀਤਾਂ ਤੋਂ ਬਚਾ ਕੇ ਰੱਖਣਾ ਅਤਿਅੰਤ ਜ਼ਰੂਰੀ ਹੈ।” . . . .. .ਮਨਜੀਤ ਨੇ ਬਜ਼ੁਰਗਾਂ ਦੀ ਹੋ ਰਹੀ ਅਣਡਿੱਠੀ, ਨਸ਼ੇ, ਰਿਸ਼ਤੇ, ਪਿਆਰ, ਵਿਛੋੜਾ, ਨਿਘਾਰ ਵੱਲ ਜਾ ਰਿਹਾ ਸੱਭਿਆਚਾਰ, ਧੀਆਂ ਦੇ ਦਰਦ, ਭਰੂਣ-ਹੱਤਿਆ, ਵਧ ਰਹੀ ਮਹਿੰਗਾਈ ਅਤੇ ਗਰੀਬਾਂ ਦੇ ਹੱਕ ਆਦਿ ਅਨੇਕਾਂ ਸਮਾਜਿਕ ਵਿਸ਼ਿਆ ਤੇ ਆਪਣੀ ਕਲਮ ਚਲਾਈ ਹੈ। ਇਕ ਲਿਖਤ ਵਿਚ ਉਹ ਕਹਿੰਦੀ ਹੈ :-
” ਬਲ਼ਦਾ ਰਹੀਂ ਵੇ ਦੀਵਿਆ,
ਅੰਮੜੀ ਦੇ ਵਿਹੜੇ।
ਉਹ ਚਾਵਾਂ ਦੇ ਨਾਲ਼ ਪਾਲ਼ੇ ਸੀ,
ਪੁੱਤਰ ਸੰਗ ਛੱਡ ਗਏ ਜਿਹੜੇ।”
ਪੰਜਾਬੀ ਮਾਂ-ਬੋਲੀ ਨੂੰ ਮਾਲੋ-ਮਾਲ ਕਰਨ ਵਿਚ ਪੂਰੀ ਮਿਹਨਤ, ਲਗਨ, ਸ਼ੌਂਕ, ਦ੍ਰਿੜਤਾ ਅਤੇ ਸੁਹਿਰਦਤਾ ਨਾਲ ਜੁਟੀ ਹੋਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਇਸ ਸੱਚੀ-ਸੁੱਚੀ ਮੂਰਤ ਤੋਂ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਸਮਾਜ ਨੂੰ ਅਸੀਮ ਸੰਭਾਵਨਾਵਾਂ ਅਤੇ ਉਮੀਦਾਂ ਹਨ। ਮੇਰਾ ਮਾਲਕ ਇਸ ਮੁਟਿਆਰ ਨੂੰ ਉਚੇਰੀਆਂ ਉਡਾਣਾ ਭਰਨ ਦਾ ਹੋਰ ਵੀ ਬਲ ਬਖ਼ਸ਼ੇ!

(ਪ੍ਰੀਤਮ ਲੁਧਿਆਣਵੀ) +91 9876428641 ludhianvipritam@gmail.com

Install Punjabi Akhbar App

Install
×