ਤੁਰੰਤ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਏ ਕੇਂਦਰ ਸਰਕਾਰ: ਮਨੀਸ਼ ਤਿਵਾੜੀ

ਨਿਊਯਾਰਕ/ਰੂਪਨਗਰ — ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਮੰਗ ਤੋਂ ਕੇਂਦਰ ਦੇ ਭੱਜਣ ਉੱਪਰ ਸਵਾਲ ਖੜ੍ਹੇ ਕੀਤੇ ਹਨ। ਤਿਵਾੜੀ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਤੁਰੰਤ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਉਣਾ ਚਾਹੀਦਾ ਹੈ।ਇਸ ਲੜੀ ਹੇਠ, ਐਮ.ਪੀ ਤਿਵਾੜੀ ਨੇ ਟਵੀਟ ਰਾਹੀਂ ਕੇਂਦਰ ਸਰਕਾਰ ਤੋਂ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੇ ਸਟੈਂਡਿੰਗ ਕਮੇਟੀਆਂ ਅਤੇ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਦੀ ਮੀਟਿੰਗ ਰੋਜ਼ਾਨਾ ਹੋ ਸਕਦੀ ਹੈ, ਤਾਂ ਅਜਿਹੇ ਵਿਚ ਸਰਦ ਰੁੱਤ ਸੈਸ਼ਨ ਕਿਉਂ ਨਹੀਂ ਬੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਹੈ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਨਹੀਂ ਬੁਲਾਇਆ ਜਾ ਰਿਹਾ। ਇਸੇ ਤਰ੍ਹਾਂ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਏ ਜਾਣ ਦੀ ਮੰਗ ਨੂੰ ਦੁਹਰਾਉਂਦਿਆਂ ਤਿਵਾੜੀ ਨੇ ਇੱਕ ਹੋਰ ਟਵੀਟ ਰਾਹੀਂ ਕਿਹਾ ਹੈ ਕਿ ਕਿਸਾਨਾਂ ਨੇ ਦਿੱਲੀ ਨੂੰ ਘੇਰ ਲਿਆ ਹੈ, ਅਧਿਕਾਰਿਕ ਤੌਰ ਤੇ ਅਰਥ ਵਿਵਸਥਾ ਗਿਰਾਵਟ ਵਿੱਚ ਹੈ, ਚੀਨ ਲਗਾਤਾਰ ਸਾਡੀ 1000 ਸਕੁਏਅਰ ਕਿਲੋਮੀਟਰ ਤੋਂ ਵੱਧ ਜ਼ਮੀਨ ਨੂੰ ਕਬਜਾਉਂਦਾ ਜਾ ਰਿਹਾ ਹੈ, ਕੋਰੋਨਾ ਦੇ ਕੇਸ 95 ਲੱਖ ਨੂੰ ਪਹੁੰਚ ਗਏ ਹਨ ਅਤੇ 8 ਮਹੀਨਿਆਂ ਦੌਰਾਨ 1.38 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿੱਚ ਸਰਕਾਰ ਨੂੰ ਬਿਨਾਂ ਕੋਈ ਦੇਰੀ ਕੀਤਿਆਂ ਹੋਇਆ ਜਲਦ ਤੋਂ ਜਲਦ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਬੁਲਾਉਣਾ ਚਾਹੀਦਾ ਹੈ।

Install Punjabi Akhbar App

Install
×