ਮਨੀਸ਼ ਤਿਵਾੜੀ ਵੱਲੋਂ ਲਾਕਡਾਊਨ ਦੌਰਾਨ ਦਿੱਤੀਆਂ ਗਈਆਂ ਛੋਟਾਂ ਦੇ ਮੱਦੇਨਜ਼ਰ ਚੌਕਸੀ ਦੀ ਸਲਾਹ, ਕੋਵਿਡ ਕੇਅਰ ਸੈਂਟਰ ਕੇ ਸੀ ਕਾਲਜ ਤੇ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਦਾ ਦੌਰਾ

ਨਿਊਯਾਰਕ/ਨਵਾਂਸ਼ਹਿਰ, 21 ਮਈ — ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕਰਕੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਸਾਂਭਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸਾਸ਼ਨ, ਸਿਵਲ ਸਰਜਨ ਅਤੇ ਡਾਕਟਰਾਂ ਵੱਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕੀਤੀ ਗਈ।ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਐਮ ਐਲ ਏ ਅੰਗਦ ਸਿੰਘ ਤੇ ਚੇਅਰਮੈਨ ਪੰਜਾਬ ਲਾਰਜ ਇੰਡਸਟ੍ਰੀਜ਼ ਬੋਰਡ ਪਵਨ ਦੀਵਾਨ ਦੀ ਹਾਜ਼ਰੀ ’ਚ ਉਨ੍ਹਾਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਗੜ੍ਹਸ਼ੰਕਰ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨਾਲ ਮੀਟਿੰਗ ਕਰਕੇ, ਜ਼ਿਲ੍ਹੇ ’ਚ ਬਣੇ ਹਾਲਾਤਾਂ ਅਤੇ ਉਨ੍ਹਾਂ ਨਾਲ ਬੜੀ ਨਿਪੁੰਨਤਾ ਨਾਲ ਨਿਪਟਣ ਲਈ ਬਣਾਈ ਗਈ ਰਣਨੀਤੀ ਬਾਰੇ ਜਾਣਕਾਰੀ ਲਈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵਾਂਸ਼ਹਿਰ ਕੋਵਿਡ ਤੋਂ ਪ੍ਰਭਾਵਿਤ ਹੋਣ ਬਾਅਦ ਸੁਰਖੀਆਂ ’ਚ ਆਇਆ ਸੀ, ਉਸੇ ਹੀ ਤੇਜ਼ੀ ਨਾਲ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਪ੍ਰਸ਼ਾਸਨ ਅਤੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਨੂੰ ਮੁੜ ਤੋਂ ਲੀਹ ’ਤੇ ਲਿਆਉਣ ’ਚ ਜੋ ਹੰਭਲਾ ਮਾਰਿਆ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਬਿਲਕੁਲ ਹੀ ਨਵੀਂ ਬਿਮਾਰੀ ਹੋਣ ਕਾਰਨ, ਹਾਲਾਂ ਤੱਕ ਕੋਈ ਪੁਖਤਾ ਇਲਾਜ ਵੀ ਨਾ ਮਿਲਣ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਆਪਣੇ ਟੀਮ ਵਰਕ ਨਾਲ ਜੋ ਪੈੜ ਪਾਈ ਹੈ, ਉਹ ਪ੍ਰਸ਼ੰਸਾਯੋਗ ਹੈ।ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਐਸ ਐਸ ਪੀ, ਏ ਡੀ ਸੀ, ਸਿਵਲ ਸਰਜਨ ਅਤੇ ਸਹਾਇਕ ਕਮਿਸ਼ਨਰ ਨਾਲ ਇਕੱਲੇ-ਇਕੱਲੇ ਤੌਰ ’ਤੇ ਗੱਲਬਾਤ ਕਰਕੇ ਉਨ੍ਹਾਂ ਵੱਲੋਂ ਇਸ ਲੜਾਈ ਦੌਰਾਨ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ, ਬਾਰੇ ਜਾਣਕਾਰੀ ਲਈ। ਸ੍ਰੀ  ਤਿਵਾੜੀ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਾਕਡਾਊਨ ਦੌਰਾਨ ਦਿੱਤੀਆਂ ਗਈਆਂ ਛੋਟਾਂ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਾਸਕ, ਸੋਸ਼ਲ ਡਿਸਟੈਂਸਿੰਗ, ਬਾਹਰ ਤੋਂ ਆਉਣ ਵਾਲਿਆਂ ਨੂੰ ਕੁਆਰਨਟੀਨ ਰੱਖਣਾ ਆਦਿ ਸਾਵਧਾਨੀਆਂ ਦੀ ਪਾਲਣਾ ਕਰਨ ਨੂੰ ਤਰਜੀਹ ਦਿੱਤੀ ਜਾਵੇ।ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਤਿਵਾੜੀ ਨੂੰ ਜ਼ਿਲ੍ਹੇ ’ਚ ਸਿਹਤ ਵਿਭਾਗ, ਮਾਲ ਵਿਭਾਗ, ਕਲੈਰੀਕਲ ਅਸਾਮੀਆਂ ਅਤੇ ਹੋਰ ਖਾਲੀ ਪਈਆਂ ਅਸਾਮੀਆਂ ਨੂੰ ਪੁਰ ਕਰਕੇ ਜ਼ਿਲ੍ਹੇ ਨੂੰ ਮਜ਼ਬੂਤ ਢਾਂਚਾ ਮੁਹੱਈਆ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਭਾਵੇਂ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਸੰਕਟਕਾਲੀਨ ਸਮੇਂ ਦੌਰਾਨ ਦਿਨ ਰਾਤ ਕੰਮ ਕਰਕੇ ਜ਼ਿਲ੍ਹੇ ਨੂੰ ਬਾਹਰ ਕੱਢ ਲਿਆਂਦਾ ਪਰੰਤੂ ਵੱਖ-ਵੱਖ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗਾਂ ’ਚ ਮਾਨਵੀ ਸ਼ਕਤੀ ਦੀ ਇਸ ਜ਼ਿਲ੍ਹੇ ਨੂੰ ਵੱਡੀ ਲੋੜ ਹੈ। ਤਿਵਾੜੀ ਨੇ ਵਿਧਾਇਕ ਅੰਗਦ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਉਨ੍ਹਾਂ ਨੂੰ ਨਾਲ ਲੈ ਕੇ ਜਲਦ ਹੀ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮਾਨਵੀ ਸ਼ਕਤੀ ਦਾ ਡਾਟਾ ਨਾਲ ਲੈ ਕੇ ਗੱਲ ਕਰਨਗੇ।ਬਾਅਦ ਵਿੱਚ ਤਿਵਾੜੀ ਨੇ ਕੇ ਸੀ ਕਾਲਜ ਵਿਖੇ ਬਣਾਏ 400 ਬੈਡ ਦੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਵੀ ਕੀਤਾ, ਜਿੱਥੇ ਮੌਜੂਦ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨਾਲ ਵੀ ਉਨ੍ਹਾਂ ਨੇ ਗੱਲ ਕੀਤੀ।ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਉਨ੍ਹਾਂ ਨੇ ਆਈਸੋਲੇਸ਼ਨ ਵਾਰਡ, ਐਮਰਜੈਂਸੀ ਵਾਰਡ ਅਤੇ ਤੇਜ਼ੀ ਨਾਲ ਬਣ ਰਹੇ ਆਈ ਸੀ ਯੂ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਉੱਥੇ ਮੌਜੂਦ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਅੱਗੇ ਹੋ ਕੇ ਨਿਭਾਏ ਰੋਲ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਮ ਐਲ ਏ ਅੰਗਦ ਸਿੰਘ, ਪੰਜਾਬ ਲਾਰਜ ਇੰਡਸਟ੍ਰੀਜ਼ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਬੀਰ ਸਿੰਘ ਪੱਲੀ ਝਿੱਕੀ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ, ਏ ਡੀ ਸੀ ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਤੇ ਨਵਾਂਸ਼ਹਿਰ ਦੇ ਐਸ ਐਮ ਓ ਡਾ. ਹਰਵਿੰਦਰ ਸਿੰਘ ਵੀ ਮੌਜੂਦ ਸਨ।