ਸੁਪਨਿਆਂ ਵਿੱਚ ਲਟਕਦੇ ਅੰਬਾਂ ਦੇ ਬਾਗ਼ !

ਇਹ ਉਹਨਾਂ ਵੇਲਿਆਂ ਦੀਆਂ ਗੱਲਾਂ ਹਨ ਜਦੋਂ ਮੇਰਾ ਪਿੰਡ ਗੁਲਪੁਰ ਹੁਸ਼ਿਆਰ ਪੁਰ ਜਿਲ੍ਹੇ ਵਿੱਚ ਪੈਂਦਾ ਸੀ। 1960-70 ਦਰਮਿਆਨ ਮੇਰੇ ਪਿੰਡ ਦੇ ਆਲੇ ਦੁਆਲੇ ਅੰਬਾਂ ਦੇ ਰੁੱਖ ਪ੍ਰਧਾਨ ਹੁੰਦੇ ਸਨ। ਉਦੋਂ ਇਸ ਇਲਾਕੇ ਦਾ 75 % ਹਿੱਸਾ ਬਰਾਨੀ ਹੁੰਦਾ ਸੀ। ਸਿੰਚਾਈ ਹਲਟਾਂ ਨਾਲ ਹੁੰਦੀ ਸੀ। ਪਿੰਡ ਦੇ ਚੜ੍ਹਦੇ ਪਾਸੇ ਅੰਬਾਂ ਦੇ ਬਾਗ ਸਨ । ਹਰ ਬਾਗ ਵਿੱਚ ਦੋ ਚਾਰ ਬੂਟੇ ਜਾਮਣਾਂ ਦੇ ਵੀ ਹੁੰਦੇ ਸਨ। ਉਦੋਂ ਕੇਵਲ ਸਾਡਾ ਪਿੰਡ ਹੀ ਨਹੀਂ ਸਾਰਾ ਦੁਆਬਾ ਹੀ ਅੰਬਾਂ ਦਾ ਦੇਸ਼ ਹੁੰਦਾ ਸੀ । ਇਸ ਤੋਂ ਇਲਾਵਾ ਰੋਪੜ ਤੋਂ ਅੰਬਾਲੇ ਤੱਕ ਵੀ ਅੰਬਾਂ ਦੇ ਰੁੱਖਾਂ ਦੀ ਭਰਮਾਰ ਹੁੰਦੀ ਸੀ। ਚੰਡੀਗੜ੍ਹ ਤੋਂ ਹੁਸ਼ਿਆਰਪੁਰ ਮੁਕੇਰੀਆਂ ਵਾਲੀ ਮੁੱਖ ਸੜਕ ਦੇ ਦੋਵੇਂ ਪਾਸੇ ਅੰਬਾਂ ਦੇ ਵੱਡੇ ਵੱਡੇ ਰੁੱਖ ਹੁੰਦੇ ਸਨ ਜਿਹਨਾਂ ਦੀ ਕਟਾਈ ਸਾਡੀਆਂ ਅੱਖਾਂ ਦੇ ਸਾਹਮਣੇ ਹੋਈ ਹੈ। ਅਜੇ ਵੀ ਇਸ ਸੜਕ ਦੇ ਦੋਂਵੇਂ ਪਾਸੇ ਵਿਰਲਾ ਟਾਵਾਂ ਰੁੱਖ ਦਿਖਾਈ ਦੇ ਦਿੰਦਾ ਹੈ। ਅੰਗਰੇਜ ਸਰਕਾਰ ਤੋਂ ਲੈ ਕੇ ਲਗਭਗ ਸੰਨ 2000 ਤੱਕ ਅੰਬਾਂ ਦੀ ਸਰਕਾਰੀ ਬੋਲੀ ਲੱਗਦੀ ਰਹੀ ਹੈ। ਅਸੀਂ ਇਤਿਹਾਸ ਪੜ੍ਹਨ ਤੋਂ ਇਲਾਵਾ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ 1922–23 ਦੌਰਾਨ ਅੰਗਰੇਜ ਸਰਕਾਰ ਵਿਰੁੱਧ ਉੱਠੀ ਹਥਿਆਰ ਬੰਦ ਬਬਰ ਅਕਾਲੀ ਲਹਿਰ ਦੇ ਆਗੂਆਂ ਵਲੋਂ  ਇੱਕ ਐਲਾਨ ਨਾਮੇ ਰਾਹੀਂ ਮੁਹਾਲੀ ਤੋਂ ਲੈ ਕੇ ਮੁਕੇਰੀਆਂ ਤੱਕ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਅੰਬਾਂ ਦੀ ਬੋਲੀ ਰੋਕ ਦਿੱਤੀ ਗਈ ਸੀ। ਇਤਿਹਾਸਕ ਤੱਥ ਹੈ ਕਿ ਉਦੋਂ 3 ਸਾਲ ਤੱਕ ਉਪਰੋਕਤ ਸੜਕ ਤੇ ਲੱਗੇ ਅੰਬਾਂ ਦੀ ਨਿਲਾਮੀ ਨਹੀਂ ਹੋਈ ਸੀ , ਜਿਸ ਦਾ ਜ਼ਿਕਰ ਬਰਤਾਨੀਆ ਦੀ ਸੰਸਦ ਵਿੱਚ ਵੀ ਹੋਇਆ ਸੀ। ਇਹਨਾਂ ਬਾਗਾਂ ਦਾ ਸਾਰਾ ਹਿਸਾਬ ਕਿਤਾਬ ਲਾਉਣ ਤੋਂ ਬਾਅਦ ਮਲੂਮ ਹੁੰਦਾ ਹੈ ਕਿ ਸਾਡੇ ਪਿੰਡ ਦੇ ਬਾਗ ਸਾਡੇ ਬਾਬਿਆਂ ਦੇ ਬਾਬਿਆਂ ਨੇ ਲਾਏ ਹੋਣਗੇ। ਸਾਡੇ ਬਾਬੇ ਦੱਸਦੇ ਹੁੰਦੇ ਸੀ ਕਿ ਅਸੀਂ ਆਪਣੇ ਬਾਬਿਆਂ ਨੂੰ ਮੋਢਿਆਂ ਉੱਤੇ ਪਾਣੀ ਦੇ ਘੜੇ ਚੁੱਕ ਕੇ ਅੰਬਾਂ ਨੂੰ ਪਾਣੀ ਪਾਉਂਦੇ ਦੇਖਿਆ ਹੈ। ਇਸ ਹਿਸਾਬ ਨਾਲ ਸਾਡੇ ਬਜੁਰਗਾਂ ਨੇ ਤਕਰੀਬਨ ਦੋ ਕੁ ਸੌ ਸਾਲ ਪਹਿਲਾਂ ਅੰਬਾਂ ਦੇ ਇਹ ਰੁੱਖ ਲਾਏ ਹੋਣਗੇ। ਇੱਕ ਸਵਾਲ ਕਈ  ਵਾਰ ਜ਼ਿਹਨ ਵਿੱਚ ਆਉਂਦਾ ਹੈ ਕਿ ਅਨਪੜ੍ਹਤਾ ਦੇ ਉਸ ਦੌਰ ਵਿੱਚ ਕਿਸ ਨੇ ਉਹਨਾਂ ਨੂੰ ਦੱਸਿਆ ਹੋਵੇਗਾ ਕਿ ਇਹ ਧਰਤੀ  ਬਰਾਨੀ ਹੋਣ ਦੇ ਬਾਵਯੂਦ ਵੀ ਅੰਬਾਂ ਦੇ ਬਾਗਾਂ ਲਈ ਢੁਕਵੀਂ ਹੈ ਜਦੋਂ ਕਿ ਉਦੋਂ ਦੇਸ਼ ਗੁਲਾਮ ਸੀ । ਸਾਡੇ ਪਿੰਡ ਦੇ   ਬਾਗ਼ ਪਾਣੀ ਦੇ ਛੱਪੜ ਤੋਂ ਬਹੁਤ ਦੂਰ ਸਨ। ਫੇਰ ਵੀ ਸਾਡੇ ਬਜ਼ੁਰਗਾਂ ਨੇ ਇਹਨਾਂ ਬਾਗਾਂ ਦੀ ਸਾਂਭ ਸੰਭਾਲ ਕੀਤੀ ਸੀ। ਇਸ ਸਮੇ ਅਨੇਕਾਂ ਖੇਤੀ ਵਿਸ਼ਵ ਵਿਦਿਆਲੇ ਵੀ ਹਨ  ਪਰ ਕਿਸਾਨਾਂ ਨੂੰ ਫੇਰ ਵੀ ਸਹੀ ਸੇਧ ਨਹੀਂ ਮਿਲ ਰਹੀ। ਅੰਬ ਜਾਤੀ ਦੀਆਂ ਫਸਲਾਂ ਵਿਕਸਤ ਕਰਨ ਦੀ ਥਾਂ ਸਾਡੇ ਮਾਹਰਾਂ ਨੇ ਇਸ ਜਰਖੇਜ਼ ਧਰਤੀ ਨੂੰ

ਝੋਨੇ ਵਰਗੀਆਂ ਬਗਾਨੀਆਂ ਫਸਲਾਂ ਦੇ ਸਪੁਰਦ ਕਰ ਦਿੱਤਾ। ਹਾਲਾਂ ਕਿ ਇਸ ਧਰਤੀ ਵਿੱਚ ਬੇਰੀਆਂ, ਔਲੇ, ਐਲਾਬੀਰਾ ਆਦਿ ਸਖਤ ਜਾਨ ਫਸਲਾਂ ਪੈਦਾ ਕਰਨ ਦੀ ਕੁਦਰਤੀ ਕੁੱਬਤ ਸੀ/ਹੈ।

ਗਰਮੀਆਂ ਦੇ ਸ਼ੁਰੂ ਹੁੰਦਿਆਂ ਅੰਬਾਂ ਨੂੰ ਕੋਹਰ ਨਿਕਲਣਾ ਸ਼ੁਰੂ ਹੋ ਜਾਂਦਾ ਸੀ। ਚਾਰ ਚੁਫੇਰਾ  ਸ਼ਿਆਇਆ ਜਾਦਾ ਸੀ। ਕੋਇਲਾਂ ਲੰਬਾ ਸਫ਼ਰ ਤਹਿ ਕਰ ਕੇ “ਸਾਡੇ ਬਾਗਾਂ” ਵਿੱਚ ਡੇਰੇ ਲਾ ਦਿੰਦੀਆਂ ਸਨ। ਸਾਡੇ ਪਿੰਡਾਂ ਦੀਆਂ ਜੂਹਾਂ ਵਿੱਚ ਸਾਰਾ ਸਾਲ ਮੋਰ ਬੋਲਦੇ ਰਹਿੰਦੇ ਸਨ। ਮੋਰਾਂ ਦੇ ਬੋਲਣ ਨੂੰ ਅਤੇ ਡੱਡੂਆਂ ਦੀ ਗੜੈ ਗੜੇ ਨੂੰ ਬਰਸਾਤ ਦੀ ਆਮਦ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਮੋਰਾਂ ਦੀ ਸਾਡੇ ਨਾਲ ਐਨੀ ਜਾਣ ਪਛਾਣ ਸੀ ਕਿ ਇੱਕ ਵਾਰ ਆਓ ਆਓ ਕਹਿਣ ਤੇ ਚੋਗਾ ਚੁਗਣ ਸਾਡੀਆਂ ਕੱਚੀਆਂ ਛੱਤਾਂ ਉੱਤੇ ਆ ਜਾਂਦੇ ਸਨ।

ਇਸੇ ਕੁਦਰਤੀ ਨਜ਼ਾਰੇ ਨੂੰ ਮਕਬੂਲ ਕਵੀ ਸੁਰਜੀਤ ਪਾਤਰ ਨੇ ਪੇਸ਼ ਕਰਦਿਆਂ ਲਿਖਿਆ ਹੈ- ਪਿਆ ਅੰਬੀਆਂ ਨੂੰ ਬੂਰ ਤੇ ਕੋਇਲ ਕੂਕ ਪਈ..

ਉਦੋਂ ਹਰ ਸਾਲ ਅੰਬਾਂ ਨੂੰ ਪਏ ਕੋਹਰ ਦੇ ਹਿਸਾਬ ਨਾਲ ਠੇਕੇਦਾਰ ਬਾਗਾਂ ਦਾ ਸੌਦਾ ਕਰਦੇ ਸਨ। ਬਾਗ ਦੇ ਮਾਲਕ ਵਲੋਂ ਸੌਦਾ ਕਰਨ ਦੇ ਨਾਲ ਨਾਲ ਠੇਕੇਦਾਰ ਨਾਲ ਕੱਚੇ ਪੱਕੇ ਅੰਬ ਲੈਣ ਦਾ ਇਕਰਾਰ ਵੀ ਕੀਤਾ ਜਾਂਦਾ ਸੀ। ਇਸ ਇਕਰਾਰ ਨੂੰ ਸਾਡੀ ਭਾਸ਼ਾ ਵਿੱਚ ਜਿਣਸ ਕਿਹਾ ਜਾਂਦਾ ਸੀ ਜੋ ਆਮ ਤੌਰ ਤੇ ਕੁਇੰਟਲਾਂ ਵਿੱਚ ਹੁੰਦੀ ਸੀ। ਸਾਡਾ ਪਿੰਡ ਤਾਂ ਕੀ ਸਾਰੇ ਪਿੰਡ ਉਦੋਂ ਬਾਹਰਲੇ ਸੰਸਾਰ ਨਾਲ ਕੱਚੇ ਰਸਤਿਆਂ ਰਾਹੀਂ ਜੁੜੇ ਹੁੰਦੇ ਸਨ। ਸਾਡੇ ਪਿੰਡ ਦੇ ਬਾਗਾਂ ਦੀ ਪੈਦਾਵਾਰ ਪਹਿਲਾਂ ਰਾਹੋਂ ਅਤੇ ਫੇਰ ਨਵਾਂਸ਼ਹਿਰ ਦੀ ਮੰਡੀ ਵਿੱਚ ਜਾਂਦੀ ਸੀ। ਬਜ਼ੁਰਗਾਂ ਤੋਂ ਸੁਣਿਆ ਹੈ ਕਿ ਜਦੋਂ ਰਾਹੋਂ ਮੰਡੀ ਲਗਦੀ ਸੀ ਤਾਂ ਗੁਲਪੁਰ ਦੇ 

 ਅੰਬਾਂ ਦਾ ਹੋਕਾ ਦਿੱਤਾ ਜਾਂਦਾ ਸੀ। ਖਾਸ ਕਰਕੇ ਰੁਲੀਏ ਦੇ ਬਾਗ਼ ਦਾ ਨਾਂ ਲੈ ਕੇ। ਪੈਲ ਵਾਲੇ ਅੰਬ ਹੋਰ ਹੁੰਦੇ ਸਨ, ਟਪਕਾ ਅੰਬ ਹੋਰ ਅਤੇ ਪੱਕੇ ਹੋਏ ਅੰਬ ਹੋਰ ਹੁੰਦੇ ਸਨ। ਇਹ ਸਾਰੀਆਂ ਕਿਸਮਾਂ ਬਲਦ ਰੇੜ੍ਹੀਆਂ ਤੇ ਨਵਾਂ ਸ਼ਹਿਰ ਜਾਂਦੀਆਂ ਅਸੀਂ ਖੁਦ ਦੇਖੀਆਂ ਹਨ। ਇਸ ਤੋਂ ਪਹਿਲਾਂ ਗੱਡਿਆਂ ਅਤੇ ਊਠਾਂ ਉੱਤੇ ਰਾਹੋਂ ਦੀ ਮੰਡੀ ਵਿੱਚ ਜਾਂਦੀਆਂ ਹੁੰਦੀਆਂ ਸਨ। ਬਲਦ ਰੇੜੀਆਂ ਦਾ ਇਹ ਕਾਫਲਾ ਗਈ ਰਾਤ ਚੱਲਦਾ ਹੁੰਦਾ ਸੀ। ਕਈ ਵਾਰ ਭੂਤਰੇ ਸਾਹਨ ਬਲਦਾਂ ਨੂੰ ਮਾਰਨ ਲਈ ਰੇੜ੍ਹੀਆਂ ਦੇ ਅੱਗੇ ਖੜ੍ਹ ਜਾਂਦੇ ਸਨ। ਰੇੜ੍ਹੀਆਂ ਦੇ ਅਗਲੇ ਪਾਸੇ ਲਾਲਟੈਨ ਲਮਕਦੀ ਹੁੰਦੀ ਸੀ ਅਤੇ ਕਾਫਲਾ ਪੂਰੀ ਤਰ੍ਹਾਂ ਰਵਾਇਤੀ ਹਥਿਆਰਾਂ ਨਾਲ ਲੈਸ ਹੁੰਦਾ ਸੀ। ਬਹੁਤਾ ਡਰ ਭੂਸਰੇ ਸਾਹਨਾਂ ਤੋਂ ਹੁੰਦਾ ਸੀ ਕਿ ਉਹ ਬਲਦਾਂ ਦੇ ਸੱਟ ਫੇਟ ਨਾ ਮਾਰ ਦੇਣ। ਜਦੋਂ ਅੰਬਾਂ ਦਾ ਮੌਸਮ ਆਉਂਦਾ ਸੀ ਤਾਂ ਸਾਡੀਆਂ ਖੁਸ਼ੀਆਂ ਨੂੰ ਖੰਭ ਲੱਗ ਜਾਂਦੇ ਸਨ। ਉਹਨਾਂ ਦਿਨਾਂ ਵਿੱਚ ਸਾਡੇ ਨਜਦੀਕੀ ਰਿਸ਼ਤੇਦਾਰ ਪਿੰਡ ਦਾ ਗੇੜਾ ਜ਼ਰੂਰ ਲਾਉਂਦੇ ਸਨ। ਅਸੀਂ ਆਪਣੇ ਵੱਡਿਆਂ ਨਾਲ ਉਹਨਾਂ ਨੂੰ ਸਿੱਧੇ ਆਪਣੇ ਬਾਗ਼ ਵਿੱਚ ਲੈ ਜਾਂਦੇ ਸਾਂ। ਠੇਕੇਦਾਰ ਅਤੇ ਉਸਦੇ ਕਰਿੰਦੇ ਬਹੁਤ ਸਤਿਕਾਰ ਕਰਦੇ। ਉੱਥੇ ਰੱਜ ਕੇ ਅੰਬ ਚੂਪੇ ਜਾਂਦੇ ਅਤੇ ਉਹਨਾਂ ਦੀ ਕਟੌਤੀ ਸਾਡੀ ਜਿਣਸ ਵਿਚੋਂ ਕਰ ਲਈ ਜਾਂਦੀ। ਅੰਬ ਚੂਪਣ ਵਾਲੇ ਨੂੰ ਵੀ ਅਤੇ ਸਾਨੂੰ ਵੀ ਅਹਿਸਾਸ ਹੋ ਜਾਂਦਾ ਕਿ ਇਹ ਬਾਗ ਸਾਡਾ ਹੀ ਹੈ। ਅੰਬ ਤਾਂ ਸਾਰੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ ਪਰ “ਅੰਬੀਆਂ ਨੂੰ ਤਰਸੇਂਗੀ…” ਵਾਲੀ ਲੋਕ ਬੋਲੀ ਦੁਆਬੇ ਦੇ ਨਾਂ ਹੀ ਰਜਿਸਟਰ ਹੋਈ ਹੈ। ਪ੍ਰੋ ਮੋਹਨ ਸਿੰਘ ਦੀ ਨਾਟਕੀ ਕਵਿਤਾ “ਅੰਬੀ ਦਾ ਬੂਟਾ”  (ਬੈਲਡ) ਨੂੰ ਕਿਸ ਨੇ ਨਹੀਂ ਪੜ੍ਹਿਆ ? ਅਫਸੋਸ ਕਿ 1980  ਤੱਕ ਪਹੁੰਚਦਿਆਂ ਅੰਬਾਂ ਦੇ ਇਹ ਬਾਗ ਸਾਡੇ ਲਈ ਬੇਲੋੜਾ ਭਾਰ ਬਣ ਗਏ ਸਨ। ਸਬਮਰਸੀਬਲ ਪੰਪਾਂ ਦੀ ਬਦੌਲਤ ਤਕਰੀਬਨ ਸੌ % ਰਕਬਾ ਸਿੰਜਾਈ ਹੇਠ ਆ ਗਿਆ ਸੀ। ਹਰੀ ਕਰਾਂਤੀ ਨੇ ਪੰਜਾਬ ਅੰਦਰ ਆਪਣੇ ਪੈਰ ਪੂਰੀ ਤਰਾਂ ਪਸਾਰ ਲਏ ਸਨ।ਨਵੇਂ ਬੀਜ ਅਤੇ ਰਸਾਇਣਕ ਖਾਦਾਂ ਦੇ ਆਉਣ ਸਦਕਾ ਕਣਕ ਅਤੇ ਝੋਨੇ ਦੀਆਂ ਫਸਲਾਂ ਦੇ ਝਾੜ ਵਧ ਗਏ ਸਨ।ਅੰਬਾਂ ਦੀਆਂ ਵਧੀਆ ਤੋਂ ਵਧੀਆ ਕਿਸਮਾਂ ਸਾਹਮਣੇ ਸਾਡੇ ਦੇਸੀ ਅੰਬਾਂ ਦੀ ਕੋਈ ਵੁੱਕਤ ਨਹੀਂ ਰਹੀ ਸੀ। ਨਵੀਂ ਪੀੜ੍ਹੀ ਮਾਪਿਆਂ ਉੱਤੇ ਦਬਾਅ ਬਣਾ ਰਹੀ ਸੀ ਕਿ ਇਹ ਦਰੱਖਤ ਵੇਚ ਦਿੱਤੇ ਜਾਣ ਅਤੇ ਇਹਨਾਂ ਦੀ ਥਾਂ ਕਣਕ ਝੋਨੇ ਵਰਗੀਆਂ ਲਾਹੇਵੰਦ ਫਸਲਾਂ ਬੀਜੀਆਂ ਜਾਣ। ਇਹਨੀਂ ਦਿਨੀਂ ਵਿਦੇਸ਼ ਜਾਣ ਦਾ ਯਾਦੂ ਵੀ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸਨ। ਲੋਕਾਂ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ। ਸਾਡੇ ਘਰ ਵਿੱਚ ਵੀ ਬਾਗ ਵੇਚਣ ਨੂੰ ਲੈ ਕੇ ਘੁਸਰ ਮੁਸਰ ਹੋਣ ਲੱਗ ਪਈ। ਜਦੋਂ ਗੱਲ ਮੇਰੇ ਬਾਬੇ ਤੱਕ ਪਹੁੰਚੀ ਤਾਂ ਉਹਨੇ ਇਹ ਕਹਿ ਕੇ ਬਾਗ ਪੁੱਟਣ ਦੀ ਇਜਾਜ਼ਤ ਦੇ ਦਿੱਤੀ ਕਿ ਮੇਰੇ ਮਰਨ ਤੋਂ ਬਾਅਦ ਪੁਟਵਾ ਦਿਓ। ਸਾਡੇ ਬਾਪ ਅਤੇ ਉਸ ਦੇ ਚਾਚੇ ਤਾਏ ਦੇ ਮੁੰਡਿਆਂ ਨੇ ਵੀ  ਬਾਬੇ ਦੇ ਮਰਨ ਤੋਂ ਬਾਅਦ 1988 ਵਿੱਚ ਲੋਕਾਂ ਦੀ ਦੇਖਾ ਦੇਖੀ  ਤਕਰੀਬਨ 3,4 ਏਕੜ ਵਿੱਚ ਲੱਗਾ ਬਾਗ ਵੇਚ ਦਿੱਤਾ। ਪਿੰਡ ਦਾ ਚੜ੍ਹਦਾ ਪਾਸਾ ਸਫ਼ਾ ਚੱਟ ਹੋ ਗਿਆ ਸੀ। 200 ਸਾਲ ਪੁਰਾਣੀ ਵਿਰਾਸਤ ਉੱਜੜ ਗਈ ਸੀ। ਇਹ ਵਰਤਾਰਾ ਸਾਡੇ ਪਿੰਡ ਹੀ ਨਹੀਂ ਸੀ ਵਾਪਰਿਆ , ਪੂਰੇ ਉਸ ਇਲਾਕੇ ਵਿੱਚ ਵਾਪਰਿਆ ਸੀ ਜਿੱਥੇ ਜਿੱਥੇ ਅੰਬਾਂ ਦੇ ਰੁੱਖ ਸਨ। ਇੰਜ ਲਗਦਾ ਹੈ ਕਿ ਇਹ ਦੇਸੀ ਅੰਬਾਂ ਅਤੇ ਦੇਸੀ ਫਸਲਾਂ ਖਿਲਾਫ ਰਚੀ ਗਈ ਕੋਈ ਸਾਜਿਸ਼ ਸੀ। 

(ਹਰਜਿੰਦਰ ਸਿੰਘ ਗੁਲਪੁਰ) 0061411218801

Install Punjabi Akhbar App

Install
×