ਸਰੀ ਦੀਆਂ ਮੰਡੇਰ ਭੈਣਾਂ ਨੇ ਮਾਰਸ਼ਲ ਖੇਡ ‘ਕਰਾਟੇ’ ਵਿਚ ਮਾਰੀਆਂ ਮੱਲਾਂ

(ਸਰੀ)- ਸਰੀ ਦੇ ਰੋਇਲ ਹਾਈਟ ਐਲੀਮੈਂਟਰੀ ਸਕੂਲ (116 ਸਟਰੀਟ ਤੇ 94 ਐਵੀਨਿਊ) ਵਿਚ ਗਰੇਡ 5, ਗਰੇਡ 3 ਅਤੇ ਪ੍ਰੀ-ਸਕੂਲ ਵਿਚ ਪੜ੍ਹਦੀਆਂ ਪੰਜਾਬੀ ਮੂਲ ਦੀਆਂ ਮੰਡੇਰ ਭੈਣਾਂ, ਸੀਰਤ ਕੌਰ ਮੰਡੇਰ (ਉਮਰ 10 ਸਾਲ), ਆਰੀਆ ਕੌਰ ਮੰਡੇਰ (ਉਮਰ 8 ਸਾਲ) ਅਤੇ ਆਮਈਆ ਕੌਰ ਮੰਡੇਰ (ਉਮਰ 4 ਸਾਲ) ਨੇ ਸੰਸਾਰ ਭਰ ਵਿਚ ਸਵੈ-ਰੱਖਿਆ ਲਈ ਜਾਣੀ ਜਾਂਦੀ ਮਾਰਸ਼ਲ ਖੇਡ ‘ਕਰਾਟੇ’ ਵਿਚ ਧਮਾਕੇਦਾਰ ਮੱਲਾਂ ਮਾਰ ਕੇ ਮੰਡੇਰ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਸਰੀ ਵਿਖੇ ਸਥਿਤ ‘ਅਕੈਡਮੀ ਆਫ ਮਾਰਸ਼ਲ ਆਰਟ’ ਤੋਂ ਮਾਰਸ਼ਲ ਆਰਟ ਦੀ ਸਿੱਖਿਆ ਪ੍ਰਾਪਤ ਇਨ੍ਹਾਂ ਮੰਡੇਰ ਭੈਣਾਂ ਨੇ ‘ਕਰਾਟੇ’ ਦੀ ਖੇਡ ਵਿਚ ‘ਔਰੇਂਜ ਬੈਲਟ’, ‘ਯੈਲੋ ਬੈਲਟ ਬਲੈਕ ਸਟਰੈਪ’ ਅਤੇ ‘ਵਾਈਟ ਬੈਲਟ’ ਪ੍ਰਾਪਤ ਕਰਨ ਦਾ ਮਾਣ ਹਾਸਿਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਹ ਮੰਡੇਰ ਭੈਣਾਂ ਪੰਜਾਬ ਦੇ ਮਾਲਵਾ ਇਲਾਕੇ ਵਿਚ ਪੈਂਦੇ ਮਸ਼ਹੂਰ ਪਿੰਡ ਜਰਗ (ਜਰਗ ਦਾ ਮੇਲਾ) ਦੇ ਚੌਧਰੀ ਲੀਕਲ ਸਿੰਘ ਦੇ ਪੜਪੋਤੇ ਚੌਧਰੀ ਗਗਨਦੀਪ ਸਿੰਘ-ਦੀਪ ਮੰਡੇਰ ਤੇ ਸਰਦਾਰਨੀ ਗੁਰਪ੍ਰੀਤ ਕੌਰ ਮੰਡੇਰ (ਤੂਰ ਪਰਿਵਾਰ) ਦੀਆਂ ਹੋਣਹਾਰ ਬੇਟੀਆਂ ਹਨ|ਇਨ੍ਹਾਂ ਦੇ ਦਾਦਾ ਸੰਤੋਖ ਸਿੰਘ ਮੰਡੇਰ (ਸਰੀ-ਕਨੇਡਾ ਨਿਵਾਸੀ) ਸਪੋਰਟਸ ਸਕੂਲ ਜਲੰਧਰ ਵਿੱਚੋਂ ਵਿਦਿਆ ਹਾਸਲ ਕਰਕੇ ਪੰਜਾਬ ਖੇਡ ਵਿਭਾਗ ਵਿਚ ਅਫਸਰ ਰਹੇ ਹਨ, ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਕੱਬਡੀ ਚੈਂਪੀਅਨ ਬਣਨ ਦਾ ਵੀ ਮਾਣ ਹਾਸਲ ਹੈ। ਇਸ ਤੋਂ ਇਲਾਵਾ ਉਹ ਇਰਾਕ ਵਿਚ ਐਡਮਨਿਸਟਰੇਟਿਵ ਸੇਵਾਵਾਂ ਨਿਭਾਅ ਚੁੱਕੇ ਹਨ, ਉਹ ਸੰਸਾਰ ਪੱਧਰ ਦੇ ਉਲੰਪਿਅਨ ਖੇਡ ਫੋਟੋਗ੍ਰਾਫਰ ਹਨ, ਈਰਾਨ ਤੇ ਪਾਕਿਸਤਾਨ ਕੱਬਡੀ ਟੀਮਾਂ ਦੇ ਪ੍ਰਬੰਧਕ ਰਹੇ ਹਨ, ਬਾਬਾ ਗੁਰੂ ਨਾਨਕ ਦੇਵ ਜੀ ਖੇਡ ਤੇ ਸਿਖਿਆ ਸੰਸਥਾ-ਨਨਕਾਣਾ ਸਾਹਿਬ (ਉਤਰੀ ਅਮਰੀਕਾ) ਦੇ ਉਹ ਸੰਚਾਲਕ ਹਨ ਅਤੇ ਸਰੀ (ਕਨੇਡਾ) ਦੇ ਨਾਮੀ ਪੰਜਾਬੀ ਹਫਤਾਵਾਰੀ ਅਖਬਾਰ ‘ਇੰਡੋ ਕੇਨੈਡੀਅਨ ਟਾਈਮਜ਼’ ਦੇ ਰਿਪੋਰਟਰ ਤੇ ਕਾਲਮ ਨਵੀਸ ਹਨ।

(ਹਰਦਮ ਮਾਨ) +1 604 308 6663

maanbabushahi@gmail.com