ਪਿਛਲੇ ਦਿਨਾਂ ਵਿਚ ਤਪਾਈ ਦੇਸ਼ ਵਿਚ ਔਰਤਾਂ ਦੇ ਜੂਨੀਅਰ ਬੌਕਸਿੰਗ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਵਿਚ ਪੰਜਾਬ ਦੀ 15 ਸਾਲਾ ਮਨਦੀਪ ਕੌਰ ਨੇ 52 ਕਿੱਲੋਗ੍ਰਾਮ ਵਿਚ ਸੋਨੇ ਦਾ ਤਗਮਾ ਜਿੱਤ ਕੇ ਪੂਰੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਇਸ। ਏਸ ਟੂਰਨਾਮੈਂਟ ਵਿਚ 3 ਸੋਨੇ ਦੇ , ਇਕ ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਭਾਰਤੀ ਮੁਕੇਬਾਜ਼ਾ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ।
15 ਸਾਲਾਂ ਮਨਦੀਪ ਕੌਰ ਸੰਧੂ ਲੁਧਿਆਣੇ ਜਿੱਲ੍ਹੇ ਦੇ ਪਿੰਡ ਚਕਰ ਦੀ ਜੰਮਪਲ ਹੈ। ਮਨਦੀਪ ਦੇ ਪਿਤਾ ਸ. ਜਗਦੇਵ ਸਿੰਘ ਅਤੇ ਮਾਤਾ ਦਲਜੀਤ ਕੌਰ ਨੇ ਦੱਸਿਆ ਕੇ ਮਨਦੀਪ ਨੇ ਏਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਜਿਆਦਾ ਮਿਹਨਤ ਕੀਤੀ ਹੈ। ਆਪਣੇ ਹੀ ਪਿੰਡ ਦੀਆਂ 2 ਖਿਡਾਰਨਾ ਸ਼ਵਿੰਦਰ ਕੌਰ ਅਤੇ ਸਿਮਰਨਜੀਤ ਕੌਰ , ਜੋ ਕੇ ਰਾਸ਼ਟਰੀ ਪੱਧਰ ਉਤੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕੀਆਂ ਸੀ, ਉਨ੍ਹਾਂ ਤੋਂ ਹੀ ਪ੍ਰਭਾਵਿਤ ਹੋ ਕੇ ਬੌਕਸਿੰਗ ਖੇਡਣੀ ਸ਼ੁਰੂ ਕੀਤੀ। ਆਮ ਕਿਸਾਨੀ ਪਰਿਵਾਰ ਹੋਣ ਕਰਕੇ ਮਾਤਾ ਪਿਤਾ ਵੱਲੋਂ ਮਹਿੰਗੇ ਮੁੱਕੇਬਾਜ਼ੀ ਵਾਲੇ ਦਸਤਾਨੇ ਅਤੇ ਹੋਰ ਸਮਾਨ ਉਪਲਬਧ ਕਰਵਾਉਣ ‘ਚ ਆਉਂਦੀ ਪਰੇਸ਼ਾਨੀ ਨੂੰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦੇ ਸ ਅਜਮੇਰ ਸਿੰਘ ਸਿੱਧੂ ਨੇ ਦੂਰ ਕੀਤਾ। ਉਨ੍ਹਾਂ ਨੇ ਅਕੈਡਮੀ ਵੱਲੋਂ ਮਨਦੀਪ ਨੂੰ ਸਪਾਂਸਰ ਕੀਤਾ ਅਤੇ ਓਸਦੀ ਪ੍ਰੈਕਟਿਸ ਨੂੰ ਜਾਰੀ ਰੱਖਿਆ। ਹੁਣ ਉਹ ਭਾਵੇਂ ਏਸ ਦੁਨੀਆਂ ਵਿਚ ਨਹੀਂ ਰਹੇ ਪਰ ਸ਼ੇਰ-ਏ-ਪੰਜਾਬ ਅਕੈਡਮੀ ਖੋਲ੍ਹ ਕੇ ਬੱਚਿਆ ਨੂੰ ਖੇਡਾਂ ਵਾਲੇ ਪਾਸੇ ਤੋਰਨ ਦਾ ਉਨ੍ਹਾਂ ਨੇ ਜੋ ਸੁਪਨਾ ਦੇਖਿਆ ਸੀ ਓਸ ਨੂੰ ਹੁਣ ਪੂਰਾ ਸਿੱਧੂ ਪਰਿਵਾਰ ਮਿਲ ਕੇ ਪੂਰਾ ਕਰ ਰਿਹਾ ਹੈ। ਮਨਦੀਪ ਦਾ ਵੱਡਾ ਭਰਾ ਜਗਵਿੰਦਰ ਸਿੰਘ ਵੀ ਇਕ ਬਾਕਸਰ ਹੈ ਅਤੇ ਮਨਦੀਪ ਨੇ ਆਪਣੇ ਭਰਾ ਕੋਲੋਂ ਹੀ ਸ਼ੁਰੁਆਤੀ ਨੁਕਤੇ ਸਿੱਖੇ ਅਤੇ ਸਮੇ ਸਮੇ ਤੇ ਉਸਦੀ ਮਦਦ ਨਾਲ ਏਸ ਖੇਡ ਵਿਚ ਅੱਗੇ ਵੱਧਦੀ ਗਈਂ।
ਐਡੀਲੇਡ ਸ਼ਹਿਰ ‘ਚ ਰਹਿੰਦੇ ਮਨਦੀਪ ਦੇ ਦੂਜੇ ਭਰਾ ਸ. ਜਰਨੈਲ ਸਿੰਘ ਨੇ ਸਾਡੇ ਨਾਲ ਮੁਲਾਕਾਤ ਦੌਰਾਨ ਮਨਦੀਪ ਬਾਰੇ ਕਿਹਾ ਕਿ ਸ਼ੁਰੂ ਤੋਂ ਹੀ ਮਨਦੀਪ ਆਪਣੇ ਬੌਕਸਿੰਗ ਪ੍ਰਤੀ ਜਨੂੰਨ ਵਿੱਚ ਪੱਕੀ ਸੀ ਅਤੇ ਓਸਨੇ ਬੌਕਸਿੰਗ ਲਈ ਬਹੁਤ ਜਿਆਦਾ ਮਿਹਨਤ ਕੀਤੀ ਹੈ। ਚੱਕਰ ਸਕੂਲ ਵਿਚ 12ਵੀ ਜਮਾਤ ਦੀ ਏਸ ਵਿਦਿਆਰਥਣ ਨੇ 7 ਸਾਲ ਦੀ ਉਮਰ ਵਿਚ ਹੀ ਏਸ ਖੇਡ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਸੀ। ਹਰ ਰੋਜ਼ ਸਵੇਰੇ 4 ਵਜੇ ਉਠ ਕੇ ਪ੍ਰੈਕਟਿਸ ਲਈ ਜਾਣਾ ਅਤੇ ਉਸ ਤੋ ਬਾਅਦ ਸਕੂਲ ਵਿਚ ਨਿਰੰਤਰ ਪੜ੍ਹਾਈ ਵੱਲ ਵੀ ਪੂਰਾ ਧਿਆਨ ਰੱਖਿਆ। ਸਾਲਾਂ ਦੀ ਮਿਹਨਤ ਆਖਿਰਕਾਰ ਰੰਗ ਲੈ ਆਈ ਅਤੇ ਮਨਦੀਪ ਏਸ ਟੂਰਨਾਮੈਂਟ ਲਈ ਭਾਰਤੀ ਟੀਮ ਵਿੱਚ ਸ਼ਾਮਿਲ ਹੋ ਗਈ ਅਤੇ ਆਖਿਰਕਾਰ ਇਸ ਟੂਰਨਾਮੈਂਟ ਨੂੰ ਜਿੱਤ ਕੇ ਆਪਣੇ ਪਰਿਵਾਰ, ਆਪਣੇ ਪਿੰਡ ਅਤੇ ਪੂਰੇ ਪੰਜਾਬ ਦਾ ਸਿਰ ਉੱਚਾ ਕਰ ਦਿੱਤਾ।
ਇਸ ਸਫ਼ਲਤਾ ਨਾਲ ਮਨਦੀਪ ਨੇ ਪੰਜਾਬ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਕ ਸੁਨੇਹਾ ਵੀ ਦਿੱਤਾ ਹੈ, ਜੋ ਧੀਆਂ ਨੂੰ ਅੱਜ ਵੀ ਬੋਝ ਸਮਝਦੇ ਹਨ ਅਤੇ ਕੁੱਖਾਂ ਵਿਚ ਮਾਰ ਰਹੇ ਹਨ, ਕਿ ਧੀਆਂ ਵੀ ਪੁੱਤਰਾਂ ਦੇ ਬਰਾਬਰ ਹੀ ਹਨ। ਧੀਆਂ ਮਾਂ ਬਾਪ ਲਈ ਕੋਈ ਬੋਝ ਨਹੀਂ ਬਲਕਿ ਉਨ੍ਹਾਂ ਦੇ ਸਿਰ ਦਾ ਤਾਜ ਹਨ। ਅਸੀਂ ਇਸ ਬੱਚੀ ਅਤੇ ਪੂਰੇ ਪੰਜਾਬ ਦੀਆਂ ਧੀਆਂ ਲਈ ਦੁਆ ਮੰਗਦੇ ਹਾਂ ਕਿ ਉਹ ਆਉਣ ਵਾਲੇ ਵਕਤ ਵਿੱਚ ਵੀ ਏਸੇ ਤਰ੍ਹਾਂ ਤਰੱਕੀਆਂ ਦੇ ਅੰਬਰ ਛੂਹਣ ਅਤੇ ਪੰਜਾਬ ਦੇ ਮੱਥੇ ਉੱਤੇ ਲੱਗੇ ਭਰੂਣ ਹੱਤਿਆ ਦੇ ਪਾਪ ਨੂੰ ਦੂਰ ਕਰਨ ਵਿਚ ਸਹਾਇਕ ਹੋਣ। ਆਮੀਨ।
—–ਮਨਪ੍ਰੀਤ ਸਿੰਘ ਢੀਂਡਸਾ