ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ “ਮੈਂ ਪੰਜਾਬ” ਸੰਗੀਤ ਜਗਤ ਦੀ ਝੋਲੀ ਪਾਉਣ ਹਿਤ ਹੋਇਆ ਸਮਾਗਮ

(ਗਲਾਸਗੋ) ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ ਦੇ ਗੀਤ ‘ਮੈਂ ਪੰਜਾਬ’ ਨੂੰ ਸੰਗੀਤ ਜਗਤ ਦੀ ਝੋਲੀ ਪਾਇਆ ਗਿਆ। ਪੰਜਾਬ ਦੇ ਮੌਜੂਦਾ ਕਰੂਰ ਹਾਲਾਤਾਂ ਤੇ ਹਰ ਵਕਤ ਮੂੰਹ ਅੱਡੀ ਖੜ੍ਹੀਆਂ ਸਮੱਸਿਆਵਾਂ ਦਾ ਵਰਣਨ ਕਰਦਾ ਇਹ ਗੀਤ ਪੰਜਾਬ ਵੱਲੋਂ ਪਾਈ ਦੁਹਾਈ ਦਾ ਪ੍ਰਤੀਕ ਹੈ। ਇਸ ਸਮਾਗਮ ਦੌਰਾਨ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜਸਨਜ (ਏ ਆਈ ਓ) ਦੇ ਮੀਤ ਪ੍ਰਧਾਨ ਸੋਹਣ ਸਿੰਘ ਰੰਧਾਵਾ, ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ, ਕਾਰੋਬਾਰੀ ਜਿੰਦਰ ਸਿੰਘ ਚਾਹਲ, ਉੱਘੇ ਖੇਡ ਪ੍ਰੋਮੋਟਰ ਤੇ ਸਮਾਜਸੇਵੀ ਦਲਜਿੰਦਰ ਸਿੰਘ ਸਮਰਾ, ਇਕਬਾਲ ਸਿੰਘ ਕਲੇਰ, ਮਨਜੀਤ ਸਿੰਘ ਗਿੱਲ, ਰਣਜੀਤ ਸਿੰਘ ਸੰਘਾ, ਓਂਕਾਰ ਸਿੰਘ ਜੰਡੂ, ਕੁਲਵੰਤ ਸਿੰਘ ਲੋਟਾ, ਮਾਤਾ ਧਰਤਿ ਮੁਹਿੰਮ ਦੇ ਆਗੂ ਲਾਭ ਗਿੱਲ ਦੋਦਾ, ਪਰਮਿੰਦਰ ਬਮਰਾਹ ਧੱਲੇਕੇ, ਗਿਆਨੀ ਸ਼ਮਸ਼ੇਰ ਸਿੰਘ, ਸਤਨਾਮ ਸਿੰਘ ਸੌਂਦ, ਅਵਤਾਰ ਸਿੰਘ ਹੁੰਝਣ, ਗੁਰਬਖਸ਼ ਸਿੰਘ ਸੱਗੂ, ਰਿੱਕੀ, ਵਰਿੰਦਰ ਖੁਰਮੀ ਆਦਿ ਵੱਲੋਂ ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ।

ਇਸ ਸਮੇਂ ਸੋਹਣ ਸਿੰਘ ਰੰਧਾਵਾ, ਜਿੰਦਰ ਸਿੰਘ ਚਾਹਲ, ਪਰਮਿੰਦਰ ਬਮਰਾਹ ਧੱਲੇਕੇ, ਇਕਬਾਲ ਸਿੰਘ ਕਲੇਰ ਅਤੇ ਗਿਆਨੀ ਸ਼ਮਸ਼ੇਰ ਸਿੰਘ ਨੇ ਬੋਲਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮਨਦੀਪ ਖੁਰਮੀ ਹਿੰਮਤਪੁਰਾ ਨੇ ਪੰਜਾਬ ਦੇ ਮੂੰਹੋਂ ਉਸਦੇ ਦੁੱਖ ਬਿਆਨ ਕਰਵਾਉਂਦਾ ਗੀਤ ‘ਮੈਂ ਪੰਜਾਬ’ ਗਾ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਗੀਤ ਸਮੇਂ ਦੀ ਲੋੜ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਉਸਾਰੂ ਅਤੇ ਸਮਾਜਿਕ ਸ਼ਬਦਾਵਲੀ ਵਾਲੇ ਗੀਤਾਂ ਨੂੰ ਪਰਿਵਾਰਾਂ ਵਿੱਚ ਬੈਠ ਕੇ ਸੁਣਨ।