ਇਹ ਸੱਚ ਹੈ ਕਿ ਪ੍ਰਵਾਸੀ ਜਿਸ ਪੰਜਾਬ ਨੂੰ ਵਿਦੇਸ਼ੀ ਜੰਮੇ ਆਪਣੇ ਬੱਚਿਆਂ ਨੂੰ ਵਿਖਾਉਣਾ ਚਾਹੁੰਦੇ ਹਨ, ਉਹ ਸ਼ਾਇਦ ਸੱਚਮੁੱਚ ਸੁਪਨਿਆਂ ‘ਚ ਹੀ ਸਿਮਟ ਕੇ ਰਹਿ ਗਿਆ ਹੈ। ਦਿਨ ਦਿਨ ਨਿਘਰਦੇ ਪੰਜਾਬ ਨੂੰ ਸਤੀਰ ਵਾਂਗ ਉਚਾ ਕਰਨ ਲਈ ਪ੍ਰਵਾਸੀਆਂ ਨੇ ਸਰਦਾ ਯੋਗਦਾਨ ਪਾਇਆ ਅਤੇ ਪਾ ਰਹੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਮੌਜੂਦਾ ਪੰਜਾਬ ਨੂੰ ਵੇਖ ਕੇ ਜਿੱਥੇ ਇਕ ਚੀਸ ਨਿਕਲਦੀ ਹੈ ਉਥੇ ਪੰਜਾਬ ਪ੍ਰਤੀ ਹਮਦਰਦੀ ਨਿਕਲ ਕੇ ਉਸ ਵਾਹਿਗੁਰੂ ਨੂੰ ਸ਼ਿਕਵਾ ਤੱਕ ਕਰ ਜਾਂਦੀ ਹੈ। ਇਕ ਅਜਿਹਾ ਹੀ ਗੀਤ ਆ ਰਿਹੈ ਸੱਤ ਜਨਵਰੀ ਨੂੰ।
ਆਪਣੇ ਪਿੰਡ ਹਿੰਮਤਪੁਰਾ ਦੇ ਨਾਂਅ ‘ਤੇ ਵੈੱਬਸਾਈਟ ਬਣਾ ਕੇ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਨੂੰ ਇੱਕ ਲੜੀ ‘ਚ ਪ੍ਰੋਣ ਕਰਕੇ ਮਨਦੀਪ ਖੁਰਮੀ ਨੇ ਵੱਖਰੀ ਪਛਾਣ ਕਾਇਮ ਕੀਤੀ। ਵਿਸ਼ਵ ਭਰ ਦੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਵਿੱਚ ਛਪਦੇ ਉਸਦੇ ਲੇਖ ਵੀ ਅਕਸਰ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਹਨ। ਅਜੋਕੀ ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ ਖਿਲਾਫ਼ ਮਨਦੀਪ ਵੱਲੋਂ ਗਾਇਕਾਂ, ਮਾਪਿਆਂ ਅਤੇ ਅਫ਼ਸਰਸ਼ਾਹੀ ਨੂੰ ਬੇਨਤੀਆਂ ਰੂਪੀ ਲਿਖਿਆ ਪੋਸਟਰ ਸਿਰਫ ਪੰਜਾਬ ਦੀਆਂ ਕੰਧਾਂ ‘ਤੇ ਹੀ ਨਹੀਂ ਲੱਗਿਆ ਸਗੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਵੀ ਉਸ ਇਬਾਰਤ ਨੂੰ ਮਣਾਂਮੂੰਹੀਂ ਪਿਆਰ ਦਿੱਤਾ ਸੀ। ਹੁਣ ਮਨਦੀਪ ਖੁਰਮੀ ਹਿੰਮਤਪੁਰਾ 7 ਜਨਵਰੀ ਨੂੰ ਆਪਣੇ ਲਿਖੇ ਤੇ ਗਾਏ ਗੀਤ “ਓ ਪੰਜਾਬ ਸਿਆ” ਰਾਹੀਂ ਸ੍ਰੋਤਿਆਂ ਨਾਲ ਵੀ ਸਾਂਝ ਪਾਉਣ ਆ ਰਿਹਾ ਹੈ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਕੁਝ ਦਿਨਾਂ ਤੋਂ ਇਸ ਗੀਤ ਦਾ ਪੋਸਟਰ ਸੋਸ਼ਲ ਸਾਈਟਾਂ ‘ਤੇ ਤੇਜ਼ੀ ਨਾਲ ਸਾਂਝਾ ਹੋ ਰਿਹਾ ਹੈ। ਇਸ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਇੰਗਲੈਂਡ ਦੀ ਮਹਾਰਾਣੀ ਤੋਂ ਓ ਬੀ ਈ ਦਾ ਸਨਮਾਨ ਪ੍ਰਾਪਤ ਗਾਇਕ ਚੰਨੀ ਸਿੰਘ (ਗਾਡਫਾਦਰ ਆਫ ਭੰਗੜਾ), ਡਾ: ਤਾਰਾ ਸਿੰਘ ਆਲਮ, ਹਰਜੋਤ ਸੰਧੂ ਹਾਲੈਂਡ, ਹਰਪ੍ਰੀਤ ਸਿੰਘ ਦਹੇੜੂ, ਅਮਰ ਘੋਲੀਆ ਵਰਗੀ ਸੂਝਵਾਨ ਟੀਮ ਦੀ ਨਿਗਰਾਨੀ ਹੇਠ ਜਸ਼ੂ ਰਿਕਾਰਡਜ ਦੇ ਬੈਨਰ ਹੇਠ ਹਰ ਇਨਸਾਨ ਲਈ ਸਤਿਕਾਰਤ ਹਸਤੀ ਤੋਂ ਰਿਲੀਜ਼ ਕਰਵਾ ਕੇ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨੌਜਵਾਨ ਸੰਗੀਤਕਾਰ ਗੁਰਸ਼ੇਰ ਸਿੰਘ ਵੱਲੋਂ ਸ਼ਿੰਗਾਰੇ ਇਸ ਗੀਤ ਨੂੰ ਗਾਉਣ ਦੇ ਮਕਸਦ ਬਾਰੇ ਉਹਨਾਂ ਕਿਹਾ ਕਿ ਗਾਇਕ ਕਿਸੇ ਵੀ ਖਿੱਤੇ ਦੇ ਦੂਤ ਹੁੰਦੇ ਹਨ ਪਰ ਪੰਜਾਬ ਦੇ ਜਿਆਦਾਤਰ ਗਾਇਕ ਜਿੱਥੇ ਆਪਣੀਆਂ ਜਿੰਮੇਵਾਰੀਆਂ ਤੋਂ ਭਗੌੜੇ ਹੋ ਚੁੱਕੇ ਹਨ ਉੱਥੇ ਨੌਜਵਾਨਾਂ ਨੂੰ ਮਾਨਸਿਕ ਨਿਪੁੰਸਕਤਾ ਦੇ ਰਾਹ ਤੋਰਨ ‘ਚ ਸਾਥ ਦੇ ਰਹੇ ਹਨ। ਇਹ ਗੀਤ ਨਿਸ਼ਕਾਮ ਭਾਵਨਾ ਤਹਿਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਹੋਵੇਗਾ।