ਪਰਥ ਵਿੱਚ ਇੱਕ ਮਹਿਲਾ ਉਪਰ ਅੱਗ ਨਾਲ ਹਮਲਾ ਕਰਨ ਵਾਲੇ ਦਾ ਚਿੱਤਰ ਪੁਲਿਸ ਵੱਲੋਂ ਜਾਰੀ -ਮੱਥੇ ਉਪਰ ਬਣਿਆ ਹੋਇਆ ‘ਸਵਾਸਤਿਕ’ ਦਾ ਨਿਸ਼ਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਪੁਲਿਸ ਵੱਲੋਂ ਇੱਕ 40 ਕੁ ਸਾਲਾਂ ਦੇ ਅਜਿਹੇ ਪੁਰਸ਼ ਦੀ ਤਲਾਸ਼ ਹੈ ਜਿਸ ਦੇ ਮੱਥੇ ਉਪਰ ਸਵਾਸਤਿਕ ਦਾ ਚਿੰਨ੍ਹ ਬਣਿਆ ਹੋਇਆ ਹੈ ਅਤੇ ਉਸ ਉਪਰ ਇਲਜ਼ਾਮ ਹੈ ਕਿ ਉਸਨੇ ਪਰਥ ਵਿੱਚ ਇੱਕ ਮਹਿਲਾ ਉਪਰ ਅੱਗ ਨਾਲ ਹਮਲਾ ਕਰ ਕੇ ਉਕਤ ਮਹਿਲਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਕਤ ਵਾਰਦਾਤ ਬੀਤੇ ਸ਼ਨਿਚਰਵਾਰ ਦੀ ਰਾਤ ਨੂੰ ਪਰਥ ਦੇ ਇੱਕ ਸਬਅਰਬ -ਗੌਸਨੈਲਜ਼ ਵਿਖੇ ਹੋਈ ਸੀ। ਪੁਲਿਸ ਇਸ ਵਾਰਦਾਤ ਨੂੰ ਜਾਤ-ਪਾਤ ਸਬੰਧੀ ਹਮਲਾ ਮੰਨ ਰਹੀ ਹੈ।
ਪੱਛਮੀ ਆਸਟ੍ਰੇਲੀਆ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਉਕਤ ਵਿਅਕਤੀ ਦਾ ਚਿੱਤਰ ਬਣਾਇਆ ਹੈ ਅਤੇ ਜਾਰੀ ਕਰਦਿਆਂ ਕਿਹਾ ਹੈ ਕਿ ਉਕਤ ਵਿਅਕਤੀ ਸਿਰੋਂ ਗੰਜਾ ਹੈ, 40ਵਿਆਂ ਸਾਲਾਂ ਵਿੱਚ ਹੈ, ਉਸ ਦਾ ਕੱਦ 175 ਸੈਂਟੀਮੀਟਰ ਹੈ ਅਤੇ ਉਸਨੇ ਆਪਣੇ ਮੱਥੇ ਉਪਰ ਸਫ਼ੈਦ ਰੰਗ ਨਾਲ ਸਵਾਸਤਿਕ ਦਾ ਨਿਸ਼ਾਨ ਬਣਾਇਆ ਹੋਇਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਸੀਨ ਬੈਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਕਤ ਵਿਅਕਤੀ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਦੁਅਰਾ ਕਈ ਦੁਕਾਨਾਂ ਦੇ ਸਾਹਮਣੇ ਤੋਂ ਇੱਕ ਅਜੀਬ ਜਿਹੀ ਮਾਨਸਿਕ ਸਥਿਤੀ ਨਾਲ ਤੁਰਦਿਆਂ ਦੇਖਿਆ ਗਿਆ ਹੈ ਅਤੇ ਇਸੇ ਸ਼ਾਮ ਉਸਨੇ ਉਕਤ ਮਹਿਲਾ ਅਤੇ ਉਸਦੇ ਬੱਚੇ ਉਪਰ ਅੱਗ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਪੁਲਿਸ ਵੱਲੋਂ ਜਨਤਕ ਤੌਰ ਤੇ ਕਿਹਾ ਗਿਆ ਹੈ ਕਿ ਅਜਿਹੀਆਂ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਵਾਰਦਾਤਾਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਵਾਸਤੇ ਅਪੀਲ ਹੈ ਕਿ ਜੇਕਰ ਕਿਸੇ ਨੂੰ ਵੀ ਉਕਤ ਵਾਰਦਾਤ ਅਤੇ ਜਾਂ ਫੇਰ ਉਕਤ ਹਮਲਾ ਕਰਨ ਵਾਲੇ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਮੁੜ ਤੋਂ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ ਅਤੇ ਇਨ੍ਹਾਂ ਵਾਰਦਾਤਾਂ ਦਾ ਕੋਈ ਵੀ ਸ਼ਿਕਾਰ ਨਾ ਹੋ ਸਕੇ।

Install Punjabi Akhbar App

Install
×