ਸਾਬਕਾ ਪਤਨੀ ਦੇ ਘਰ ਨੂੰ ਲਾਈ ਅੱਗ… ਆਪ ਗਿਆ ਅੱਗ ਦੇ ਮੂੰਹ ਵਿੱਚ

ਮੈਲਬੋਰਨ ਦੇ ਉਤਰੀ ਖੇਤਰ ਵਿਚਲੇ ਸ਼ਹਿਰ ਪਾਸਕੋ ਵੇਲ ਦੇ ਰ੍ਹੋਡਜ਼ ਪੈਰਡ ਵਿਖੇ, ਇੱਕ ਦੋ ਮੰਜ਼ਿਲਾ ਘਰ ਨੂੰ ਲੱਗੀ ਅੱਗ ਵਿੱਚ ਇੱਕ 65 ਸਾਲਾਂ ਦਾ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੇਲਦਿਆਂ, ਹਸਪਤਾਲ ਵਿੱਚ ਜਾ ਕੇ ਉਸਦੀ ਮੌਤ ਹੋ ਗਈ।
ਮਹਿਲਾ ਅਤੇ ਪੁਲਿਸ ਮੁਤਾਬਿਕ, ਉਕਤ ਘਰ, ਮਰਨ ਵਾਲੇ ਵਿਅਕਤੀ ਦੀ ਸਾਬਕਾ ਪਤਨੀ ਦਾ ਸੀ ਜਿਸਨੂੰ ਕਿ ਉਹ ਵਿਅਕਤੀ ਅੱਗ ਲਗਾਉਣ ਹੀ ਆਇਆ ਸੀ। ਉਸਨੇ ਅੱਗ ਲਗਾ ਵੀ ਦਿੱਤੀ ਪਰੰਤੂ ਉਸਦੀ ਸਾਬਕਾ ਪਤਨੀ ਕਿਸੇ ਤਰ੍ਹਾਂ ਨਾਲ ਬੱਚ ਕੇ ਘਰ ਵਿੱਚੋਂ ਬਾਹਰ ਨਿਕਲ ਗਈ ਪਰੰਤੂ ਉਕਤ ਵਿਅਕਤੀ ਘਰ ਦੇ ਅੰਦਰ ਹੀ ਫੱਸ ਗਿਆ ਅਤੇ ਅੱਗ ਦੇ ਮੂੰਹ ਵਿੱਚ ਜਾ ਪਿਆ।
ਪੁਲਿਸ ਨੇ ਕਿਹਾ ਕਿ ਉਕਤ ਮਹਿਲਾ ਨੇ ਪੁਲਿਸ ਨੂੰ ਫੋਨ ਕੀਤਾ ਸੀ ਕਿ ਉਕਤ ਵਿਅਕਤੀ, ਘਰ ਦਾ ਸ਼ੀਸ਼ਾ ਤੋੜ ਕੇ ਘਰ ਦੇ ਅੰਦਰ ਵੜ੍ਹ ਆਇਆ ਹੈ ਅਤੇ ਇਸਤੋਂ ਬਾਅਦ ਪੁਲਿਸ ਨੂੰ ਘਰ ਵਿੱਚ ਅੱਗ ਲੱਗਣ ਦੀਆਂ ਫੋਨ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।
ਜ਼ਿਕਰਯੋਗ ਹੈ ਕਿ ਮਹਿਲਾ ਨੇ ਇਹ ਘਰ 3 ਸਾਲ ਪਹਿਲਾਂ ਹੀ ਖਰੀਦਿਆ ਸੀ ਅਤੇ ਕੁੱਝ ਮਹੀਨੇ ਪਹਿਲਾਂ ਹੀ ਉਸਨੇ ਇਸ ਘਰ ਅੰਦਰ ਰਹਿਣਾ ਸ਼ੁਰੂ ਕੀਤਾ ਸੀ।