ਐਡੀਲੇਡ ਵਿੱਚ ਗੋਲੀਬਾਰੀ ਦੀ ਘਟਨਾ, ਇੱਕ ਜ਼ਖ਼ਮੀ, ਇੱਕ ਗ੍ਰਿਫ਼ਤਾਰ

ਐਡੀਲੇਡ ਦੇ ਰਾਇਲ ਪਾਰਕ ਵਿਖੇ ਬ੍ਰੈਂਡਵੁੱਡ ਸਟ੍ਰੀਟ ਅੰਦਰ ਇੱਕ ਘਰ ਵਿੱਚ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਤੇ ਉਸਨੂੰ ਰਾਇਲ ਐਡੀਲੇਡ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ ਅਤੇ ਉਕਤ 47 ਸਾਲਾਂ ਦਾ ਵਿਅਕਤੀ ਵੈਸੇ ਤਾਂ ਖ਼ਤਰੇ ਤੋਂ ਬਾਹਰ ਹੈ ਪਰੰਤੂ ਫੇਰ ਵੀ ਜ਼ੇਰੇ ਇਲਜਾ ਹੈ।
ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 44 ਸਾਲਾਂ ਦੇ ਇੱਕ ਸ਼ਖ਼ਸ ਨੂੰ ਪੁਲਿਸ ਨੇ ਰਾਤੋ-ਰਾਤ ਸਥਾਨਕ ਕਰੋਇਡਨ ਪਾਰਕ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਪੁਲਿਸ ਹੁਣ ਤਹਿਕੀਕਾਤ ਕਰ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਉਪਰ ਮਾਰੂ ਹਥਿਆਰ ਰੱਖਣ ਅਤੇ ਕਾਤਿਲਾਨਾ ਹਮਲੇ ਆਦਿ ਵਰਗੇ ਇਲਜ਼ਾਮਾਂ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਅਦਾਲਤ ਵਿੱਚ ਪੇਸ਼ ਕਰਨ ਤੇ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ ਅਤੇ ਉਸਨੂੰ ਅੱਜ ਪੋਰਟ ਐਡੀਲੇਡ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਪੁਲਿਸ ਵੱਲੋਂ ਜਨਤਕ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕੋਈ ਚਸ਼ਮਦੀਦੀ ਹੋਵੇ ਤਾਂ ਤੁਰੰਤ ਕ੍ਰਾਈਮ ਸਟਾਪਰਜ਼ ਨੂੰ ਆਨਲਾਈਨ ਸੰਪਰਕ ਕਰੇ ਅਤੇ ਜਾਂ ਫੇਰ 1800 333 000 ਤੇ ਸੂਚਨਾ ਦੇਵੇ।