186 ਕਿਲੋਮੀਟਰ ਪ੍ਰਤੀ ਘੰਟਾ ਜਾ ਰਹੇ ਕਾਰ ਚਾਲਕ ਨੂੰ ਨਿਊਜ਼ੀਲੈਂਡ ਪੁਲਿਸ ਨੇ ਹੈਲੀਕਾਪਟਰ ਦੇ ਸਹਾਰੇ ਦਬੋਚਿਆ

NZ PIC 30 Sep-2
ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਇਕ ਸ਼ਹਿਰ ਗੋਰੇ ਵਿਖੇ ਇਕ ਕਾਰ ਚਾਲਕ ਜੋ ਕਿ 186 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਿਹਾ ਸੀ, ਨੂੰ ਪੁਲਿਸ ਨੇ ਹੈਲੀਕਾਪਟਰ ਦੇ ਸਹਾਰੇ ਦਬੋਚਿਆ ਹੈ। ‘ਫੋਰਡ ਫਾਲਕਨ ਐਕਸ. ਆਰ.-6’ ਮਾਡਲ ਕਾਰ ਉਡਾ ਰਹੇ ਇਸ ਕਾਰ ਡ੍ਰਾਈਵਰ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਕਾਰ ਹੋਰ ਭਜਾ ਲਈ। ਪੁਲਿਸ ਨੇ ਵੀ ਐਨੀ ਤੇਜ਼ ਗਤੀ ਦੇ ਵਿਚ ਪਿੱਛਾ ਕਰਨ ਨੂੰ ਸੁਰੱਖਿਅਤ ਨਹੀਂ ਸਮਝਿਆ। ਫਿਰ ਇਕ ਹੋਰ ਪੁਲਿਸ ਅਫਸਰ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿੱਥੇ ਕਿਸੇ ਨੂੰ ਰਲਣ ਦੇਵੇ। ਆਖਿਰ ਪੁਲਿਸ ਨੇ ‘ਏਅਰ ਸੁਪਰੋਟ’ ਨੂੰ ਕਾਲ ਕੀਤਾ। ਸਵਾ ਕੁ ਘੰਟੇ ਬਾਅਦ ਹੈਲੀਕਾਪਟਰ ਦੇ ਪਾਇਲਟ ਨੇ ਉਸਦੀ ਕਾਰ ਨੂੰ ਕਿਸੀ ਸੜ੍ਹਕ ਉਤੇ ਪਛਾਣ ਲਿਆ ਅਤੇ ਪੁਲਿਸ ਨੂੰ ਜਗ੍ਹਾ ਦਾ ਵੇਰਵਾ ਦੇ ਕੇ ਪੁਲਿਸ ਦੇ ਹਵਾਲੇ ਕਰਵਾ ਦਿੱਤਾ। ਜਿਸ ਵੇਲੇ ਹੈਲੀਕਾਪਟਰ ਦੀ ਮਦਦ ਲਈ ਗਈ ਉਸ ਵੇਲੇ ਉਹ ਪਾਇਲਟ ਕਿਤੇ ਜਾਣ ਦੀ ਤਿਆਰੀ ਵਿਚ ਸੀ ਪਰ ਉਸਨੇ ਇਸ ਤੇਜ਼ ਗਤੀ ਵਾਲੇ ਲਾਪਰਵਾਹ ਕਾਰ ਚਾਲਕ ਨੂੰ ਗ੍ਰਿਫਤਾਰ ਕਰਵਾ ਕੇ ਰਾਹਗੀਰਾਂ ਦੀ ਸੁਰੱਖਿਆਂ ਵਿਚ ਆਪਣਾ ਯੋਗਦਾਨ ਪਾਇਆ। ਪੁਲਿਸ ਇਸ ਗੱਲੋਂ ਬੇਹੱਦ ਖੁਸ਼ ਹੈ ਅਤੇ ਧੰਨਵਾਦੀ ਹੈ। ਹੁਣ ਇਸ ਕਾਰ ਚਾਲਕ ਦੇ ਉਤੇ ਲਾਪਰਵਾਹ ਡ੍ਰਾਈਵਿੰਗ ਦਾ ਦੋਸ਼ ਲਗਾ ਕੇ ਅਦਾਲਤੀ ਕਾਰਵਾਈ ਕੀਤੀ ਜਾਵੇਗੀ।