ਮਾਲਵਾ ਸਪੋਰਟਸ ਕਾਰਨੀਵਲ-ਖੇਡਾਂ ਹੀ ਖੇਡਾਂ

NZ PIC 20 Oct-1

ਪਾਪਾਟੋਏਟੋਏ ਵਿਖੇ ਹੋਏ ਖੇਡ ਟੂਰਨਾਮੈਂਟ ‘ਚ ਕਬੱਡੀ ਕੱਪ ਮਾਲਵਾ ਸਪੋਰਟਸ ਕਲੱਬ ਨੇ ਜਿੱਤਿਆ-ਦੁਆਬਾ ਦੂਜੇ ਨੰਬਰ ‘ਤੇ
– ਕੁੜੀਆਂ ਦੇ ਮੈਚ ਵਿਚ ਦੁਆਬਾ ਪਹਿਲੇ ਨੰਬਰ ਉਤੇ
– ਸ. ਹਰਬੰਤ ਸਿੰਘ ਬਿੱਲਾ (ਗਰੇਵਾਲ) ਦਾ ਸੋਨੇ ਦੇ ਤਮਗੇ ਨਾਲ ਸਨਮਾਨ
ਔਕਲੈਂਡ 20  ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਅੱਜ ‘ਪਾਪਾਟੋਏਟੋਏ ਰੀਕ੍ਰੀਏਸ਼ਨ ਸੈਂਟਰ’ ਵਿਖੇ ਕਰਵਾਏ ਗਏ ‘ਸਪੋਰਟਸ ਕਾਰਨੀਵਲ’ ਦੇ ਵਿਚ ਖੂਬ ਰੌਣਕ ਰਹੀ। ਪੂਰੀ ਗਰਾਉਂਡ ਦੇ ਵਿਚ ਇਕੋ ਸਮੇਂ 5 ਖੇਡਾਂ ਚੱਲੀਆਂ ਜਿਨ੍ਹਾਂ ਵਿਚ ਕਬੱਡੀ, ਫੁੱਟਬਾਲ, 2 ਥਾਂ ਵਾਲੀਵਾਲ  ਤੇ ਵਾਲੀਵਾਲ ਸ਼ੂਟਿੰਗ। ਬੱਚਿਆਂ ਦੀ ਦੌੜਾਂ ਅਤੇ ਮਿਊਜ਼ੀਕਲ ਚੇਅਰ ਨੇ ਅਲੱਗ ਹਾਸੇ ਅਤੇ ਮਨੋਰੰਜਨ ਦਾ ਰੰਗ ਭਰਿਆ। ਮਾਨਯੋਗ ਹਸਤੀਆਂ ਦਾ ਸਨਮਾਨ ਵੀ ਨਾਲੋ-ਨਾਲ ਚਲਦਾ ਰਿਹਾ। ਮੌਸਮ ਕਦੇ ਠੰਡਾ ਅਤੇ ਕਦੇ ਗਰਮ ਹੁੰਦਾ ਰਿਹਾ। ਕਬੱਡੀ ਟੂਰਨਾਮੈਂਟ ਦੇ ਵਿਚ 7 ਖੇਡ ਕਲੱਬਾਂ ਮਾਲਵਾ ਸਪੋਰਟਸ ਕਲੱਬ ਦੀ ਟੀਮ-ਏ ਅਤੇ ਬੀ, ਬੇਅ ਆਫ ਪਲੈਂਟੀ, ਚੜ੍ਹਦੀ ਕਲਾ ਪਾਪਾਮੋਆ, ਸ਼ਹੀਦ ਭਗਤ ਸਿੰਘ ਕਲੱਬ, ਪੰਜਾਬ ਕੇਸਰੀ ਅਤੇ ਦੁਆਰਾ ਸਪੋਰਟਸ ਕਲੱਬ ਨੇ ਭਾਗ ਲਿਆ। ਪਹਿਲੇ ਸੈਮੀਫਾਈਨਲ ਦੇ ਵਿਚ ਮਾਲਵਾ ਸਪੋਰਟਸ ਕਲੱਬ ਨੇ ਬੇਅ ਆਫ ਪਲੈਂਟੀ ਨੂੰ ਹਰਾ ਕੇ ਅਤੇ ਦੁਆਬਾ ਸਪੋਰਟਸ ਕਲੱਬ ਨੇ ਹੇਸਟਿੰਗ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਐਂਟਰੀ ਮਾਰੀ। ਅੰਤਿਮ ਮੁਕਾਬਲਾ ਬੜਾ ਰੌਚਿਕ ਸੀ ਜੋ ਮਾਲਵਾ ਸਪੋਰਟਸ ਕਲੱਬ ਨੇ ਦੁਆਬਾ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਮੈਚ ਦੌਰਾਨ ਕਿਸੇ ਗੱਲ ਨੂੰ ਲੈ ਕੇ ਰੁਕਾਵਟ ਹੋਈ, ਪਰ ਜਲਦੀ ਹੀ ਇਸਨੂੰ ਸੁਲਝਾ ਕੇ ਮੈਚ ਦੁਬਾਰਾ ਸ਼ੁਰੂ ਕੀਤਾ ਗਿਆ। ਕੁੜੀਆਂ ਦਾ ਕਬੱਡੀ ਮੈਚ ਵੀ ਰੱਖਿਆ ਗਿਆ ਸੀ ਜਿਸ ਦੇ ਵਿਚ ਮਾਲਵਾ ਕਲੱਬ ਦੀ ਟੀਮ ਨੂੰ ਦੁਆਬਾ ਸਪੋਰਟਸ ਕਲੱਬ ਤੇ ਸ. ਤਾਰਾ ਸਿੰਘ ਬੈਂਸ ਦੀ ਟੀਮ ਨੇ ਆਪਣੇ ਨਾਂਅ ਕਰਕੇ ਜਿੱਤ ਹਾਸਿਲ ਕੀਤੀ। ਦੁਆਬਾ ਸਪੋਰਟਸ ਕਲੱਬ ਤੋਂ ਇੰਦਰਜੀਤ ਕਾਲਕਟ, ਬਲਹਾਰ ਮਾਹਿਲ, ਵਰਿੰਦਰ ਬਰੇਲੀ, ਮਾਸਟਰ ਜੋਗਿੰਦਰ ਸਿੰਘ, ਬੱਲਾ, ਤਾਰਾ ਸਿੰਘ ਬੈਂਸ, ਦਲਜੀਤ ਸਿੱਧੂ, ਗੁਰਵਿੰਦਰ ਔਲਖ, ਮਨਿੰਦਰ ਬਾਈ, ਸੋਫੀ ਮੰਡੇਰ ਅਤੇ ਦੀਪਾ ਬੈਂਸ ਨੇ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਗੀਤਕਾਰ ਖੁਦ ਗਹੌਰੀਆ ਨੇ ਟੂਰਨਾਮੈਂਟ ਸਬੰਧੀ ਲਿਖਿਆ ਗੀਤ ਸੁਣਾਇਆ ਅਤੇ ਸ. ਅਮਰੀਕ ਸਿੰਘ ਜਗੈਤ ਨੇ ਬੁਗਚੂ ਵਜਾ ਕੇ ਸੰਗੀਤਕ ਮਾਹੌਲ ਸਿਰਜਿਆ। ਰੈਫਰੀਜ਼ ਦੀਆਂ ਸੇਵਾਵਾਂ ਮੰਗਾ ਭੰਡਾਲ, ਵਰਿੰਦਰ ਬਰੇਲੀ, ਜੱਸਾ ਬੋਲੀਨਾ ਅਤੇ ਪਲਵਿੰਦਰ ਸਿੰਘ ਨੇ ਨਿਭਾਈਆਂ ਜਦ ਕਿ ਕੁਮੈਂਟਰੀ ਵਾਸਤੇ ਅਮਰੀਕ ਸਿੰਘ ਖੋਸਾ ਕੋਟਲਾ, ਸੱਤਾ ਜਲਾਲਪੁਰੀਆ ਅਤੇ ਦੁੱਲਾ ਟੌਰੰਗਾ ਪਹੁੰਚੇ ਸਨ। ਕਬੱਡੀ ਐਚ. ਡੀ. ਲਾਈਵ ਤੋਂ ਜੋਤ ਅਤੇ ਇੰਦਰ ਸਾਰੇ ਟੂਰਨਾਮੈਂਟ ਨੂੰ ਲਾਈਵ ਅਤੇ ਤਸਵੀਰਾਂ ਵਿਚ ਕੈਦ ਕਰ ਰਹੇ ਸਨ।
ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਇੰਡੋ ਸਪਾਈਸ ਵੱਲੋਂ ਸੋਨੇ ਦੀਆਂ ਮੁੰਦਰੀਆਂ ਅਤੇ ਰੇਡੀਓ ਸਾਡੇ ਆਲਾ ਵੱਲੋਂ ਬੱਚਿਆਂ ਦੇ ਲਈ ਅਤੇ ਮਿਊਜ਼ੀਕਲ ਚੇਅਰ ਦੇ ਜੇਤੂ ਨੂੰ ਸੋਨੇ ਦੀ ਮੁੰਦਰੀਆਂ ਨਾਲ ਨਿਵਾਜਿਆ ਗਿਆ। ਕਲੱਬ ਦੇ ਥੰਮ ਸ. ਹਰਬੰਤ ਸਿੰਘ ਬਿੱਲਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ।
ਵਾਲੀਵਾਲ: ਵਾਲੀਵਾਲ ਦਾ ਫਾਈਨਲ ਮੁਕਾਬਲਾ ਕਲਗੀਧਰ ਲਾਇਨਜ਼ ਨੇ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਨੂੰ ਹਰਾ ਕੇ ਆਪਣੇ ਨਾਂਅ ਕੀਤਾ।
ਵਾਲੀਵਾਲ ਸ਼ੂਟਿੰਗ: ਵਾਲੀਵਾਲ ਸ਼ੂਟਿੰਗ ਦਾ ਆਖਰੀ ਮੁਕਾਬਲਾ ਮਾਲਵਾ ਬੀ ਦੀ ਟੀਮ ਨੇ ਮਾਲਵਾ ਏ ਦੀ ਟੀਮ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਸੈਮੀਫਾਈਨਲ ਦੇ ਵਿਚ ਫਾਈਵ ਰਿਵਰਜ਼ ਏ ਅਤੇ ਬੀ ਦੀਆਂ ਟੀਮਾਂ ਪਹੁੰਚੀਆਂ ਸਨ।

Install Punjabi Akhbar App

Install
×