
ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੀ ਇੱਕ ਟੀਮ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਾਰੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਨਮਨ ਕਰਨ ਲਈ ਸਿੰਘੂ ਬਾਰਡਰ ਦਿੱਲੀ ਗਈ। ਇਸ ਮੌਕੇ ਸੈਂਟਰ ਵੱਲੋਂ ਕਿਸਾਨਾਂ ਦੇ ਵਿਭਿੰਨ ਪੰਡਾਲਾਂ ਵਿੱਚ ਇੱਕ ਹਜ਼ਾਰ ਦੇ ਕਰੀਬ ਪੁਸਤਕਾਂ ਤੇ ਹੋਰ ਸਮੱਗਰੀ ਦਿੱਤੀ ਗਈ। ਡਾ. ਸਵਰਾਜ ਸਿੰਘ ਨੇ ਦੱਸਿਆ ਕਿ ਸਾਮਰਾਜੀ ਮੰਡੀ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਸਹੀ ਦਿਸ਼ਾ ਵਿੱਚ ਚੱਲ ਰਿਹਾ ਹੈ। ਕਿਸਾਨੀ ਦੀ ਹੋਂਦ ਬਚਾਉਣ ਲਈ ਇਹ ਸੰਘਰਸ਼ ਸਰਬੱਤ ਦੇ ਭਲੇ ਲਈ ਹੈ। ਗੁਰਮਤਿ ਆਸੇ ਅਨੁਸਾਰ ਮਾਨਵੀ ਹੋਂਦ ਨੂੰ ਖਤਰਾ ਬਣ ਰਹੀ ਸਰਮਾਏਦਾਰੀ ਦੇ ਭੈੜੇ ਇਰਾਦਿਆਂ ਨੂੰ ਇਹ ਸੰਘਰਸ਼ ਠੱਲ੍ਹ ਪਾਏਗਾ। ਕਿਸਾਨ ਅੰਦੋਲਨ ਨੇ ਸਾਡੇ ਅੰਦਰਲੇ ਮਨੁੱਖੀ ਤੱਤ ਨੂੰ ਜਾਗਰਿਤ ਕੀਤਾ ਹੈ। ਇਸ ਬਾਰੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਹੌਂਸਲੇ, ਸਿਦਕ ਦਿਲੀ ਅਤੇ ਮਾਨਵੀ ਸਰੋਕਾਰਾਂ ਨੇ ਸੰਘਰਸ਼ ਨੂੰ ਵਿਸ਼ਵ ਵਿਆਪੀ ਬਣਾ ਦਿੱਤਾ ਹੈ। ਇਸ ਅੰਦੋਲਨ ਦੌਰਾਨ ਆਪਸੀ ਸਾਂਝ, ਭਰਾਤਰੀ ਭਾਵ ਤੇ ਸੁਹਿਰਦਤਾ ਦੇਖਣ ਨੂੰ ਮਿਲ ਰਹੀ ਹੈ, ਉਹ ਅੰਨਦਾਤੇ ਦੇ ਅਸਲ ਸੰਕਲਪ ਨੂੰ ਉਜਾਗਰ ਕਰ ਰਹੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ 1 ਹਜ਼ਾਰ ਦੇ ਕਰੀਬ ਹੋਰ ਪੁਸਤਕਾਂ ਅਤੇ ਹੋਰ ਜਰੂਰੀ ਸਮੱਗਰੀ ਸ਼ੀਘਰ ਹੀ ਇਸ ਅੰਦੋਲਨ ਵਿੱਚ ਭੇਜੀ ਜਾ ਰਹੀ ਹੈ। ਇਸ ਟੀਮ ਵਿੱਚ ਗੁਰਨਾਮ ਸਿੰਘ, ਡਾ. ਗੁਰਿੰਦਰ ਕੌਰ, ਸੰਦੀਪ, ਸਾਧਾ ਸਿੰਘ ਸ਼ਾਮਲ ਸਨ।