ਅਜੋਕੇ ਮਨੁੱਖ ਅਤੇ ਸੰਸਾਰ ਦੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਕੁਦਰਤ ਨਾਲੋਂ ਟੁੱਟਣਾ ਹੈ— ਡਾ. ਸਵਰਾਜ ਸਿੰਘ

ਭਾਈ ਹਰਿਸਿਮਰਨ ਸਿੰਘ ਦੀ ਪੁਸਤਕ ਤੇ ਵਿਚਾਰ ਗੋਸ਼ਟੀ

ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਪਟਿਆਲਾ ਵੱਲੋਂ ਉਘੇ ਚਿੰਤਕ ਭਾਈ ਹਰਿਸਿਮਰਨ ਸਿੰਘ ਦੀ ਪੁਸਤਕ ਰਾਜ ਅਤੇ ਵਿਸ਼ਵ ਦਾ ਬਦਲਵਾਂ ਮਾਡਲ (Alternative State and Global Order) ਉੱਪਰ ਵਿਸ਼ਾਲ ਗੋਸ਼ਟੀ ਦਾ ਆਯੋਜਨ ਭਾਸ਼ਾ ਭਵਨ ਵਿਖੇ ਕੀਤਾ ਗਿਆ। ਡਾ. ਸਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਗੋਸ਼ਟੀ ਵਿੱਚ ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ, ਡਾ. ਹਰਕੇਸ਼ ਸਿੰਘ ਸਿੱਧੂ ਰਿਟਾ. ਆਈ.ਏ.ਐਸ (ਰਿ) ਵਿਸ਼ੇਸ਼ ਮਹਿਮਾਨ ਅਤੇ ਇਨ੍ਹਾਂ ਨਾਲ ਪ੍ਰਮੁੱਖ ਵਿਦਵਾਨ ਡਾ ਕੇਹਰ ਸਿੰਘ, ਭਾਈ ਹਰਿਸਿਮਰਨ ਸਿੰਘ, ਸ. ਨਾਹਰ ਸਿੰਘ ਡੀ.ਐਸ.ਪੀ. (ਰਿਟਾ.) ਤੇ ਡਾ. ਭਗਵੰਤ ਸਿੰਘ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਪ੍ਰਗਟ ਸਿੰਘ ਦੀ ਨਿਰਦੇਸ਼ਨਾਂ ਹੇਠ ਫੀਲਖਾਨਾ ਸਕੂਲ ਪਟਿਆਲਾ ਦੀਆਂ ਬੱਚੀਆਂ ਦੇ ਸ਼ਬਦ ਗਾਇਨ ਨਾਲ ਗੋਸ਼ਟੀ ਦਾ ਆਰੰਭ ਹੋਇਆ। ਪ੍ਰੋ. ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਭਾਈ ਹਰਿਸਿਮਰਨ ਸਿੰਘ ਨੇ 16 ਵੱਡਅਕਾਰੀ ਪੁਸਤਕਾਂ ਲਿਖੀਆਂ ਹਨ, ਵਿਚਾਰਅਧੀਨ ਪੁਸਤਕ ਦਾ ਮੁੱਖ ਫੋਕਸ ਸਿੱਖ ਫਲਸਫੇ ਅਨੁਸਾਰ ਸੰਸਾਰ ਦਾ ਜੋ ਮਾਡਲ ਇਸ ਸਮੇਂ ਹੈ, ਉਸਦਾ ਬਦਲਵਾਂ ਪ੍ਰਬੰਧ ਸਿਰਜਣਾ ਹੈ ਤਾਂ ਬੀਜ ਰੂਪ ਵਿੱਚ ਉਹ ਸਾਰੀਆਂ ਗੱਲਾਂ ਵਿੱਚ ਪੁਸਤਕ ਵਿੱਚ ਉਪਲਬਧ ਹਨ। ਕਾਰਪੋਰੇਟੀ ਮਾਡਲ ਦੇ ਉਲਟ ਜੋ ਨਵਾਂ ਢਾਂਚਾ ਅਸੀਂ ਸਿਰਜਣਾ ਹੈ, ਵਿਦਿਅਕ, ਆਰਥਿਕ ਜਾਂ ਸਮਾਜਕ ਢਾਂਚੇ ਦਾ ਸਰੂਪ ਇਸ ਵਿੱਚੋਂ ਉਭਰਦਾ ਹੈ। ਉਨ੍ਹਾਂ ਨੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਤੇ ਪੱਛਮੀ ਚਿੰਤਕਾਂ ਰੂਸੋ ਆਦਿ ਦੇ ਹਵਾਲੇ ਨਾਲ ਆਪਣੇ ਕਥਨਾਂ ਨੂੰ ਪੁਖਤਗੀ ਸਹਿਤ ਪ੍ਰਸਤੁਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਪੱਛਮੀ ਸੱਭਿਅਤਾ ਵਿੱਚ ਮਨੁੱਖ ਦੀ ਮਨੁੱਖਤਾ ਹੀ ਖਤਰੇ ਵਿੱਚ ਹੈ। ਅੱਜ ਮਨੁੱਖ ਨੂੰ ਮਨੁੱਖ ਤੋਂ ਖਤਰਾ ਹੈ। ਡਾ. ਲਕਸ਼ਮੀ ਨਰਾਇਣ ਭੀਖੀ ਨੇ ਚਰਚਾ ਵਿੱਚ ਭਾਗ ਲੈਂਦੇ ਹੋਏ। ਭਾਈ ਹਰਿਸਿਮਰਨ ਸਿੰਘ ਦੀ ਵਿਸਮਾਦੀ ਚੇਤਨਾ ਬਾਰੇ ਗੰਭੀਰ ਟਿੱਪਣੀਆਂ ਕੀਤੀਆਂ। ਡਾ. ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ ਨੇ ਕਿਹਾ ਕਿ ਕਲਿਆਣਕਾਰੀ ਰਾਜ ਬਾਰੇ ਇਹ ਪੁਸਤਕ ਉੱਚ ਪੱਧਰੀ ਜਾਣਕਾਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚ ਨੂੰ ਜਾਨਣ ਦੇ ਤਿੰਨ ਸੋਮੇ ਹਨ, ਸਾਇੰਸ, ਫਿਲਾਸਫੀ ਤੇ ਇਲਹਾਮ। ਇਸ ਪੁਸਤਕ ਨੂੰ ਪੜ੍ਹਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਜਿਵੇਂ ਮੈਂ ਆਸਾ ਦੀ ਵਾਰ ਪੜ੍ਹ ਰਿਹਾ ਹਾਂ। ਇਸ ਪੁਸਤਕ ਦਾ ਵਿਸਮਾਦੀ ਅੰਸ਼ ਕੁਦਰਤ ਨਾਲ ਜ਼ੋੜਦਾ ਹੈ। ਭਾਈ ਹਰਿਸਿਮਰਨ ਸਿੰਘ ਨੇ ਕਿਹਾ ਕਿ ਪੂੰਜੀ ਦਾ ਜਿਹੜਾ ਵਿਸਮਾਦੀ ਕਰੈਕਟਰ ਹੈ, ਉਹ ਵਿਸਮਾਦੀ ਕੈਪੀਟਲ ਹੈ, ਹਰ ਅਚਾਰ ਤੇ ਹਰ ਵਿਹਾਰ ਵਿੱਚ ਉਸਦਾ ਵਿਸਮਾਦੀ ਕਰੈਕਟਰ ਜਰੂਰੀ ਹੈ। ਪੂਰਬੀ ਚਿੰਤਨ ਦਾ ਦਾਰਸ਼ਨਿਕ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਵਿਸ਼ਵ ਸ਼ਾਂਤੀ ਲਈ ਕਨਫੈਡਰੇਸ਼ਨ ਦੀ ਲੋੜ ਹੈ। ਬਦਲਵਾਂ ਮਾਡਲ ਲਾਗੂ ਕਰਨ ਲਈ ਪੰਜਾਬ ਇੱਕ ਪ੍ਰਯੋਗਸ਼ਾਲਾ ਬਣ ਸਕਦੀ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਭਾਈ ਹਰਿਸਿਮਰਨ ਸਿੰਘ ਬਦਲਵਾਂ ਮਾਡਲ ਗੁਰਮਤਿ ਫਲਸਫੇ ਦੇ ਅਨੁਸਾਰ ਸਰਬੱਤ ਦਾ ਭਲਾ ਤੇ ਲੋਕ ਕਲਿਆਣਕਾਰੀ ਰਾਜ ਦੀ ਸਿਰਜਣਾ ਕਰਨ ਵਾਲਾ ਹੈ। ਨਾਹਰ ਸਿੰਘ, ਇਕਬਾਲ ਗੱਜਣ, ਗੁਰਨਾਮ ਸਿੰਘ, ਦਰਬਾਰਾ ਸਿੰਘ ਢੀਂਡਸਾ, ਮੇਘਨਾਥ, ਪੂਰਨ ਚੰਦ ਜ਼ੋਸ਼ੀ ਨੇ ਚਰਚਾ ਚ ਭਾਗ ਲਿਆ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ ਭਾਈ ਹਰਿਸਿਮਰਨ ਸਿੰਘ ਨੇ ਕਈ ਸਿੱਖ ਵਿਦਵਾਨਾਂ ਨਾਲੋਂ ਵੱਖਰੀ ਗੱਲ ਕੀਤੀ ਹੈ, ਉਨ੍ਹਾਂ ਨੇ ਮੌਜੂਦਾ ਮਨੁੱਖ ਅਤੇ ਸੰਸਾਰ ਦੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਕੁਦਰਤ ਨਾਲੋਂ ਟੱੁਟਣਾ ਅਤੇ ਕੁਦਰਤ ਨਾਲ ਟੱਕਰਾਅ ਨੂੰ ਦੱਸਿਆ, ਉਨ੍ਹਾਂ ਅਨੁਸਾਰ ਕੁਦਰਤੀ ਭਿੰਨਤਾ ਅਤੇ ਬਹੁਲਵਾਦ ਨੂੰ ਖਤਮ ਕਰਨ ਦੇ ਯਤਨਾਂ ਵਿੱਚੋ਼ ਬਹੁਤ ਸਮੱਸਿਆਵਾਂ ਉਪਜਦੀਆਂ ਹਨ। ਉਨ੍ਹਾਂ ਕਿਹਾ ਕਿ ਪੱਛਮੀ ਸਰਮਾਏਦਾਰੀ ਹੇਠ ਵਿਕਸਿਤ ਹੋਈਆਂ ਨੇਸ਼ਨ ਸਟੇਟਸ (ਕੌਮੀ ਰਾਜ) ਵੀ ਗੈਰ ਕੁਦਰਤੀ ਹਨ।

ਸੱਭਿਆਚਾਰ ਅਤੇ ਅਚਾਰ ਤੇ ਬਣਨ ਵਾਲੀਆਂ ਸਟੇਟਸ (ਰਾਜਾਂ) ਨੂੰ ਕੁਦਰਤੀ ਕਿਹਾ ਜਾ ਸਕਦਾ ਹੈ (ਕਲਚਰ ਸਟੇਟਸ)। ਉਹ ਆਪਣੀ ਪੁਸਤਕ ਵਿੱਚ ਇਤਿਹਾਸ ਨਾਲੋਂ ਫਲਸਫੇ ਨੂੰ ਪਹਿਲ ਦਿੰਦੇ ਨਜ਼ਰ ਆ ਰਹੇ ਹਨ, ਉਹ ਆਪਣੀ ਪੁਸਤਕ ਵਿੱਚ ਸਿੱਖ ਫਲਸਫੇ ਦੀ ਵਿਸ਼ਾਲਤਾ ਅਤੇ ਸਰਬ ਵਿਆਪਕਤਾ ਤੇ ਜ਼ੋਰ ਦਿੰਦੇ ਹਨ, ਜਦੋਂ ਕਿ ਕਈ ਸਿੱਖ ਦਿਵਦਾਨ ਕੱਟੜਤਾ ਅਤੇ ਸੰਕੀਰਣਤਾ ਵੱਲ ਵਧਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਿੱਖ ਫਲਸਫੇ ਨੂੰ ਪੂਰਬੀ ਚਿੰਤਨ ਦੇ ਸੰਦਰਭ ਵਿੱਚ ਉਭਾਰਿਆ ਹੈ, ਜਦੋਂ ਕਿ ਕਈ ਸਿੱਖ ਵਿਦਵਾਨ ਸਿੱਖ ਫਲਸਫੇ ਦੇ ਪੱਛਮੀ ਚਿੰਤਨ ਦੇ ਸੰਦਰਭ ਵਿੱਚ ਵਿਆਖਿਆ ਕਰਦੇ ਹਨ। ਉਹ ਆਪਣੀ ਪੁਸਤਕ ਵਿੱਚ ਮੌਜੂਦਾ ਵਿਸ਼ਵ ਵਿਵਸਥਾ ਦੀ ਥਾਂ ਤੇ ਸਿੱਖ ਫਸਲਫੇ ਤੇ ਅਧਾਰਿਤ ਨਵੀਂ ਵਿਸ਼ਵ ਵਿਵਸਥਾ ਉਸਾਰਨ ਦਾ ਸੁਨੇਹਾ ਦਿੰਦੇ ਹਨ। ਜਿਸ ਨੂੰ ਉਹ ਵਿਸਮਾਦੀ ਵਿਸ਼ਵ ਵਿਵਸਥਾ ਕਹਿੰਦੇ ਹਨ।

ਸਮੁੱਚੇ ਪ੍ਰਧਾਨਗੀ ਮੰਡਲ ਨੇ ਡਾ. ਭਗਵੰਤ ਸਿੰਘ ਦੁਆਰਾ ਸੰਪਾਦਤ ਮੈਗਜ਼ੀਨ “ਜਾਗੋ ਇੰਟਰਨੈਸ਼ਨਲ” ਲੋਕ ਅਰਪਣ ਕੀਤਾ। ਇਸ ਸਮਾਗਮ ਵਿੱਚ ਬਚਨ ਸਿੰਘ ਗੁਰਮ, ਨਾਹਰ ਸਿੰਘ ਮੁਬਾਰਕਪੁਰੀ, ਸਵਾਮੀ ਰਾਕੇਸ਼ ਸ਼ਾਰਦਾ, ਪੂਰਨ ਚੰਦ ਜੋਸ਼ੀ, ਏ.ਪੀ. ਸਿੰਘ, ਇੰਜ. ਜੈ ਸਿੰਘ ਮਠਾੜੂ,  ਕਰਨ ਬੰਬੀਹਾ, ਪ੍ਰਮਿੰਦਰ ਸਿੰਘ ਗਿੱਲ, ਐਮ.ਐਸ. ਜੱਗੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਸ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਅੱਜ ਦੀ ਗੋਸ਼ਟੀ ਇੱਕ ਨਿਵੇਕਲੇ ਵਿਸ਼ੇ ਤੇ ਬਹੁਤ ਹੀ ਸਾਰਥਿਕ ਰੂਪ ਵਿੱਚ ਹੋਈ ਹੈ। ਇਸ ਵਿੱਚੋਂ ਮਾਨਵ ਹਿਤੈਸ਼ੀ ਨਿਰਣੇ ਸਾਹਮਣੇ ਆਏ ਹਨ। ਇਨ੍ਹਾਂ ਦੀ ਅਜੋਕੇ ਸਮੇਂ ਵਿੱਚ ਬਹੁਤ ਜਰੂਰਤ ਹੈ। ਉਨ੍ਹਾਂ ਨੇ ਭਾਈ ਹਰਿਸਿਮਰਨ ਸਿੰਘ ਤੇ ਹੋਰ ਲੇਖਕਾਂ ਨੂੰ ਟਾਈਮ ਟੀ.ਵੀ ਤੇ ਆਪਣੀਆਂ ਲਿਖਤਾਂ ਬਾਰੇ ਵਿਚਾਰ ਪ੍ਰਸਤੁਤ ਕਰਨ ਲਈ ਆਮੰਤ੍ਰਿਤ ਕੀਤਾ। ਮੰਚ ਸੰਚਾਲਨਾ ਡਾ. ਭਗਵੰਤ ਸਿੰਘ ਨੇ ਕੀਤੀ ਅਤੇ ਸ਼੍ਰੀਮਤੀ ਗੁਰਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਗੁਰਨਾਮ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। 

Install Punjabi Akhbar App

Install
×