ਮਾਲਵਾ ਖੇਡ ਮੇਲਾ: ਹਿੱਲੇ ਨਹੀਂ ਸਿਆਣੇ..ਪਰ ਗੁਆਚੇ ਨਿਆਣੇ

  • ਪਾਪਾਟੋਏਟੋਏ ਵਿਖੇ ਮਾਲਵਾ ਕਲੱਬ ਵੱਲੋਂ ਕਰਵਾਏ ਗਏ ਸਫਲਤਾ ਪੂਰਵਕ ਖੇਡ ਮੇਲੇ ‘ਚ ਦਰਸ਼ਕਾਂ ਦਾ ਭਾਈ ਇਕੱਠ
  • ਮਾਲਵਾ ਸਪੋਰਟਸ ਕਲੱਬ ਨੇ ਜਿੱਤਿਆ ਕਬੱਡੀ ਕੱਪ
  • ਸ. ਤਾਰਾ ਸਿੰਘ ਬੈਂਸ ਅਤੇ ਮੰਗਾ ਭੰਡਾਲ ਗੋਲਡ ਮੈਡਲਾਂ ਨਾਲ ਸਨਮਾਨਿਤ
  • ਖਿਡਾਰੀਆਂ ਨੂੰ ਘਿਉ ਦੇ ਪੀਪੇ ਅਤੇ ਮੁੰਦਰੀਆਂ
  • ਮਹਿਲਾਵਾਂ ਨੇ ਵੀ ਜਿੱਤੀਆਂ ਸੋਨੇ ਦੀਆਂ ਮੁੰਦਰੀਆਂ
NZ PIC 28 Oct-1
(ਮਾਲਵਾ ਸਪੋਰਟਸ ਕਲੱਬ ਦੀ ਜੇਤੂ ਰਹੀ ਟੀਮ)

ਆਕਲੈਂਡ 28 ਅਕਤੂਬਰ -ਸਤੰਬਰ ਮਹੀਨੇ ਦੇ ਅੰਤ ਵਿਚ ਨਿਊਜ਼ੀਲੈਂਡ ਦੀਆਂ ਘੜੀਆਂ ਕਾਹਦੀਆਂ ਦਾ ਕਾਹਦਾ ਸਮਾਂ ਬਦਲਿਆ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਾਰੇ ਖਿਡਾਰੀ ਕੱਪ ‘ਤੇ ਕੱਪ ਜਿੱਤ ਕੇ ਨਿਊਜ਼ੀਲੈਂਡ ਦਾ ਕਬੱਡੀ ਇਤਿਹਾਸ ਹੀ ਬਦਲਣ ਵਾਲੇ ਪਾਸੇ ਲੱਗ ਗਏ ਲਗਦੇ ਹਨ। ਪਹਿਲਾਂ ਟੌਰੰਗਾ, ਹੇਸਟਿੰਗਜ਼, ਹਮਿਲਟਨ, ਪੁੱਕੀਕੋਹੀ ਤੇ ਅੱਜ ਪਾਪਾਟੋਏਟੋਏ ਵਿਖੇ ਕਰਵਾਏ ਗਏ ‘ਮਾਲਵਾ ਖੇਡ ਮੇਲੇ’ ਰਾਹੀਂ ਦਿਨ ਦਿਹਾੜੇ ਦਰਸ਼ਕਾਂ ਦੇ ਦਿਲ ਲੁੱਟ ਲੈ ਗਏ। ਕੱਬਡੀ ਮੈਚਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਜਿੱਥੇ ਮੈਚਾਂ ਦਾ ਅਨੰਦ ਮਾਣ ਰਹੇ ਸਿਆਣੇ ਕਿਸੇ ਪਾਸੇ ਹਿੱਲਣ ਨਹੀਂ ਦਿੱਤੇ ਉਥੇ ਲੋਕਾਂ ਦੇ ਨਿਆਣੇ ਗੁਆਚ ਗਏ ਅਤੇ ਅਨਾਊਂਸਮੈਂਟਾਂ ਹੁੰਦੀਆਂ ਰਹੀਆਂ। ਮੌਸਮ ਦੇ ਨਿੱਕੇ ਜਿਹੇ ਨਖਰੇ ਬਾਅਦ ਉਹ ਆਪਣੇ ਆਪ ਸੁਧਰ ਗਿਆ ਅਤੇ ਕਬੱਡੀ ਟੀਮਾਂ ਨੇ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸ਼ਾਨਦਾਰ ਮੈਚ ਖੇਡ ਕੇ ਦਰਸ਼ਕਾਂ ਦੇ ਘੇਰੇ ਬਣਾ ਲਏ। ਬੇਅ ਆਫ ਪਲੈਂਟੀ, ਪੰਜਾਬ ਕੇਸਰੀ, ਮਾਲਵਾ ਸਪੋਰਟਸ ਕਲੱਬ, ਪੰਜਾਬ ਸਪੋਰਟਸ ਕਲੱਬ ਹੇਸਟਿੰਗਜ਼, ਚੜ੍ਹਦੀਕਲਾ ਸਪੋਰਟਸ ਕਲੱਬ ਪਾਪਾਮੋਆ, ਕੁੜੀਆਂ ਦੀਆਂ ਦੋ ਕਬਡੀ ਟੀਮਾਂ, ਫੁੱਟਬਾਲ ਦੀਆਂ ਟੀਮਾਂ, ਵਾਲੀਵਾਲ ਦੀਆਂ ਟੀਮਾਂ, ਵਾਲੀਵਾਲ ਸ਼ੂਟਿੰਗ ਦਾ ਆਗਾਜ਼ ਕਰਦੀਆਂ ਤਿੰਨ ਟੀਮਾਂ, ਬੱਚਿਆਂ ਦੀ ਦੌੜਾਂ, ਗੋਲਡਨ ਜੁਬਲੀ ਮਨਾ ਰਹੇ ਬਜ਼ੁਰਗ ਜਵਾਨਾਂ ਦੀਆਂ ਦੌੜਾਂ, ਮਹਿਲਾਵਾਂ ਦੀ ਮਿਊਜ਼ੀਕਲ ਚੇਅਰ, ਕਿੱਕਲੀ ਤੇ ਸੂਈ ਧਾਗਾ, ਚਮਚੇ ‘ਤੇ ਨਿੰਬੂ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਕ ਗੇਮਾਂ ਨੇ ਐਨਾ ਚਿੱਤ ਪਰਚਾਈ ਰੱਖਿਆ ਕਿ ਖੇਡ ਮੇਲਾ ਸਫਲਤਾ ਦੇ ਨਵੇਂ ਝੰਡੇ ਗੱਡ ਗਿਆ। ਮਾਨ-ਸਨਮਾਨ ਸਾਰੇ ਕਰਦੇ ਹਨ ਪਰ ਕੋਈ ਵੀ ਗੁੱਸੇ ਹੋ ਕੇ ਨਾ ਜਾਵੇ ਅਤੇ ਕਿਸੇ ਦਾ ਵੀ ਬਣਦਾ ਸਨਮਾਨ ਨਾ ਰਹੇ ਇਹ ਮਾਲਵਾ ਕਲੱਬ ਦੀ ਸਮੁੱਚੀ ਟੀਮ ਨੇ ਆਪਣੀ ਜਿੰਮੇਵਾਰੀ ਸਮਝ ਕੇ ਪੂਰੀ ਸਤਿਕਾਰਤ ਭਾਵਨਾ ਨਾਲ ਸਿਰੇ ਚੜ੍ਹਾਇਆ। ਗੋਲਡ ਮੈਡਲ ਦਾ ਹੱਕ ਰੱਖਣ ਵਾਲਿਆਂ ਦੇ ਗਲ ਵਿਚ ਸੋਨੇ ਦਾ ਤਮਗੇ ਸ਼ਿੰਗਾਰ ਬਣੇ। ਵਿਦੇਸ਼ ਤੋਂ ਆਏ ਮਹਿਮਾਨ, ਕੁਮੈਂਟੇਟਰ ਅਤੇ ਹੋਰ ਸੱਜਣਾਂ ਨੂੰ ਵੀ ਰੱਜਵਾਂ ਪਿਆਰ ਮਿਲਿਆ। ਇੰਡੀਅਨ ਏਕਸੈਂਟ ਰੈਸਟੋਰੈਂਟ ਵਾਲਿਆਂ ਦੇ ਸਟਾਲ ਉਤੇ ਖਾਣੇ ਅਤੇ ਜਲੇਬੀਆਂ ਲਈ ਕੀਤੀ ਉਡੀਕ, ਹੋਰ ਸਵਾਦ ਦੇ ਗਈ।

ਹਰਦੇਵ ਮਾਹੀਨੰਗਲ ਦਾ ਕਬੱਡੀ ਉਤੇ ਲਿਖੇ ਗੀਤ ਦਾ ਪੋਸਟਰ, ਰੇਡੀਓ ਸਪਾਈਸ ਵੱਲੋਂ ਸ਼ਾਇਰ ਮੱਖਣ ਬਰਾੜ ਦਾ ਸਨਮਾਨ, ਅੰਬੇਡਕਰ ਸਪੋਰਟਸ ਕਲੱਬ ਵੱਲੋਂ ਰਹਿੰਦੇ ਇਨਾਮਾਂ ਦੀ ਵੰਡ, ਕਲੱਬਾਂ ਵੱਲੋਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਸਨਮਾਨ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਕਲੱਬਾਂ ਦਾ ਸਨਮਾਨ, ਰੇਡੀਓ ਸਾਡੇ ਆਲਾ ਦਾ ਸੋਨੇ ਦੀਆਂ ਮੁੰਦਰੀਆਂ ਦੇਣਾ, ਪੰਜਾਬੀ ਮੀਡੀਆ ਕਰਮੀਆਂ ਦਾ ਕੈਮਰੇ ਉਤੇ ਕੱਲਿਕ ਤੇ ਕਲਿੱਕ ਕਰਨਾ ਇਹ ਸਾਬਿਤ ਕਰਦਾ ਸੀ ਕਿ ਖੇਡ ਮੇਲਾ ਭਾਵੇਂ ਮਾਲਵਾ ਕਲੱਬ ਵੱਲੋਂ ਸੀ, ਪਰ ਅਹਿਸਾਸ ਸਭ ਨੂੰ ਇੰਝ ਲਗਦਾ ਸੀ ਜਿਵੇਂ ਸ਼ੁਗਲ ਵਿਚ ਕਿਹਾ ਜਾਵੇ ਕਿ ਸਾਰਾ ਪਿੰਡ ਮਿੱਤਰਾਂ ਦਾ। ਬੀਬੀਆਂ ਦਾ ਵੱਡੀ ਗਿਣਤੀ ਦੇ ਵਿਚ ਇਕੱਠ, ਖੇਡਾਂ ਵਿਚ ਭਾਗ ਲੈਣਾ, ਬੱਚਿਆਂ ਲਈ ਬੰਜੀ ਜੰਪ, ਝੂਟੇ, ਫਰੂਟ ਅਤੇ ਹੋਰ ਕਾਫੀ ਸਾਬਿਤ ਕਰਦਾ ਸੀ ਕਿ ਜਿਵੇਂ ਇਸ ਮੇਲੇ ਨੂੰ ਉਹ ਕਈ ਦਿਨਾਂ ਤੋਂ ਉਡੀਕਦੇ ਹੋਣ। ਪਾਰਕਿੰਗ ਵਾਸਤੇ ਥਾਂ ਥੋੜ੍ਹੀ ਹੋਣ ਕਰਕੇ ਪਾਪਾਟੋਏਟੋਏ ਦੀਆਂ ਸੜਕਾਂ ‘ਤੇ ਕਾਰਾਂ ਹੀ ਕਾਰਾਂ ਨਜ਼ਰ ਆਈਆਂ। ਨੈਸ਼ਨਲ ਪਾਰਟੀ ਦੀ ਸੀਨੀਅਰ ਨੇਤਾ ਸ੍ਰੀਮਤੀ ਜੂਠਿਤ ਕੌਲਿਨ, ਭਾਰਤੀ ਹਾਈ ਕਮਿਸ਼ਨ ਦੇ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ, ਸ੍ਰੀ ਅਸ਼ਰਫ ਚੌਧਰੀ, ਲੇਬਰ ਪਾਰਟੀ ਤੋਂ ਬਲਜੀਤ ਕੌਰ ਪੰਨੂ ਅਤੇ ਗ੍ਰੀਨ ਪਾਰਟੀ ਤੋਂ ਸ੍ਰੀ ਰਾਜ ਪ੍ਰਦੀਪ ਸਿੰਘ ਵੀ ਮੇਲੇ ਦਾ ਹਿੱਸਾ ਬਣੇ ਰਹੇ। ਬਜ਼ੁਰਗਾਂ ਦੀ ਮੰਡਲੀ ਕਦੀ ਛਾਂਵੇ ਅਤੇ ਕਦੇ ਧੁੱਪੇ ਖੂਬ ਨਜ਼ਾਰੇ ਲੈਂਦੀ ਵੇਖੀ ਗਈ। ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਮੈਨੇਜਮੈਂਟ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਮੈਨੇਜਮੈਂਟ,  ਸ. ਅਜੀਤ ਸਿੰਘ ਰੰਧਾਵਾ ਦੇ ਨਾ ਹੋਰ ਸੀਨੀਅਰ ਕਮਿਊਨਿਟੀ ਮੈਂਬਰ ਅਤੇ ਹੋਰ ਕਈ ਪਤਵੰਤੇ ਮੇਲੇ ਦਾ ਅਨੰਦ ਲੈਣ ਪੁਹੰਚੇ।

NZ PIC 28 Oct-1B
(ਸੋਨੇ ਦੇ ਤਮਗੇ ਪਹਿਨਦੇ ਸ. ਤਾਰਾ ਸਿੰਘ ਬੈਂਸ ਅਤੇ ਮੰਗਾ ਭੰਡਾਲ)

ਨਤੀਜੇ ਇਸ ਪ੍ਰਕਾਰ ਰਹੇ: 

ਪੁਰਸ਼ ਕਬੱਡੀ: ਅੰਤਿਮ ਮੁਕਾਬਲੇ ਦੇ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਨੇ ਬੇਅ ਆਫ ਪਲੈਂਟੀ ਟੌਰੰਗਾ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਨੂੰ ਆਪਣੇ ਨਾਂਅ ਕੀਤਾ ਅਤੇ 2100 ਡਾਲਰ ਦਾ ਨਕਦ ਇਨਾਮ ਹਾਸਿਲ ਕੀਤਾ। ਬੇਅ ਆਫ ਪਲੈਂਟੀ ਦੀ ਟੀਮ ਨੂੰ ਟ੍ਰਾਫੀ ਅਤੇ 1800 ਡਾਲਰ ਦਾ ਨਕਦ ਇਨਾਮ ਦਿੱਤਾ ਗਿਆ।

ਬੈਸਟੀ ਰੇਡਰ ਤੇ ਬੈਸਟ ਸਟਾਪਰ: ਲਾਲਾ ਬਰਨਾਲੇ ਵਾਲੇ ਨੂੰ ਬੈਸਟ ਰੇਜਰ ਵਜੋਂ ਦੋ ਪੀਪੇ ਘਿਉ ਅਤੇ ਇਸ ਸੋਨੇ ਦੀ ਮੁੰਦੀ ਦਿੱਤੀ ਗਈ ਇਸੇ ਤਰ੍ਹਾਂ ਬੈਸਟ ਸਟਾਪਰ ਸੱਤਾ ਫਿਰੋਜ਼ਪੁਰ ਨੂੰ ਵੀ 2 ਪੀਪੇ ਘਿਉ ਅਤੇ ਸੋਨੇ ਦੀ ਮੁੰਦਰੀ ਦਿੱਤੀ ਗਈ। ਸ. ਦਾਰਾ ਸਿੰਘ ਵੱਲੋਂ ਘਿਉ ਦੇ ਪੀਪੇ ਇਨਾਮ ਵੱਜੋਂ ਦਿੱਤੇ ਗਏ।

ਮਹਿਲਾ ਕਬੱਡੀ: ਮਾਓਰੀ ਕੁੜੀਆਂ ਦੀਆਂ ਦੋ ਟੀਮਾਂ ਦਾ ਸ਼ੋਅ ਮੈਚ ਕਰਵਾਇਆ ਗਿਆ। ਮਾਲਵਾ ਅਤੇ ਆਕਲੈਂਡ ਦੀਆਂ ਇਨ੍ਹਾਂ ਟੀਮਾਂ ਨੂੰ ਬਰਾਬਰ 1000 ਡਾਲਰ ਅਤੇ ਟ੍ਰਾਫੀਆਂ ਦਿੱਤੀਆਂ ਗਈਆਂ। ਬੈਸਟ ਸਟਾਪਰ ਰਹੀ ਲੀਨਾ ਮਿਸ਼ੇਲ ਨੂੰ ਵੀ ਸੋਨੇ ਦੀ ਮੁੰਦਰੀ ਦਿੱਤੀ ਗਈ।

ਵਾਲੀਵਾਲ: ਵਾਲੀਵਾਲ ਦਾ ਅੰਤਿਮ ਮੁਕਾਬਲਾ ਕਲਗੀਧਰ ਲਾਇਨਜ਼ ਕਲੱਬ ਨੇ ਜਿੱਤਿਆ ਜਦ ਕਿ ਮਾਲਵਾ ਸਪੋਰਟਸ ਕਲੱਬ ਦੀ ਟੀਮ ਉਪਜੇਤੂ ਰਹੀ। ਦੋਹਾਂ ਟੀਮਾਂ ਨੂੰ ਕ੍ਰਮਵਾਰ ਟ੍ਰਾਫੀਆਂ ਕ੍ਰਮਵਾਰ 1000 ਅਤੇ 800 ਡਾਲਰ ਇਨਾਮ ਦਿੱਤਾ ਗਿਆ।

ਫੁੱਟਵਾਲ: ਫੁੱਟਬਾਲ ਦੇ ਅੰਤਿਮ ਮੁਕਾਬਲੇ ਵਿਚ ਬੇਅ ਆਫ ਪਲੈਂਟੀ ਟੌਰੰਗਾ ਅਤੇ ਆਕਲੈਂਡ ਲਾਇਨਜ਼ ਦੀਆਂ ਟੀਮਾਂ ਪਹੁੰਚੀਆਂ ਅਤੇ ਦੋਵੇਂ ਟੀਮਾਂ ਬਰਾਬਰ ਰਹੀਆਂ ਅਤੇ ਨਕਦ ਇਨਾਮ ਵੀ ਬਰਾਬਰ ਵੰਡ ਦਿੱਤਾ ਗਿਆ।

ਬਜ਼ੁਰਗਾਂ ਦੀ ਦੌੜ: 50 ਸਾਲਾਂ ਦੀ ਜ਼ਿੰਦਗੀ ਦੀ ਤਜ਼ਰਬਾ ਰੱਖਣ ਵਾਲੇ ਜਵਾਨ ਬਜ਼ੁਰਗਾਂ ਦੇ ਵਿਚ ਪਹਿਲਾ ਇਨਾਮ ਹਰੀ ਸਿੰਘ ਕੈਨੇਡਾ, ਦੂਜਾ ਅਵਤਾਰ ਸਿੰਘ ਅਤੇ ਤੀਜਾ ਗੁਰਨੇਕ ਸਿੰਘ ਨੇ ਜਿੱਤਿਆ।

ਮਿਊਜ਼ੀਕਲ ਚੇਅਰ: ਮਹਿਲਾਵਾਂ ਦੀ ਮਿਊਜ਼ੀਕਲ ਚੇਅਰ ਨੇ ਵੀ ਚੰਗੀ ਰੌਣਕ ਲਾਈ, ਕੁਰਸੀ ਨੂੰ ਲੈ ਕੇ ਮਸਲਾ ਸੈਂਟਰ ‘ਚ ਖੜੀ ਖੇਡ ਗੌਰਮਿੰਟ ਤੱਕ ਪਹੁੰਚਿਆ ਅਤੇ ਰੈਫਰੀ ਨੇ ਇਕ ਗੇੜਾ ਸਭ ਦਾ ਵਾਧਾ ਲਗਵਾਇਆ। ਪਹਿਲਾ ਇਨਾਮ ਸ੍ਰੀ ਰਮਨਦੀਪ ਕੌਰ ਪਤਨੀ ਸ. ਜਗਦੇਵ ਸਿੰਘ ਜੱਗੀ ਨੇ ਜਿਤਿਆ ਜਿਸ ਨੂੰ ਬਲਜੀਤ ਕੌਰ ਪੰਨੂ ਹੋਰਾਂ ਸੋਨੇ ਦੀ ਮੁੰਦਰੀ ਪਾਈ। ਜਗਦੇਵ ਸਿੰਘ ਜੱਗੀ ਨੇ ਆਪਣੀ ਪਤਨੀ ਦਾ ਹੱਥ ਵਟਾਉਂਦਿਆਂ ਮੁੰਦਰੀ ਪਾਉਣ ਵਿਚ ਵੱਡੀ ਸਹਾਇਤਾ ਕਰਕੇ ਸਭ ਨੂੰ ਖੁਸ਼ ਕੀਤਾ। ਦੂਜਾ ਇਨਾਮ 200 ਡਾਲਰ ਬਲਜੀਤ ਕੌਰ ਅਤੇ ਤੀਜਾ ਮਿਸ ਮੀਹੇ ਨੂੰ 100 ਡਾਲਰ ਦਾ ਦਿਤਾ ਗਿਆ। ਰੇਡੀਓ ਸਾਡੇ ਆਲਾ ਅਤੇ ਇੰਡੋ ਸਪਾਈਸ ਵੱਲੋਂ  ਸੋਨੇ ਦੀ ਮੁੰਦਰੀਆਂ ਦਾ ਪ੍ਰਬੰਧ ਕੀਤਾ ਗਿਆ ਸੀ।

ਮੱਖਣ ਬਰਾੜ ਦਾ ਮਾਲਵਾ ਕਲੱਬ ਅਤੇ ਰੇਡੀਓ ਸਪਾਈਸ ਵੱਲੋਂ ਸਨਮਾਨ: ਪ੍ਰਸਿੱਧ ਗੀਤਕਾਰ ਤੇ ਸ਼ਾਇਰ ਮੱਖਣ ਬਰਾੜ ਟੋਰਾਂਟੋ ਵਾਲਿਆਂ ਦਾ ਜਿੱਥੇ ਮਾਲਵਾ ਕਲੱਬ ਵੱਲੋਂ ਮਾਨ ਸਨਮਾਨ ਕੀਤਾ ਗਿਆ ਉਥੇ ਰੇਡੀਓ ਸਪਾਈਸ ਤੋਂ ਨਵਤੇਜ ਸਿੰਘ ਰੰਧਾਵਾ ਅਤੇ ਸ. ਪਰਮਿੰਦਰ ਸਿੰਘ ਹੋਰਾਂ ਨੇ ਇਕ ਨਿਊਜ਼ੀਲੈਂਡ ‘ਚ ਭਾਰਤੀਆਂ ਦੀ ਆਮਦ ਸਬੰਧੀ ਕਿਤਾਬ ਅਤੇ ਇਕ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।

ਕਬੱਡੀ ਪ੍ਰੋਮੋਸ਼ਨ ਲਈ ਸ. ਤਾਰਾ ਸਿੰਘ ਬੈਂਸ ਸੋਨੇ ਦੇ ਤਮਗੇ ਨਾਲ ਸਨਮਾਨ: ਭਾਰਤੀ ਹਾਈ ਕਮਿਸ਼ਨ ਦੇ ਆਨਰੇਰੀ ਕੌਂਸਿਲ ਸ. ਭਵਦੀਪ ਸਿੰਘ ਢਿੱਲੋਂ ਵੱਲੋਂ ਉਘੇ ਖੇਡ ਪ੍ਰੋਮੋਟਰ ਅਤੇ ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮਾਂ ਦਾ ਰਚਨਹਾਰੇ ਸ. ਤਾਰਾ ਸਿੰਘ ਬੈਂਸ ਦਾ ਸੋਨੇ ਦੇ ਤਮਗੇ ਨਾਲ ਸਨਮਾਨ ਕੀਤਾ ਗਿਆ। ਇਹ ਤਮਗਾ ਸ. ਗੁਰਵਿੰਦਰ ਸਿੰਘ ਔਲਖ ਅਤੇ ਸ. ਦਲਜੀਤ ਸਿੰਘ ਸਿੱਧੂ ਹੋਰਾਂ ਨੇ ਕਮਿਊਨਿਟੀ ਦੀ ਤਰਫ ਤੋਂ ਉਨ੍ਹਾਂ ਨੂੰ ਭੇਟ ਕੀਤਾ ਸੀ।

ਕੱਬਡੀ ਖਿਡਾਰੀ ਮੰਗਾ ਭੰਡਾਲ ਦਾ ਸੋਨੇ ਦੇ ਤਮਗੇ ਨਾਲ ਸਨਮਾਨ: ਸੰਨ 2002 ਤੋਂ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿਚ ਕੱਬਡੀ ਮੈਚਾਂ ਦੀ ਸ਼ਾਨ ਬਣਦੇ ਆ ਰਹੇ ਕਬੱਡੀ ਖਿਡਾਰੀ ਮੰਗਾ ਭੰਡਾਲ ਦਾ ਫਾਈਨਲ ਮੈਚ ਦੇ ਅੱਧ ਵਿਚ ਸੋਨੇ ਦੇ ਤਮਗੇ ਨਾਲ ਸ. ਪ੍ਰਿਥੀਪਾਲ ਸਿੰਘ ਬਸਰਾ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਇਸ ਸਤਿਕਾਰ ਵੇਲੇ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਬਲਦੇਵ ਸਿੰਘ ਫੋਰਮੈਨ ਵੀ ਹਾਜਿਰ ਸਨ ਅਤੇ ਉਨ੍ਹਾਂ ਨੂੰ ਮਣਾਂ ਮੂੰਹੀ ਆਪਣੇ ਪੁੱਤਰ ਉਤੇ ਮਾਨ ਮਹਿਸੂਸ ਹੋਇਆ। ਸ. ਕਾਬਲ ਸਿੰਘ ਅਟਵਾਲ ਨੇ ਵੀ ਮੰਗਾ ਭੰਡਾਲ ਨੂੰ ਇਸ ਮੌਕੇ ਅਸ਼ੀਰਵਾਦ ਦਿੱਤਾ।

ਗਾਇਕ ਹਰਦੇਵ ਮਾਹੀਨੰਗਲ ਦੇ ਗੀਤ ਦਾ ਪੋਸਟਰ ਰਿਲੀਜ਼: ਪ੍ਰਸਿੱਧ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਦਾ ਨਵਾਂ ਗੀਤ ‘ਕੌਡੀ ਬਾਡੀ’ ਜਲਦੀ ਆ ਰਿਹਾ ਹੈ ਅਤੇ ਇਸਦਾ ਰੰਗਦਾਰ ਪੋਸਟਰ ਅੱਜ ਮੱਖਣ ਬਰਾੜ ਅਤੇ ਹੋਰ ਕਲੱਬ ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ। ਅੰਤ ਇਹ ਸਫਲ ਖੇਡ ਮੇਲਾ ਸਭ ਦਰਸ਼ਕਾਂ ਨੂੰ ਯਾਦਗਾਰੀ ਪਲਾਂ ਦੀ ਨਿਸ਼ਾਨੀ ਝੋਲੀ ਪਾਉਣ ਵਿਚ ਸਫਲ ਹੋ ਗਿਆ।

ਕੁਮੈਂਟੇਟਰ ਮੱਖਣ ਅਲੀ ਅਤੇ ਗੱਗੀ ਮਾਨ ਦਾ ਸਨਮਾਨ: ਪ੍ਰਸਿੱਧ ਕਬੱਡੀ ਕੁਮੈਂਟੇਟਰ ਮੱਖਣ ਅਲੀ ਅਤੇ ਆਸਟਰੇਲੀਆ ਤੋਂ ਆਏ ਗੱਗੀ ਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰੈਫਰੀਜ਼ ਅਤੇ ਲਾਈਨ ਮੈਨ ਦਾ ਰੱਖਿਆ ਖਿਆਲ: ਮੈਚਾਂ ਦੌਰਾਨ ਰੈਫਰੀਜ਼ ਦੀਆਂ ਭੂਮਿਕਾ ਨਿਭਾਉਣ ਵਾਲੇ ਮੰਗਾ ਭੰਡਾਲ, ਜੱਸਾ ਬੋਲੀਨਾ, ਮਾਸਟਰ ਜੋਗਿੰਦਰ ਸਿੰਘ ਅਤੇ ਲੱਖਾ ਵਡਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰਣਜੀਤ ਰਾਏ ਨੇ ਟਾਈਮ ਕੀਪਿੰਗ ਦਾ ਸਾਥ ਦਿੱਤਾ ਅਤੇ ਮਾਨ-ਸਨਮਾਨ ਹਾਸਿਲ ਕੀਤਾ।

ਜੇਬਾਂ ਵਿਚ ਏ.ਟੀ.ਐਮ. ਮਸ਼ੀਨ: ਮੈਚਾਂ ਦੌਰਾਨ ਖਿਡਾਰੀਆਂ ਨੂੰ ਐਨੇ ਨੋਟ ਵੰਡੇ ਗਏ ਕਿ ਲੋਕੀ ਕਹਿ ਰਹੇ ਸਨ ਮਾਲਵਾ ਕਲੱਬ ਵਾਲਿਆਂ ਕੋਲ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵਾਲਿਆਂ ਕੋਲ ਅਤੇ ਕਈ ਹੋਰ ਵੀਰਾਂ ਕੋਲ ਜਿਵੇਂ ਜੇਬਾਂ ਵਿਚ ਹੀ ਏ.ਟੀ. ਐਮ. ਮਸ਼ੀਨਾਂ ਹੋਣ। ਹੇਸਟਿੰਗਜ਼ ਤੋਂ ਸ. ਜਰਨੈਲ ਸਿੰਘ ਜੇ.ਪੀ. ਹੋਰਾਂ ਸਭ ਨੂੰ ਪਿੱਛੇ ਛਡਦਿਆਂ ਸ. ਰਣਜੀਤ ਸਿੰਘ ਜੀਤਾ ਦੇ ਹਰ ਨੰਬਰ ਉਤੇ 200 ਡਾਲਰ ਦਾ ਇਨਾਮ ਦਿੱਤਾ।

ਅੰਤ ਇਹ ਮੇਲਾ ਸਫਲਤਾ ਦੇ ਨਵੇਂ ਝੰਡੇ ਸਥਾਪਿਤ ਕਰਦਾ ਖੁਸ਼ੀ-ਖੁਸ਼ੀ ਸੰਪਨ ਹੋ ਗਿਆ।

Welcome to Punjabi Akhbar

Install Punjabi Akhbar
×
Enable Notifications    OK No thanks