
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਵਿੱਚ ਰਾਜਨੀਤਿਕ ਗਲਿਆਰਿਆਂ ਅੰਦਰ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੀਆਂ ਖ਼ਬਰਾਂ ਜਦੋਂ ਤੋਂ ਬਾਹਰ ਆਉਣ ਲੱਗੀਆਂ ਹਨ ਤਾਂ ਹੁਣ ਹਰ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿ ਕਿਸੇ ਨਾ ਕਿਸੇ ਅਜਿਹੀ ਮਹਿਲਾ ਅਫ਼ਸਰ, ਅਧਿਕਾਰੀ, ਕਰਮਚਾਰੀ ਵੱਲੋਂ ਰਾਜਨੀਤਿਕ ਲੋਕਾਂ ਉਪਰ ਅਜਿਹੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਅਜਿਹੇ ਰਾਜਨੀਤਿਕ ਉਕਤ ਮਹਿਲਾਵਾਂ ਨੂੰ ਆਪਣੀ ਕੁਰਸੀ, ਅਹੁਦੇ ਅਤੇ ਤਾਕਤ ਦੇ ਬਲ਼ ਨਾਲ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦੇ ਹਨ।
ਮਾਮਲਾ ਬ੍ਰਿਟਨੀ ਹਿਗਿੰਨਜ਼ ਵਾਲੇ ਕੇਸ ਤੋਂ ਸ਼ੁਰੂ ਹੋ ਕੇ ਹੁਣ ਕੈਬਨਿਟ ਮੰਤਰੀਆਂ ਤੱਕ ਵੀ ਪਹੁੰਚਣ ਲੱਗਾ ਹੈ ਅਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕਿ ਇੱਕ ਮਹਿਲਾ ਨੇ ਅਜਿਹਾ ਹੀ ਇੱਕ ਦੋਸ਼ ਇੱਕ ਮੋਜੂਦਾ ਸਮੇਂ ਦੇ ਕੈਬਨਿਟ ਮੰਤਰੀ ਉਪਰ ਲਗਾਇਆ ਹੈ ਕਿ ਉਕਤ ਕੈਬਨਿਟ ਮੰਤਰੀ ਨੇ 1988 ਵਿੱਚ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਜਦੋਂ ਕਿ ਉਹ 16 ਸਾਲਾਂ ਦੀ ਸੀ।
ਸਾਬਕਾ ਪ੍ਰਧਾਨਮ ਮੰਤਰੀ ਮੈਲਕਮ ਟਰਨਬੁਲ ਨੇ ਅਜਿਹੇ ਮਾਮਲਿਆਂ ਦਾ ਸੰਘਿਆਨ ਲੈਂਦਿਆਂ ਕਿਹਾ ਹੈ ਕਿ ਬੀਤੇ ਸਾਲ 2020 ਵਿੱਚ ਉਕਤ ਮਹਿਲਾ ਨਿਊ ਸਾਊਥ ਵੇਲਜ਼ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੀ ਵੀ ਗਈ ਸੀ ਪਰੰਤੂ ਪੁਲਿਸ ਵੱਲੋਂ ਜਦੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਕਤ ਪੀੜਿਤ ਮਹਿਲਾ ਨੇ ਜੂਨ 2020 ਵਿੱਚ ਖ਼ੁਦਕਸ਼ੀ ਹੀ ਕਰ ਲਈ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੁਣ ਅੱਗੇ ਮਾਮਲੇ ਦੀ ਜਾਂਚ ਹੀ ਨਹੀਂ ਕਰਵਾਉਣਾ ਚਾਹੁੰਦੀ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਕਹਿੰਦੇ ਹਨ ਕਿ ਉਕਤ ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮਾਂ ਤਹਿਤ ਉਨ੍ਹਾਂ ਨੇ ਉਸ ਕੈਬਨਿਟ ਮੰਤਰੀ ਨਾਲ ਗੱਲਬਾਤ ਵੀ ਕੀਤੀ ਹੈ। ਉਕਤ ਮੰਤਰੀ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਮਾਮਲਾ ਪੁਲਿਸ ਪੜਤਾਲ ਦਾ ਬਣਦਾ ਹੈ। ਪਰੰਤੂ ਉਸ ਮੰਤਰੀ ਨੂੰ ਸਾਹਮਣੇ ਆ ਕੇ ਦੱਸਣਾ ਚਾਹੀਦਾ ਹੈ ਕਿ ਆਖਿਰ ਮਾਮਲਾ ਹੈ ਕੀ…? ਅਤੇ ਉਕਤ ਮਹਿਲਾ ਨੇ ਉਸ ਉਪਰ ਇਲਜ਼ਾਮ ਕਿਉਂ ਲਗਾਏ…..? ਅਤੇ ਜੇਕਰ ਉਸਨੇ ਇਲਜ਼ਾਮ ਲਗਾਏ ਹੀ ਸਨ ਤਾਂ ਫੇਰ ਉਸ ਉਪਰ ਅਜਿਹਾ ਕੀ ਦਬਾਅ ਪਾਇਆ ਗਿਆ ਕਿ ਉਸਨੇ ਆਪਣੀ ਜ਼ਿੰਦਗੀ ਹੀ ਖ਼ਤਮ ਕਰ ਲਈ….?
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਰਾਜਨੀਤਿਕ ਉਚ ਗਲਿਆਰਿਆਂ ਅੰਦਰ ਹੁਣ ਅਜਿਹੇ ਚਰਚੇ ਨਿਤ-ਪ੍ਰਤੀਦਿਨ ਹੋਣ ਲੱਗੇ ਹਨ ਅਤੇ ਮਹਿਲਾਵਾਂ ਅਜਿਹੇ ਇਲਜ਼ਾਮਾਂ ਨੂੰ ਲੈ ਕੇ ਅੱਗੇ ਆਉਣ ਲੱਗੀਆਂ ਹਨ। ਮੌਜੂਦਾ ਸਮੇਂ ਵਿੱਚ ਹੀ ਹੁਣ ਚਾਰ ਅਜਿਹੀਆਂ ਪੜਤਾਲਾਂ ਦਾ ਸਿਲਸਿਲਾ ਜਾਰੀ ਹੈ ਅਤੇ ਕੋਈ ਨਹੀਂ ਕਹਿ ਸਕਦਾ ਕਿ ਅਜਿਹੇ ਮਾਮਲੇ ਕਿਸ ਤਰਫ਼ ਦਾ ਮੋੜ ਲੈਣਗੇ…..।