ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ

ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਕਰਨਗੇ ਸ਼ਿਰਕਤ

(ਮੈਲਬੋਰਨ)-ਅਸਟਰੇਲੀਆ ਦੇ ਸ਼ਹਿਰ ਮੈਲਬੋਰਨ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੈ ਦੇ ਐਸਟਰੋਟਰਫ ਮੈਦਾਨ ਤੇ ਪਹਿਲਾ ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 8 ਟੀਮਾਂ ਭਾਗ ਲੈਣਗੀਆਂ ਅਤੇ ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਜਾਵੇਗਾ ਅਤੇ ਪੂਲਾਂ ਵਿੱਚ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰਨਗੀਆਂ। ਇਹ ਟੂਰਨਾਮੈਂਟ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਦੇ ਨਿਯਮਾਂ ਅਨੁਸਾਰ ਅਤੇ ਅੰਤਰਰਾਸ਼ਟਰੀ ਅੰਪਾਇਰਾਂ ਦੀ ਦੇਖ ਰੇਖ ਵਿੱਚ ਖੇਡਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਜੇਤੂ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਉਲੰਪੀਅਨ ਪਰਗਟ ਸਿੰਘ (ਸਾਬਕਾ ਸਿੱਖਿਆ ਅਤੇ ਖੇਡ ਮੰਤਰੀ ਪੰਜਾਬ ਅਤੇ ਮੌਜੂਦਾ ਵਿਧਾਇਕ ਜਲੰਧਰ ਕੈਂਟ) ਹੋਣਗੇ। ਉਨ੍ਹਾਂ ਤੋਂ ਇਲਾਵਾ ਭਾਰਤੀ ਹਾਕੀ ਨਾਲ ਜੁੜੀਆਂ ਅਹਿਮ ਸ਼ਖਸ਼ੀਅਤਾਂ ਵੀ ਇਸ ਟੂਰਨਾਮੈਂਟ ਦੀ ਸ਼ਾਨ ਨੂੰ ਚਾਰ ਚੰਨ ਲਾਉਣਗੀਆਂ। ਉਨ੍ਹਾਂ ਦੱਸਿਆ ਕਿ ਮੈਲਬੋਰਨ ਹਾਕੀ ਕੱਪ ਦਾ ਲੋਗੋ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।

Install Punjabi Akhbar App

Install
×