ਮੈਲਬੌਰਨ ਦਾ ਖਬਰਨਾਮਾਂ

25 ਮਈ 2015: (ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ) ਸ੍ਰੀ ਗੁਰੂ ਸਿੰਘ ਸਭਾ, ਦ ਸਿੱਖ ਕਲਚਰਲ ਸੁਸਾਇਟੀ ਆਫ ਵਿਕਟੋਰਆਿ ਇਨਕਾਰਪੋਰੇਟਿਡ, ਦੀ ਸਪੈਸਲ ਜਨਰਲ ਮੀਟਿੰਗ ਹੋਈ। ਏਜੰਡਾ ਆਈਟਮਸ ਨੂੰ ਦੇਖਦਿਆਂ ਪ੍ਰਬੰਧਕ ਕਮੇਟੀ ਨੇ ਇਹ ਮੀਟਿੰਗ ਦਰਬਾਰ ਹਾਲ ਵਿਚ ਆਯੋਜਿਤ ਕੀਤੀ ਜਿਥੇ ਰੋਜ ਦੀ ਤਰਾਂ ਸਿੱਖ ਗੁਰੂ, ਸ੍ਰੀ ਗੁਰੂ ਗਰੰਥ ਸਾਹਿਬ ਪ੍ਰਕਾਸਮਾਨ ਸਨ। (ਯਾਦ ਰਹੇ ਕਿ ਗੁਰੂ ਗਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਮੰਨੇ ਜਾਣ ਵਾਸਤੇ ਭਾਰਤ ਦੀ ਸਰਵ-ਉਚ ਅਦਾਲਤ ਵਿਚ ਚਲ ਰਹੇ ਕੇਸ ਦਾ ੩੮ ਸਾਲ ਦੇ ਬਾਦ 29 ਮਾਰਚ 2000 ਵਿਚ ਜਸਟਿਸ ਏ.ਪੀ. ਮਿਸਰਾ ਅਤੇ ਜਸਟਿਸ ਐਮ.ਜੁਗਨ ਨਾਥ ਰਾਓ, ਦੋ ਜਜਾਂ ਦੇ ਬੈਂਚ ਨੇ 42 ਸਫੇ ਦੇ ਫੈਸਲੇ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦਾ ਜੀਵਤ ਗੁਰੂ ਹੋਣ ਦਾ ਫੈਸਲਾ ਦਿਤਾ ਹੈ) ਦਰਬਾਰ ਹਾਲ ਵਿਚ ਮੀਟਿੰਗ ਕਰਨ ਤੋਂ ਕਮੇਟੀ ਦਾ ਭਾਵ ਸੀ ਕਿ ਸੁਸਾਇਟੀ ਦੇ ਸਾਰੇ ਮੈਂਬਰ ਜੋ ਸਿੱਖ ਗੁਰੂ, ਸ੍ਰੀ ਗੁਰੂ ਗਰੰਥ ਸਾਹਿਬ ਨੂੰ ਹਾਜਰ-ਨਾਜਰ ਗੁਰੂ ਮੰਨਦੇ ਹਨ ਉਹ ਦਰਬਾਰ ਹਾਲ ਵਿਚ ਸਾਂਤਮਈ ਰਹਿਣਗੇ, ਗਾਲੀ-ਗਲੋਚ ਨਾਂ ਕਰਨਗੇ ਅਤੇ ਝੂਠ ਨਾਂ ਬੋਲਣਗੇ ਪ੍ਰੰਤੂ ਹੋਇਆ ਇਸਦੇ ਬਿਲਕੁਲ ਉਲਟ। ਸੁਸਾਇਟੀ ਮੈਂਬਰਾਂ ਨੇ ਤਾਬਿਆ ਬੈਠੇ ਗਰੰਥੀ ਸਿੰਘ ਵਲੋਂ ਕੀਤੀਆਂ ਬੇਨਤੀਆਂ ਦੀ ਵੀ ਪਰਵਾਹ ਨਾਂ ਕਰਦੇ ਹੋਏ ਅਜਿਹਾ ਸੋਰ-ਸਰਾਬਾ ਮਚਾਇਆ ਕਿ ਵਿਕਟੋਰੀਆ ਪੁਲਸ ਨੂੰ ਦਖਲ ਦੇਣਾ ਪਿਆ ਪ੍ਰੰਤੂ ਕੁਝ ਸਿਆਣਿਆਂ ਨੇ ਪੁਲਸ ਨੂੰ ਦਰਬਾਰ ਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਵਾਪਸ ਮੋੜ ਦਿਤਾ। ਅਜਿਹਾ ਸਤਿਕਾਰ ਅਤੇ ਸਰਧਾ ਹੈ ਸਿੱਖ ਮੈਂਬਰਾਂ ਦੇ ਦਿਲਾਂ ਵਿਚ ਆਪਣੇ ਗੁਰੂ ਦੀ।
8 ਜੂਨ 2015: ਇਸ ਦਿਨ ਕੈਂਟਰਬਰੀ ਰੋਡ, ਬਲੈਕਬਰਨ ਵਿਚ ਚਿਰ ਕਾਲ ਤੋਂ ਚਲਦੇ ਆ ਰਹੇ ਕੜਾਈ ਰੈਸਟੋਰੈਂਟ ਨੂੰ ਚੋਰੀ ਕਰਨ ਆਏ ਗਰੋਹ ਨੇ ਰੈਸਟੋਰੈਂਟ ਨੂੰ ਭੰਨ-ਤੋੜ ਕੇ ਅੱਗ ਲਾ ਦਿਤੀ। ਮਿਲੀ ਜਾਣਕਾਰੀ ਅਨੁਸਾਰ ਰੈਸਟੋਰੈਂਟ ਦਾ ਮਾਲਕ ਜੋ ਪੰਜਾਬੀ ਭਾਈਚਾਰੇ ਵਿਚ ਮੰਨਿਆ ਪ੍ਰਮੰਨਿਆ ਨੁਮਾਂਇਦਾ ਅਤੇ ਸਮਾਜ ਸੇਵਕ ਵੀ ਹੈ, ਦਾ ਮੰਨਣਾਂ ਹੈ ਕਿ ਚੋਰ ਸਟੀਲ ਦੇ ਐਂਟੀ-ਚੋਰ ਦਰਵਾਜੇ ਨੂੰ ਕੱਟ ਕੇ ਅਤੇ ਉਸਦੇ ਅੰਦਰ ਦੇ ਦਰਵਾਜੇ ਨੂੰ ਇਕ ਮਜਬੂਤ ਸਟੀਲ ਪੋਲ ਨਾਲ ਭੰਨ ਕੇ ਅੰਦਰ ਦਾਖਲ ਹੋਏ ਅਤੇ ਕੰਪਿਊਟਰਾਈਸ ਟਿਲ (ਗੱਲੇ) ਤਕ ਪਹੁੰਚੇ ਅਤੇ ਜਦੋਂ ਉਹ ਟਿਲ ਖੋਲਣ ਤੋਂ ਅਤੇ ਚੱਕਣ ਤੋਂ ਅਸਮਰਥ ਰਹੇ ਤਾਂ ਰੈਸਟੋਰੈਂਟ ਨੂੰ ਅੱਗ ਲਾ ਦਿਤੀ ਜਿਸ ਨਾਲ ਹਜਾਰਾਂ ਢਾਲਰਾਂ ਦੇ ਨੁਕਸਾਨ ਦੇ ਨਾਲ ਨਾਲ ਰੈਸਟੋਰੈਂਟ ਦੇ ਮਾਲਕ ਅਤੇ ਕਾਮਿਆਂ ਨੂੰ ਬੇਰੁਜਗਾਰ ਵੀ ਕਰ ਦਿਤਾ। ਪੁਲਸ ਦੀ ਤਫਤੀਸ ਜਾਰੀ ਹੈ ਪ੍ਰੰਤੂ ਖਬਰ ਮਿਲਣ ਤਕ ਚੋਰਾਂ ਦੀ ਕੋਈ ਉੱਘ ਸੁੱਘ ਨਹੀਂ ਲਗੀ।

13 ਅਤੇ 20 ਜੂਨ 2015: 13 ਜੂਨ ਛਨਿਛਰਵਾਰ ਅਚਨਚੇਤ ਹੀ ਰੇਡੀਓ ਕੌਮੀ-ਆਵਾਜ ਤੋਂ ਪ੍ਰਸਾਰਤ ਹੋਣ ਵਾਲਾ ਪ੍ਰੋਗਰਾਮ ਸੁਣਿਆਂ ਤਾਂ ਪ੍ਰਸਾਰਣ ਕਰਤਾ ਵਲੋਂ ਇਕ ਸੂਚਨਾਂ ਦਿਤੀ ਜਾ ਰਹੀ ਸੀ ਜਿਸਦੇ ਸਬਦ ਕੁਝ ਇਸ ਤਰਾਂ ਦੇ ਸਨ, “ਸਰੋਤਿਓ ਤੁਸੀਂ ਜਾਣਦੇ ਹੋ ਕਿ ਮੈਂ ਜਸਪਰੀਤ ਸਿੰਘ ਇਸ ਸਟੀਰੀਓ 974 ਤੋਂ ਪੰਜਾਬੀ ਵਿਚ ਚਲ ਰਹੇ ਪ੍ਰੋਗਰਾਮ ਕੌਮੀ ਆਵਾਜ ਦੀ ਮੀਜਬਾਨੀ ਕਰਦਾ ਹਾਂ। 20 ਦਸੰਬਰ 2014 ਅਤੇ 7 ਫਰਵਰੀ 2015 ਦੇ ਪ੍ਰੋਗਰਾਮ ਦੌਹਰਾਨ ਕੁਝ ਇਕ ਸਰੋਤਿਆਂ ਨੇ ਸ੍ਰੀ ਗੁਰੂ ਸਿੰਘ ਸੱਭਾ, ਦ ਸਿੱਖ ਕਲਚਰਲ ਸੁਸਾਇਟੀ ਆਫ ਵਿਕਟੋਰੀਆ ਇਨਕਾਰਪੋਰੇਟਿਡ ਦੀ ਮੈਨਿਜਮੈਂਟ ਕਮੇਟੀ ਦੇ ਕੁਝ ਮੈਂਬਰਾਂ ਬਾਰੇ ਕੁਝ ਟਿਪਣੀਆਂ ਕੀਤੀਆਂ ਸਨ। ਕਮੇਟੀ ਦਾ ਮੰਨਣਾਂ ਹੈ ਕਿ ਇਹ ਗਲਤ ਅਤੇ ਹਾਨੀਕਾਰਕ ਸਨ। ਇਸ ਲਈ ਮੈਨੂੰ ਅਤੇ ਸਟੀਰੀਓ 974 ਦੀ ਮੈਨਿਜਮੈਂਟ ਕਮੇਟੀ ਨੂੰ ਗਹਿਰਾ ਖੇਦ ਹੈ ਤੇ ਅਸੀਂ ਗੁਰਦਵਾਰੇ ਦੀ ਪਰਬੰਧਕੀ ਕਮੇਟੀ ਤੇ ਇਹਦੇ ਮੈਂਬਰਾਂ ਤੋਂ ਜੇਕਰ ਇਨ੍ਹਾਂ ਟਿਪਣੀਆਂ ਨਾਲ ਇਨ੍ਹਾਂ ਦਾ ਕੋਈ ਅਪਮਾਨ ਹੋਇਆ ਹੋਵੇ ਜਾਂ ਫਿਰ ਇਨ੍ਹਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਖਿਮਾ ਚਾਹੁੰਦੇ ਹਾਂ।”  ਜਦੋਂ ਇਸ ਬਾਰੇ ਪਤਾ ਕੀਤਾ ਗਿਆ ਤਾਂ ਜਸਪਰੀਤ ਸਿੰਘ ਨਾਲ ਤਾਂ ਗੱਲ ਨਾਂ ਹੋ ਸਕੀ ਪ੍ਰੰਤੂ ਜਾਣਕਾਰੀ ਅਨੁਸਾਰ ਪਤਾ ਲਗਿਆ ਕਿ ਉਪਰੋਕਿਤ ਦਿਤੀਆਂ ਤਰੀਕਾਂ ਉਤੇ ਕੀਤੀਆਂ ਗਈਆਂ ਟਿਪਣੀਆਂ ਦਾ ਬਿਨਾਂ ਛਾਣ-ਬੀਣ ਕੀਤਿਆਂ ਹੀ ਪ੍ਰਸਾਰਣ ਕੀਤਾ ਗਿਆ ਸੀ ਅਤੇ ਟਿਪਣੀਆਂ ਕਰਨ ਵਾਲਿਆਂ ਨੇ ਮਨ-ਘੜਤ ਗੱਲਾਂ ਬਣਾ ਕੇ ਮੈਂਨਿਜਮੈਂਟ ਕਮੇਟੀ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਸੀ।
20 ਜੂਨ ਛਨਿਛਰਵਾਰ ਨੂੰ ਫਿਰ ਪ੍ਰੋਗਰਾਮ ਸੁਣਿਆ ਤਾਂ ਇਕ ਕਵੀ ਦੀ ਇੰਟਰਵਿਊ ਤੋਂ ਬਾਦ ਫਿਰ ਰੇਡੀਓ ਕੌਮੀ-ਆਵਾਜ ਤੋਂ ਇਕ ਸੂਚਨਾਂ ਦਿਤੀ ਜਾ ਰਹੀ ਸੀ ਜੋ 13 ਤਾਰੀਕ ਵਾਲੀ ਹੀ ਲਗ ਰਹੀ ਸੀ ਅਤੇ ਜਿਸਦੇ ਸਬਦ ਸਨ, “ਪਿਆਰੇ ਸਰੋਤਾ-ਜਨੋਂ ਜਿਵੇਂ ਤੁਸੀਂ ਜਾਣਦੇ ਹੋ ਮੈਂ ਜਸਪ੍ਰੀਤ ਸਿੰਘ ਸਟੀਰੀਓ 974 ਤੋਂ ਪੰਜਾਬੀ ਵਿਚ ਚਲਾਏ ਜਾਣ ਵਾਲੇ ਕੌਮੀ ਅਵਾਜ ਰੇਡੀਓ ਪ੍ਰੋਗਰਾਮ ਦਾ ਸੰਚਾਲਕ ਹਾਂ ਤੇ ਇਹਦੀ ਮੀਜਬਾਨੀ ਕਰਦਾ ਹਾਂ।  20 ਦਸੰਬਰ 2014 ਅਤੇ 7 ਫਰਵਰੀ 2015 ਦੇ ਪ੍ਰੋਗਰਾਮ ਵਿਚ ਰਿਕਾਰਡਿੰਗ ਦੌਹਰਾਨ ਬਹੁਤ ਸਾਰੇ ਸਰੋਤਿਆਂ ਨੇ ਸ੍ਰੀ ਗੁਰੂ ਸਿੰਘ ਸੱਭਾ, ਦ ਸਿੱਖ ਕਲਚਰਲ ਸੁਸਾਇਟੀ ਇਨਕਾਰਪੋਰੇਟਿਡ, ਇਹਦੀ ਕਮੇਟੀ ਤੇ ਇਹਦੇ ਮੈਂਬਰਾਂ ਬਾਰੇ ਕੁਝ ਕੁ ਟਿਪਣੀਆਂ ਕੀਤੀਆਂ ਸਨ ਜੋ ਕਮੇਟੀ ਦੇ ਮੰਨਣ ਅਨੁਸਾਰ ਝੂਠੀਆਂ ਅਤੇ ਮਾਣ-ਹਾਨੀਕਾਰਕ ਹਨ।  ਮੈਂ ਅਤੇ ਸਟੀਰੀਓ 974 ਦੇ ਪ੍ਰਬੰਧਕ ਇਸ ਗੱਲ ਨੂੰ ਮੰਨਦੇ ਹਾਂ ਤੇ ਇਹ ਟਿਪਣੀਆਂ ਕਰਨ ਦੇਣ ਲਈ ਡੂੰਗੇ ਅਫਸੋਸ ਦਾ ਪ੍ਰਗਟਾਵਾ ਕਰਦੇ ਹਾਂ ਤੇ ਗੁਰਦਵਾਰਾ ਸਾਹਿਬ, ਇਹਦੀ ਪ੍ਰਬੰਧਕ ਕਮੇਟੀ ਤੇ ਇਹਦੇ ਮੈਂਬਰਾਂ ਪਾਸੋਂ ਇਨ੍ਹਾਂ ਟਿਪਣੀਆਂ ਵਜੋਂ ਕਮੇਟੀ ਮੈਂਬਰਾਂ ਦੀ ਹੋਈ ਮਾਣ-ਹਾਨੀ ਤੇ ਹੋਰ ਕੋਈ ਵੀ ਹੋਏ ਅਪਰਾਧ ਵਾਸਤੇ ਮਾਫੀ ਮੰਗਦੇ ਹਾਂ।” ਇਕੋ ਜਿਹਾ ਮੁਆਫੀ ਨਾਮਾਂ ਦੋ ਵਾਰ ਪੜਨ ਤੋਂ ਲਗਦਾ ਹੈ ਕਿ ਪਹਿਲੀ ਸੂਚਨਾਂ ਅਧੂਰੀ ਸੀ ਅਤੇ ਮੁਆਫੀ-ਨਾਮਾਂ ਪੂਰਣ ਨਹੀਂ ਸੀ ਲਗਦਾ।

21 ਜੂਨ 2015: ਰੌਣਕ ਤ੍ਰਿਞਣਾ ਦੀ ਪ੍ਰੋਗਰਾਮ ਜੋ ਪਿਛਲੇ ਪੰਜ ਸਾਲ ਤੋਂ ਮਨਜੋਤ ਧਾਲੀਵਾਲ ਦੀ ਅਗਵਾਈ ਹੇਠ ਚਲਦਾ ਆ ਰਿਹਾ ਹੈ ਇਸ ਸਾਲ ਵੀ ਇਹ ਤਿਉਹਾਰ ਰੌਣਕ ਤ੍ਰਿੰਞਣਾ ਦੀ, ਦੇ ਬੈਨਰ ਹੇਠ ਗਰੇਟਰ ਡੈਂਡੀਨੌਂਗ ਕੌਂਸਲ ਦੇ ਸਪਰਿੰਗਵੇਲ ਸਥਿਤ ਹਾਲ ਵਿਚ ਮਨਾਇਆਂ ਗਿਆ। ਇਸ ਸਾਲ ਰੌਣਕ ਤ੍ਰਿਞਣਾਂ ਦੀ, ਤਿਉਹਾਰ 21 ਜੂਨ ਦਿਨ ਐਤਵਾਰ ਨੂੰ ਸਪਰਿੰਗਵੇਲ ਕੌਂਸਲ ਹਾਲ ਵਿਚ ਪ੍ਰੋਗਰਾਮ ਠੀਕ ਦਿਤੇ ਸਮੇਂ ਅਨੁਸਾਰ ਦੁਪੈਹਰ ਦੇ ਇਕ ਵਜੇ ਆਰੰਭ ਹੋਇਆ। ਜਿਸ ਦੀ ਓਪਨਿੰਗ ਇੰਪੀਰੀਅਲ ਕਾਲਜ ਦੀ ਸੰਚਾਲਕ ਅਤੇ ਡਾਇਰੈਕਟਰ ਦਿਲਪ੍ਰੀਤ ਜਸਵਾਲ ਨੇ ਕੀਤੀ।  ਬਸ ਓਪਨਿੰਗ ਹੋਣ ਸਾਰ ਹੀ ਸਟੇਜ ਤੇ ਅਜਿਹਾ ਰੰਗ ਬੱਝਾ ਜੋ ਖਤਮ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਵੈਸੇ ਤਾਂ ਸਾਰੇ ਪ੍ਰੋਗਰਾਮ ਹੀ ਇਕ ਦੂਸਰੇ ਤੋਂ ਵੱਧ ਸਨ ਪ੍ਰੰਤੂ ਮਲਵਈ ਗਿੱਧਾ ਇਸ ਪ੍ਰੋਗਰਾਮ ਦੀ ਸਾਨ ਬਣਦਾ ਜਾ ਰਿਹਾ ਹੈ ਅਤੇ ਇਸ ਸਾਲ ਸੱਭ ਤੋਂ ਵਧੀਆ ਆਈਟਮ ਬਣਿਆ। ਇਸਤੋਂ ਬਿਨਾਂ ਦੀਪਕ ਬਾਵਾ ਦਾ ਰਿਸਤੇ ਪ੍ਰੋਗਰਾਮ ਵੀ ਬਹੁਤ ਚੰਗਾ ਸੀ। ਸਟੇਜ ਸੰਭਾਲਣ (ਐਂਕਰਿੰਗ) ਦਾ ਕੰਮ ਜਸ ਟਿਵਾਣਾ ਧਾਲੀਵਾਲ, ਪਵਨ ਬਰਾਰ, ਕੁਲਦੀਪ ਕੌਰ ਅਤੇ ਦੀਪਕ ਬਾਵਾ ਨੇ ਬਾਖੂਬੀ ਨਿਭਾਇਆ।
ਮਨਜੋਤ ਧਾਲੀਵਾਲ ਦਾ ਕਹਿਣਾ ਹੈ ਕਿ ਇਸ ਸਾਲ ਔਡੀਅਨ ਪਾਰਟੀਸੀਪੇਸਨ ਪਹਿਲਾਂ ਨਾਲੋ ਬਹੁਤ ਵੱਧ ਸੀ। ਇਸ ਸਾਲ ਬਚਿਆਂ ਨੂੰ ਮਾਵਾਂ ਤੋਂ ਦੂਰ ਰੱਖਣ ਵਾਸਤੇ ਕਿੱਡਸ ਜੰਪੀ ਕੈਸਲ ਦਾ ਪ੍ਰਬੰਧ ਕੀਤਾ ਗਿਆ ਜਿਸਨੂੰ ਬਚਿਆਂ ਅਤੇ ਮਾਵਾਂ ਨੇ ਬਹੁਤ ਪਸੰਦ ਕੀਤਾ। ਪਰੋਗਰਾਮ ਨੂੰ ਰੌਚਕ ਬਣਾਉਣ ਲਈ ਨੰਨੀ ਪੰਜਾਬਣ, ਮਿਸ ਤ੍ਰਿਞਣਾ, ਮਿਸਜ ਤ੍ਰਿਞਣਾ, ਫੈਂਸੀ ਡਰੈਸ, ਫੈਸਨ ਸੋਅ ਅਤੇ ਹੋਰ ਕਈ ਤਰਾਂ ਦੇ ਮੁਕਾਬਲੇ ਕਰਵਾਏ ਗਏ।  ਇਸ ਪ੍ਰੋਗਰਾਮ ਦੀ ਰੌਣਕ ਨੂੰ ਚਾਰ ਚੰਨ ਲਾਉਣ ਵਾਸਤੇ ਹੁਣੇ ਹੁਣੇ ਰਿਲੀਜ ਹੋਈ ਪੰਜਾਬੀ ਫਿਲਮ ਗਦਾਰ ਦੀ ਮੁੱਖ ਅਦਾਕਾਰਾ (ਹੀਰੋਇਨ) ਮਨਪਨੀਤ ਗਰੇਵਾਲ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਜਿਸ ਨੇ ਆਪਣੀ ਹਾਜਰੀ ਦੇ ਨਾਲ ਨਾਲ ਦਿਲਪ੍ਰੀਤ ਦੇ ਨਾਲ ਫੈਂਸੀ ਡਰੈਸ ਸੋਅ ਦੀ ਜੱਜ ਦੀ ਭੂਮਿਕਾ ਵੀ ਨਿਭਾਈ।  ਅੰਤ ਵਿਚ ਇਹ ਪ੍ਰੋਗਰਾਮ ਹਰ ਸਾਲ ਦੀ ਤਰਾਂ ਆਪਣੀਆਂ ਨਵੀਆਂ ਲੀਹਾਂ ਪਾਉਂਦਾ ਹੋਇਆ ਛਾਮ 6 ਵਜੇ ਵਿਸਰਜਤ ਹੋਇਆ।

ਮਨਜੀਤ ਸਿੰਘ ਔਜਲਾ

Install Punjabi Akhbar App

Install
×