ਮਲਾਲਾ ਹੋਰ ਵੀ ਹਨ!

malala-yousafzai001
ਸਾਲ 2012 ਦੇ ਅਕਤੂਬਰ ਮਹੀਨੇ ਦੀ ਗੱਲ ਹੈ। ਪਾਕਿਸਤਾਨ ਵਿੱਚ ਤਾਲਿਬਾਨ ਦਹਿਸ਼ਤਗਰਦਾਂ ਦੇ ਗੜ੍ਹ ਵਜੋਂ ਜਾਣੀ ਜਾਂਦੀ ਸਵਾਤ ਘਾਟੀ ਵਿਚ ਤਾਲਿਬਾਨ ਗੁਰੀਲੇ ਇੱਕ ਸਕੂਲੀ ਵੈਨ ਨੂੰ ਰੋਕਦੇ ਹਨ।ਵੈਨ ਵਿਚ ਬੈਠੀਆਂ ਸਕੂਲੀ ਬੱਚੀਆਂ ਜੋ ਕਿ ਆਪਣਾ ਪੇਪਰ ਦੇ ਕੇ ਆ ਰਹੀਆਂ ਹਨ , ਨੂੰ ਉਹ ਇੱਕੋ ਹੀ ਸਵਾਲ ਪੁੱਛਦੇ ਹਨ ,” ਮਲਾਲਾ ਕੌਣ ਹੈ ?” ਸਾਰੀਆਂ ਬੱਚੀਆਂ ਸਹਿਮ ਜਾਂਦੀਆਂ ਹਨ ਅਤੇ ਇੱਕ 15 ਸਾਲ ਦੀ ਲੜਕੀ ਵੱਲ ਵੇਖਣ ਲੱਗਦੀਆਂ ਹਨ। ਉਹ ਲੜਕੀ ਥੋੜਾ ਹੌਂਸਲੇ ਨਾਲ ਬੋਲਦੀ ਹੈ ,” ਮੇਰਾ ਨਾਮ ਹੈ ਮਲਾਲਾ।” ਇਹ ਜਵਾਬ ਸੁਣਦੇ ਸਾਰ ਹੀ ਤਾਲਿਬਾਨ ਗੁਰੀਲੇ ਉਸ ਲੜਕੀ ਉੱਤੇ ਗੋਲੀਆਂ ਵਰ੍ਹਾਹ ਦਿੰਦੇ ਹਨ । ਇੱਕ ਗੋਲੀ ਉਸ ਲੜਕੀ ਦੀ ਖੱਬੀ ਅੱਖ ਤੋਂ ਉੱਪਰ ਪੁੜਪੁੜੀ ਵਿਚ ਲਗਦੀ ਹੈ । ਉਹ ਬੇਹੋਸ਼ ਹੋ ਜਾਂਦੀ ਹੈ । ਦੋ ਹੋਰ ਲੜਕੀਆਂ ਵੀ ਜ਼ਖਮੀ ਹੋ ਜਾਂਦੀਆਂ ਹਨ ।
ਕੌਣ ਹੈ ਮਲਾਲਾ ?

ਮਲਾਲਾ ਯੂਸਫਜਈ , ਜਿਸ ਦੇ ਕਬੀਲੇ ਦੇ ਵਡੇਰਿਆਂ ਨੇ ਵਿਸ਼ਵ ਜੇਤੂ ਹੋਣ ਦੇ ਸੁਪਨੇ ਲੈਣ ਵਾਲੇ ਸਿਕੰਦਰ ਮਹਾਨ ਨਾਲ ਵਾਪਸ ਜਾਂਦੇ ਸਮੇਂ ਟੱਕਰ ਲਈ ਸੀ। ਉਹ ਅੱਜ ਤਾਲਿਬਾਨਾਂ ਨਾਲ ਟੱਕਰ ਲੈ ਰਹੀ ਹੈ। ਉਹ ਕੁੜੀ ਉਹਨਾਂ ਗੁਰੀਲਿਆਂ ਦੀਆਂ ਧਮਕੀਆਂ ਤੋਂ ਨਹੀਂ ਡਰੀ ਅਤੇ ਪੂਰੀ ਦਲੇਰੀ ਨਾਲ ਦੁਸ਼ਮਣ ਦਾ ਸਾਹਮਣਾ ਕਰਦੀ ਰਹੀ। ਪਰ ਅਮਰੀਕਾ ਦੀ ਫੌਜ ਨਾਲ ਟੱਕਰ ਲੈਣ ਦਾ ਦਾਅਵਾ ਕਰਨ ਵਾਲੇ ਤਾਲਿਬਾਨਾਂ ਨੂੰ ਉਹ 15 ਸਾਲ ਦੀ ਕੁੜੀ ਹੀ ਇੰਨੀ ਖਤਰਨਾਕ ਲੱਗਣ ਲੱਗ ਪਈ ਕਿ ਉਸ ਨੂੰ ਕਤਲ ਕਰਨ ਪਹੁੰਚ ਗਏ।

ਆਖਰ ਕੀ ਦੁਸ਼ਮਣੀ ਸੀ ਉਸ ਕੁੜੀ ਨਾਲ ਤਾਲਿਬਾਨਾਂ ਦੀ?

ਤਾਲਿਬਾਨ ਸਵਾਤ ਘਾਟੀ ਵਿਚ ਇਸਤਰੀ ਸਿੱਖਿਆ ਦੇ ਸਖਤ ਖਿਲਾਫ਼ ਹਨ ਤੇ ਕੁੜੀਆਂ ਦੇ ਸਕੂਲਾਂ ਨੂੰ ਬੰਬਾਂ ਨਾਲ ਉਡਾ ਰਹੇ ਹਨ । ਪਰ ਉਹ ਕੁੜੀ ਖੁਦ ਤਾਂ ਪੜ੍ਹਦੀ ਹੀ ਸੀ ਬਲਕਿ ਹੋਰ ਕੁੜੀਆਂ ਨੂੰ ਵੀ ਇਸ ਲਈ ਉਤਸ਼ਾਹਿਤ ਕਰਦੀ ਸੀ। ਉਸ ਦੇ ਪਿਤਾ ਵੱਲੋਂ ਉਸ ਨੂੰ ਪੂਰਾ ਸਹਿਯੋਗ ਮਿਲਦਾ ਰਿਹਾ। ਉਹ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਅਖਬਾਰਾਂ ਵਿਚ ਸਿੱਖਿਆ ਦੇ ਮਹੱਤਵ ਸੰਬੰਧੀ ਲੇਖ ਲਿਖਦੀ ਰਹੀ ਹੈ। ਉਸ ਨੇ ਤਾਲਿਬਾਨਾਂ ਨੂੰ ਧਰਮ ਅਤੇ ਇਸਤਰੀ ਸਿੱਖਿਆ ਉੱਤੇ ਬਹਿਸ ਕਰਨ ਦਾ ਸੱਦਾ ਵੀ ਦਿੱਤਾ ਹੋਇਆ ਸੀ। ਪਰ ਗੋਲੀਆਂ ਦੀ ਭਾਸ਼ਾ ਬੋਲਣ ਵਾਲੇ ਸ਼ਾਂਤੀ ਦੀ ਭਾਸ਼ਾ ਨਹੀਂ ਸਮਝਦੇ।

ਪਾਕਿਸਤਾਨ ਵਿੱਚ ਰਾਵਲਪਿੰਡੀ ਦੇ ਹਸਪਤਾਲ ਵਿਚ ਜਦ ਉਹ ਪੂਰੀ ਤਰਾਂ ਠੀਕ ਨਾ ਹੋ ਸਕੀ ਤਾਂ ਇੰਗਲੈਂਡ ਦੇ ਬਰਮਿੰਘਮ ਵਿਚ ਉਸ ਦਾ ਇਲਾਜ ਹੋਇਆ। ਹੁਣ ਉਹ ਪੂਰੀ ਤਰਾਂ ਠੀਕ ਹੈ ਤੇ ਇੰਗਲੈਂਡ ਵਿਚ ਰਹਿ ਰਹੀ ਹੈ । ਤਾਲਿਬਾਨਾਂ ਨੇ ਅੱਜ ਵੀ ਉਸ ਨੂੰ ਮਾਰਨ ਦਾ ਫਤਵਾ ਜਾਰੀ ਕੀਤਾ ਹੋਇਆ ਹੈ। ਪਰ ਸਮੇਂ ਦੇ ਰੰਗ ਵੇਖੋ ਕਿ 9 ਅਕਤੂਬਰ 2012 ਨੂੰ ਉਸ ਉੱਤੇ ਹਮਲਾ ਹੋਇਆ ਸੀ ਅਤੇ ਪੂਰੇ ਦੋ ਸਾਲ ਬਾਅਦ 10 ਅਕਤੂਬਰ 2014 ਨੂੰ ਉਸਨੂੰ ਸੰਸਾਰ ਦਾ ਸਭ ਤੋਂ ਵੱਡਾ ਐਵਾਰਡ ਨੋਬਲ ਸ਼ਾਂਤੀ ਪੁਰਸਕਾਰ ਮਿਲ ਗਿਆ ਹੈ। ਇਹ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ। ਇਹ ਵੀ ਇੱਕ ਸੰਜੋਗ ਹੀ ਸਮਝੋ ਕਿ ‘ਬਚਪਨ ਬਚਾਉ ਅੰਦੋਲਨ’ ਦੇ ਮੋਢੀ ਭਾਰਤੀ ਨਾਗਰਿਕ, ਕੈਲਾਸ਼ ਸਤਿਆਰਥੀ ਨੂੰ ਵੀ ਮਲਾਲਾ ਦੇ ਨਾਲ ਹੀ ਇਹ ਐਵਾਰਡ ਮਿਲਿਆ ਹੈ।

ਪਰ ਗੱਲ ਸਿਰਫ ਇਥੇ ਹੀ ਨਹੀਂ ਮੁੱਕ ਜਾਂਦੀ । ਮਲਾਲਾ ਤਾਂ ਅੱਜ ਇੰਗਲੈਂਡ ਵਿੱਚ ਰਹਿ ਰਹੀ ਹੈ ਪਰ ਸਵਾਤ ਘਾਟੀ ਦੀਆਂ ਉਹ ਕੁੜੀਆਂ ਜੋ ਅੱਜ ਵੀ ਉਸੇ ਹੀ ਵੈਨ ਵਿਚ ਬੈਠ ਕੇ, ਉਹਨਾਂ ਹੀ ਸਕੂਲਾਂ ਵਿਚ ਪੜ੍ਹਨ ਜਾਂਦੀਆਂ ਹਨ , ਉਹਨਾਂ ਦੇ ਹੌਂਸਲੇ ਨੂੰ ਸਲਾਮ ਹੈ। ਉਹਨਾਂ ਗੁੰਮਨਾਮ ਬੱਚੀਆਂ ਨੂੰ ਚਾਹੇ ਕੋਈ ਵੀ ਐਵਾਰਡ ਨਹੀਂ ਮਿਲਿਆ ਪਰ ਉਹਨਾਂ ਨੂੰ ਹੌਂਸਲੇ ਅਤੇ ਸਿੱਖਿਆ ਦਾ ਬਹੁਤ ਵੱਡਾ ਐਵਾਰਡ ਇਸ ਨਾਲ ਜਰੂਰ ਮਿਲ ਜਾਣਾ ਹੈ। ਸ਼ਾਂਤੀ ਦੀਆਂ ਅਸਲੀ ਦੂਤ ਤਾਂ ਉਹ ਧੀਆਂ ਹਨ ਜੋ ਵਰ੍ਹਦੀਆਂ ਗੋਲੀਆਂ ਵਿੱਚ ਅੱਜ ਵੀ ਕਿਤਾਬਾਂ ਚੁੱਕ ਕੇ ਪੜ੍ਹਨ ਜਾਂਦੀਆਂ ਹੋਣਗੀਆਂ। ਦੁਨੀਆਂ ਦੇ ਵੱਡੇ ਹਿੱਸੇ ਵਿੱਚ ਅਸ਼ਾਂਤੀ ਫੈਲਾਉਣ ਵਾਲੇ ਦੇਸ਼ ਪਾਕਿਸਤਾਨ ਵਿਚ, ਅਜਿਹੀਆਂ ਸ਼ਾਂਤੀ ਦੀਆਂ ਦੂਤ ਲੜਕੀਆਂ ਦਾ ਪੈਦਾ ਹੋਣਾ ਹੋਰ ਵੀ ਵੱਡੀ ਗੱਲ ਹੈ।

ਪਰ ਗੱਲ ਇਥੇ ਵੀ ਨਹੀਂ ਮੁੱਕ ਜਾਣੀ ਚਾਹੀਦੀ। ਮਲਾਲਾ ਸਾਡੇ ਪੰਜਾਬ ਵਿਚ ਵੀ ਘਰ – ਘਰ ਬੈਠੀਆਂ ਹਨ। ਫਰਕ ਸਿਰਫ ਇੰਨਾ ਹੈ ਕਿ ਅਸੀਂ ਉਹਨਾਂ ਨੂੰ ਪਛਾਨਣ ਤੋਂ ਇਨਕਾਰੀ ਹੋਏ ਬੈਠੇ ਹਾਂ। ਸਾਡੇ ਆਂਢ – ਗੁਆਂਢ, ਹਰ ਪਿੰਡ – ਸ਼ਹਿਰ ਵਿੱਚ ਮਲਾਲਾ ਬੈਠੀਆਂ ਹਨ ਅਤੇ ਤਾਲਿਬਾਨ ਦਾ ਸਾਹਮਣਾ ਕਰ ਰਹੀਆਂ ਹਨ। ਪਰ ਸਾਡਾ ਸਾਥ ਨਾ ਮਿਲਣ ਕਾਰਨ, ਤਾਲਿਬਾਨੀ ਸੋਚ ਉਹਨਾਂ ਬੱਚੀਆਂ ਉੱਤੇ ਭਾਰੀ ਪੈ ਰਹੀ ਹੈ। ਪੰਜਾਬ ਦੀਆਂ ਮਲਾਲਾਵਾਂ ਉੱਤੇ ਸਿੱਧੀ ਗੋਲੀ ਤਾਂ ਭਾਵੇਂ ਨਹੀਂ ਚੱਲ ਰਹੀ ਪਰ ਉਹਨਾਂ ਨੂੰ ਉਮਰ ਭਰ ਦੀ ਫਾਂਸੀ ਚਾੜ੍ਹਿਆ ਜਾ ਰਿਹਾ ਹੈ। ਜਿਵੇਂ ਕਿ ਟੀ।ਵੀ। ਚੈਨਲਾਂ ਉੱਤੇ ਸੱਭਿਆਚਾਰ ਦੇ ਅਖੌਤੀ ਸੇਵਕਾਂ ਵੱਲੋਂ, ਸਕੂਲਾਂ ਤੇ ਕਾਲਜਾਂ ਬਾਰੇ ਗਾਏ ਹੋਏ ਘਟੀਆ ਤੇ ਬੇਹੂਦਾ ਗੀਤ ਸੁਣਕੇ , ਜੇ ਕਿਸੇ ਮਲਾਲਾ ਦਾ ਬਾਪ ਤਾਲਿਬਾਨਾਂ ਵਾਲੀ ਸੋਚ ਦਾ ਸ਼ਿਕਾਰ ਹੋ ਜਾਵੇ ਤਾਂ ਦੋਸ਼ ਕਿਸ ਨੂੰ ਦੇਈਏ ? ਅਖਬਾਰਾਂ ਵਿਚ ਛਪਦੀਆਂ ਅਗਵਾ, ਤੇਜ਼ਾਬੀ ਹਮਲਿਆਂ ਤੇ ਬਲਾਤਕਾਰ ਦੀਆਂ ਖਬਰਾਂ ਸੁਣ ਕੇ ਜੇ ਕੋਈ ਮਲਾਲਾ ਘਰ ਦੀ ਕੈਦ ਵਿਚ ਹੀ ਆਪਣੇ ਆਪ ਨੂੰ ਮਹਿਫੂਜ਼ ਸਮਝਣ ਲੱਗ ਪਵੇ ਤਾਂ ਦੋਸ਼ ਕਿਸ ਨੂੰ ਦੇਈਏ ? ਕਿਸੇ ਮਲਾਲਾ ਦੇ ਅੰਧ ਵਿਸ਼ਵਾਸੀ ਮਾਪੇ ਜੇ ਉਸ ਨੂੰ ਕਿਸੇ ਦੁਰਾਚਾਰੀ ਬਾਬੇ ਦੇ ਆਸ਼ਰਮ ਭੇਜ ਦੇਣ ਅਤੇ ਉਹ ਸ਼ੈਤਾਨ ਉਸ ਬਾਲੜੀ ਦੇ ਸਰੀਰ ਨੂੰ ਨੋਚ ਕੇ ਖਾ ਜਾਵੇ ਤਾਂ ਦੋਸ਼ ਕਿਸ ਨੂੰ ਦੇਈਏ ?

ਯਕੀਨਨ ਹੀ ਦੋਸ਼ੀ ਅਸੀਂ ਵੀ ਹਾਂ। ਜੇ ਅਸੀਂ ਇਸ ਦਾ ਦੋਸ਼ ਸਰਕਾਰ ਨੂੰ ਹੀ ਦਿੰਦੇ ਹਾਂ ਤਾਂ ਸਰਕਾਰ ਵੀ ਤਾਂ ਸਾਡੀ ਹੀ ਚੁਣੀ ਹੋਈ ਹੁੰਦੀ ਹੈ। ਜਦੋਂ ਤੱਕ ਅਸੀਂ ਆਪਣੇ ਸਰਕਾਰੀ ਨੁਮਾਇੰਦਿਆਂ ਨੂੰ ਸਾਹਮਣੇ ਖੜ੍ਹ ਕੇ ਪੁੱਛਣ ਦੀ ਹਿੰਮਤ ਨਹੀਂ ਕਰਾਂਗੇ, ਦੋਸ਼ੀ ਤਾਂ ਅਸੀਂ ਵੀ ਗਿਣੇ ਹੀ ਜਾਵਾਂਗੇ। ਅਮ੍ਰਿਤਸਰ ਵਿੱਚ ਇੱਕ ਬਾਪ (ਜੋ ਕਿ ਖੁਦ ਇੱਕ ਪੁਲਿਸ ਮੁਲਾਜ਼ਮ ਸੀ) ਆਪਣੀ ਧੀ ਦਾ ਸਨਮਾਨ ਬਚਾਉਂਦਾ ਹੋਇਆ ਗੁੰਡਿਆਂ ਹੱਥੋਂ ਮਾਰਿਆ ਗਿਆ। ਫਰੀਦਕੋਟ ਦੀ ਸ਼ਰੂਤੀ ਦੀ ਕਹਾਣੀ ਵੀ ਅਜੇ ਕੱਲ ਦੀ ਗੱਲ ਹੈ। ਹੁਣ ਫਰੀਦਕੋਟ ਵਿੱਚ ਹੀ ਗੁੰਮ ਹੋਏ 27 ਬੱਚਿਆਂ ਦਾ ਖੁਲਾਸਾ ਹੋਇਆ ਹੈ ਜਿੰਨਾ ਦੀ ਅਜੇ ਤੱਕ ਕੋਈ ਖਬਰ ਨਹੀਂ। ਦੱਸੋ ਕੌਣ ਕਰੇਗਾ ਸਾਡੀਆਂ ‘ਮਲਾਲਾਵਾਂ’ ਦੀ ਰਾਖੀ ? ਹਰ ਥਾਂ ਉੱਤੇ ਬਚਪਨ ਬਚਾਉਣ ਲਈ ਕੈਲਾਸ਼ ਸਤਿਆਰਥੀ ਤਾਂ ਜਾ ਨਹੀਂ ਸਕਣਗੇ। ਫਿਰ ਸਾਨੂੰ ਹੀ ਲਿਆਉਣਾ ਪਏਗਾ ਮਲਾਲਾ ਤੇ ਸਤਿਆਰਥੀ ਵਾਲਾ ਹੌਂਸਲਾ। ਕਿਉਂਕਿ ਹਾਕਮਾਂ ਦੀਆਂ ਧੀਆਂ ਤਾਂ ਵੀ।ਆਈ।ਪੀ। ਸੁਰੱਖਿਆ ਵਿੱਚ ਹਨ। ਉਹਨਾਂ ਨੂੰ ਤਾਂ ਇਕੱਲਿਆਂ ਸਕੂਲ ਨਹੀਂ ਜਾਣਾ ਪੈਂਦਾ ਅਤੇ ਨਾ ਹੀ ਬੱਸਾਂ ਗੱਡੀਆਂ ਵਿੱਚ ਸਫਰ ਕਰਨਾ ਪੈਂਦਾ ਹੈ । ਓਹਨਾਂ ਨੂੰ ਕਿਸੇ ਗੁੰਡੇ ਤੋਂ ਕੋਈ ਖਤਰਾ ਨਹੀਂ। ਖਤਰਾ ਤਾਂ ਸਾਡੀਆਂ ਧੀਆਂ ਨੂੰ ਹੈ । ਖਤਰੇ ਵਿੱਚ ਤਾਂ ਸਾਡੇ ਹੀ ਲਾਡਲਿਆਂ – ਲਾਡਲੀਆਂ ਦਾ ਬਚਪਨ ਹੈ।

ਅਫਰੀਕੀ ਦੇਸ਼ ਨਾਇਜ਼ੀਰੀਆ ਵਿੱਚ ਅੱਤਵਾਦੀ ਸੰਗਠਨ ‘ਬੋਕੋ ਹਰਮ’ ਵਲੋਂ ਅਗਵਾ ਕੀਤੀਆਂ ਗਈਆਂ 276 ਸਕੂਲੀ ਬੱਚੀਆਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਸਾਡੀ ਰਾਜਧਾਨੀ ਦਿੱਲੀ ਹੀ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਥਾਂ ਬਣੀ ਪਈ ਹੈ। ਆਦਿਵਾਸੀ ਕਬੀਲਿਆਂ ਦੀਆਂ ਧੀਆਂ ਨੂੰ ਜਬਰੀ ਅਗਵਾ ਕਰਕੇ ਅੱਗੇ ਵੇਚਿਆ ਜਾ ਰਿਹਾ ਹੈ। ਆਖਰ ਕਦੋਂ ਪੁੱਛਣਾ ਸ਼ੁਰੂ ਕਰਾਂਗੇ ਅਸੀਂ ਆਪਣੀ ਚੁਣੀ ਹੋਈ ਸਰਕਾਰ ਤੋਂ ਕਿ ਉਹ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੀ-ਕੀ ਉਪਾਅ ਕਰ ਰਹੀ ਹੈ ? ਕਦੋਂ ਤੱਕ ਅਸੀਂ ਉਹਨਾਂ ਲਈ ਸਿਰਫ ਵੋਟ ਬੈਂਕ ਹੀ ਬਣੇ ਰਹਾਂਗੇ ? ਜੇ ਅਸੀਂ ਅਜੇ ਵੀ ਨਾ ਜਾਗੇ ਤਾਂ ਸਾਡੇ ਆਪਣੇ ਹੀ ਘਰਾਂ ਵਿੱਚ ਬੈਠੇ ਤਾਲਿਬਾਨਾਂ ਨੇ ਕਿਸੇ ਵੀ ਮਲਾਲਾ ਦੇ ਪੈਦਾ ਹੋਣ ਉੱਤੇ ਹੀ ਪਾਬੰਦੀਆਂ ਲਗਾ ਦੇਣੀਆਂ ਹਨ। ਕਿਉਂਕਿ ਮਲਾਲਾ ਕੋਈ ਇੱਕ ਨਹੀਂ, ਬਲਕਿ ਮਲਾਲਾ ਤਾਂ ਘਰ – ਘਰ ਬੈਠੀਆਂ ਹਨ।

Install Punjabi Akhbar App

Install
×