ਨਿਊ ਸਾਊਥ ਵੇਲਜ਼ ਦਾ ਗ੍ਰੇਟ ਵੈਸਟਰਨ ਹਾਈਵੇਅ ਜੋ ਕਿ ਕਟੂੰਬਾ ਅਤੇ ਮਾਊਂਟ ਵਿਕਟੌਰੀਆ ਦਰਮਿਆਨ ਪੈਂਦਾ ਹੈ ਅਤੇ ਬੀਤੇ ਕਈ ਘੰਟਿਆਂ ਤੋਂ ਭਾਰੀ ਬਰਫ਼ਬਾਰੀ ਕਾਰਨ ਬੰਦ ਪਿਆ ਸੀ, ਨੂੰ ਸੜਕੀ ਆਵਾਜਾਈ ਵਾਸਤੇ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇਸ ਸੜਕ ਉਪਰ ਹੁਣ ਆਵਾਜਾਈ ਅਤੇ ਟਰੱਕਾਂ ਦਾ ਆਵਾਗਮਨ ਮੁੜ ਤੋਂ ਸ਼ੁਰੂ ਹੋ ਗਿਆ ਹੈ।
ਇਸਤੋਂ ਇਲਾਵਾ ਲਿਥਗੋਅ ਅਤੇ ਬੈਲ ਖੇਤਰ ਵਿਚਾਲੇ ਦਾ ਰਸਤਾ ਹਾਲੇ ਵੀ ਬੰਦ ਹੀ ਹੈ। ਲੋਕਾਂ ਨੂੰ ਭਾਰੀ ਮੁਸ਼ੱਕਤ ਅਤੇ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਲੂ ਮਾਊਂਟੇਨਜ਼ ਦੀਆਂ ਟ੍ਰੇਨਾਂ ਦੀ ਸਮਾਂ ਸਾਰਣੀ ਵੀ ਦੇਰੀ ਨਾਲ ਹੀ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸਿਡਨੀ ਵਿੱਚ ਬੀਤੀ ਰਾਤ ਮਹਿਜ਼ 2 ਘੰਟਿਆਂ ਵਿੱਚ ਹੀ ਅਚਾਨਕ ਤਾਪਤਾਨ 10 ਡਿਗਰੀ ਸੈਲਸੀਅਸ ਤੱਕ ਗਿਰ ਗਿਆ ਸੀ ਅਤੇ ਠੰਢੀਆਂ ਹਵਾਵਾਂ ਅਤੇ ਬਰਫ਼ਬਾਰੀ ਨੇ ਉਪਰੋਕਤ ਖੇਤਰਾਂ ਨੂੰ ਘੇਰ ਲਿਆ ਸੀ।
ਕਟੂੰਬਾ ਖੇਤਰ ਵਿੱਚ ਤਾਪਮਾਨ -1.5 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਸੀ ਪਰੰਤੂ ਠੰਢ -7 ਡਿਗਰੀ ਸੈਲਸੀਅਸ ਤੱਕ ਵੀ ਮਹਿਸੂਸ ਕੀਤੀ ਜਾ ਰਹੀ ਸੀ ਜਿਸ ਕਾਰਨ ਕਿ ਭਾਰੀ ਬਰਫ਼ਬਾਰੀ ਹੋਈ ਅਤੇ ਬਹੁਤ ਸਾਰੀਆਂ ਸੜਕੀ ਆਵਾਜਾਈਆਂ ਵਿੱਚ ਵਿਘਨ ਪਿਆ।