
ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਵਿੱਚ ਇੱਚ ਚੱਕਰਵਾਤੀ ਤੂਫ਼ਾਨ ਨੇ ਦਸਤਕ ਦੇ ਦਿੱਤੀ ਹੈ ਅਤੇ ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼, ਤੂਫ਼ਾਨੀ ਹਵਾਵਾਂ ਆਦਿ ਦੇ ਨਾਲ ਨਾਲ ਲੋਕਾਂ ਨੂੰ ਹੜ੍ਹਾਂ ਤੋਂ ਚੇਤੰਨ ਰਹਿਣ ਦੀਆਂ ਚਿਤਾਵਨੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਚਿਤਵਾਨੀਆਂ ਵਾਲੇ ਘੇਰੇ ਵਿੱਚ ਬਰੂਮੇ, ਡਰਬੀ, ਕੇਪ ਲੇਵਕ, ਕੋਕਾਟੂ ਆਈਲੈਂਡ, ਫਿਜ਼ੋਰੀ ਕਰਾਸਿੰਗ ਅਤੇ ਕੁਰੀ ਬੇਅ ਆਦਿ ਦੇ ਇਲਾਕੇ ਆੳਂਦੇ ਹਨ।
ਬਰੂਮੇ ਹਾਰਬਰ ਉਪਰ ਤਾਂ ਅੱਜ ਸਵੇਰ ਤੋਂ ਹੀ ਮੌਸਮ ਦਾ ਮਿਜਾਜ਼ ਬਹਤੁ ਜ਼ਿਆਦਾ ਵਿਗੜਿਆ ਹੋਇਆ ਹੈ ਅਤੇ ਇੱਥੇ 94 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਪੱਛਮੀ ਡਰਬੀ ਦੇ ਖੇਤਰ ਵਿੱਚ 70 ਤੋਂ 120 ਮਿਲੀਮੀਟਰ ਤੱਕ ਦੀ ਵਰਖਾ ਮਾਪੀ ਗਈ ਹੈ ਅਤੇ ਇਸਦੇ 200 ਮਿਲੀਮੀਟਰ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਦੇ ਨਾਲ ਹੀ ਡੈਂਪੀਅਰ ਪੈਨਿੰਨਸੁਲਾ ਖੇਤਰ ਵਿੱਚ 250 ਮਿਲੀਮੀਟਰ ਤੱਕ ਵਰਖਾ ਦਰਸਾਈ ਜਾ ਰਹੀ ਹੈ।
ਫਿਜ਼ੋਰੀ ਖੇਤਰ ਵਿੱਚ ਹੜ੍ਹਾਂ ਕਾਰਨ ਰਿਹਾਇਸ਼ੀ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਮੁੱਖ ਮਾਰਗਾਂ ਤੋਂ ਸੰਪਰਕ ਟੁੱਟ ਚੁਕਿਆ ਹੈ ਅਤੇ ਰਿਕਾਰਡ ਹੜ੍ਹਾਂ ਵਾਲੀ ਸਥਿਤੀ ਜਾਰੀ ਹੈ। ਇਸ ਖੇਤਰ ਵਿੱਚ ਹਰ ਤਰਫ਼ ਤੋਂ ਸੜਕਾਂ ਦੀ ਆਵਾਜਾਈ ਰੁੱਕ ਚੁਕੀ ਹੈ ਅਤੇ ਅੰਦਰ ਆਉਣ ਜਾਂ ਬਾਹਰ ਜਾਉਣ ਵਾਸਤੇ ਕੇਵਲ ਅਤੇ ਕੇਵਲ ਹਵਾਈ ਸੇਵਾਵਾਂ ਹੀ ਲਈਆਂ ਜਾ ਰਹੀਆਂ ਹਨ। ਇਹ ਸਥਿਤੀ ਹਾਲੇ ਇੱਕ ਹਫ਼ਤੇ ਤੱਕ ਬਰਕਰਾਰ ਰਹਿ ਸਕਦੀ ਹੈ।
ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਆਪਣਾ ਜ਼ਰੂਰੀ ਅਤੇ ਕੀਮਤੀ ਸਾਮਾਨ ਆਪਣੇ ਨਾਲ ਲੈ ਕੇ ਸੁਰੱਖਿਅਤ ਥਾਂਵਾਂ ਤੇ ਜਾਣ ਵਾਸਤੇ ਤਿਆਰ ਬਰ ਤਿਆਰ ਰਹਿਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਫਿਜ਼ੋਰੀ ਨਦੀ ਦਾ ਪਾਣੀ ਇਸ ਸਮੇਂ 15.65 ਮੀਟਰ ਤੋਂ ਵੀ ਉਪਰ ਚੱਲ ਰਿਹਾ ਹੈ ਅਤੇ ਇਹ ਸਾਲ 2022 ਦੇ ਰਿਕਾਰਡ 13.95 ਤੋਂ ਕਾਫੀ ਉਪਰ ਹੈ ਜਦੋਂ ਕਿ ਇਸ ਖੇਤਰ ਵਿੱਚ ਹੜ੍ਹਾਂ ਕਾਰਨ ਕਾਫੀ ਪ੍ਰਭਾਵ ਪਿਆ ਸੀ।
ਜ਼ਿਕਰਯੋਗ ਹੈ ਕਿ ਹਰ ਸਾਲ ਅਜਿਹਾ ਹੀ ਤੂਫ਼ਾਨ ਇਸ ਖੇਤਰ ਵਿੱਚ ਆਪਣਾ ਰਸੂਖ਼ ਦਿਖਾਉਂਦਾ ਹੈ ਅਤੇ ਇਹ ਨਵੰਬਰ ਮਹੀਨੇ ਤੋਂ ਲੈ ਕੇ ਅਪ੍ਰੈਲ ਦੇ ਅੰਤ ਤੱਚ ਆਪਣਾ ਪ੍ਰਭਾਵ ਕਾਇਮ ਹੀ ਰੱਖਦਾ ਹੈ। ਮੌਸਮ ਵਿਭਾਗ ਅਨੁਸਾਰ ਹਾਲੇ ਤਾਂ ਲਾ-ਨੀਨਾ ਦਾ ਵੀ ਜ਼ੋਰ ਪੈ ਰਿਹਾ ਹੈ ਅਤੇ ਹੋਰ ਤੂਫ਼ਾਨਾਂ ਆਦਿ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।