ਦੇਸ਼ ਦੀ ਰੱਖਿਆ ਸਬੰਧੀ ਖਰਚਿਆਂ ਵਿੱਚ 2 ਗੁਣਾ ਵਾਧਾ -ਪ੍ਰਧਾਨ ਮੰਤਰੀ

ਵਿਰੋਧੀਆਂ ਨੇ ਚੁੱਕੇ ਸਵਾਲ….

ਨਿਊ ਸਾਊਥ ਵੇਲਜ਼ ਵਿੱਚ ਆਉਣ ਵਾਲੀਆਂ 25 ਮਾਰਚ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਸਿਡਨੀ ਪੁੱਝੇ ਅਤੇ ਇੱਥੇ ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਦੇ ਮੱਦੇਨਜ਼ਰ ਕੀਤੇ ਜਾਣ ਵਾਲੇ ਬਜਟ ਨੂੰ 2 ਗੁਣਾ ਵਧਾਇਆ ਗਿਆ ਹੈ ਅਤੇ ਹੁਣ ਇਸ ਬਜਟ ਨਾਲ ਪਰਮਾਣੂ ਪਣਡੁੱਬੀਆਂ ਅਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਆਦਿ ਉਪਰ ਖਰਚ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੂੰ ਹਾਲ ਵਿੱਚ ਹੀ ਹੋਏ ਰੱਖਿਆ ਸਬੰਧੀ ਕਈ ਬਿਲੀਅਨ ਡਾਲਰਾਂ ਦੇ ਖਰਚੇ ਬਾਰੇ ਵੀ ਸਵਾਲਾਂ ਨੂੰ ਸੁਣਨਾ ਪਿਆ ਅਤੇ ਆਪਣੀ ਸਰਕਾਰ ਦਾ ਪੱਖ ਪੂਰਦਿਆਂ ਉਨ੍ਹਾਂ ਕਿਹਾ ਔਕਸ ਨੇਤਾਵਾਂ ਦੇ ਨਾਲ ਅਮਰੀਕਾ ਵਿੱਚ ਅਮਰੀਕੀ ਰਾਸ਼ਟਰਪਤੀ ਜੋਇ ਬਾਈਡਨ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ ਨਾਲ ਪ੍ਰਮਾਣੂ ਪਣਡੁੱਬੀਆਂ ਵਾਲੇ ਪਲਾਨਾਂ ਬਾਰੇ ਸਾਰੀ ਗੱਲਬਾਤ ਫਾਈਨਲ ਕਰ ਲਈ ਗਈ ਹੈ।
ਜ਼ਕਰਯੋਗ ਹੈ ਕਿ ਉਕਤ ਸਮਝੌਤਿਆਂ ਤਹਿਤ ਹੁਣ ਫੈਡਰਲ ਸਰਕਾਰ ਸਾਲ 2055 ਤੱਕ 368 ਬਿਲੀਅਨ ਦਾ ਖਰਚਾ ਕਰੇਗੀ ਅਤੇ ਇਸ ਤਹਿਤ ਸਾਲ 2040ਵਿਆਂ ਦੌਰਾਨ 8 ਪ੍ਰਮਾਣੂ ਪਣਡੁੱਬੀਆਂ ਐਡੀਲੇਡ ਵਾਲੇ ਸਟੇਸ਼ਨ ਉਪਰ ਵਿਚਰਦੀਆਂ ਦਿਖਾਈ ਦੇਣਗੀਆਂ।
ਇਸਤੋਂ ਇਲਾਵਾ ਸਰਕਾਰ ਨੇ ਅਮਰੀਕਾ ਕੋਲੋਂ 220 ਟੌਮਾਹੋਅਕ ਕਰੂਜ਼ ਮਿਜ਼ਾਈਲਾਂ ਲੈਣ ਦਾ ਸਮਝੌਤਾ ਕੀਤਾ ਹੈ ਅਤੇ ਇਸ ਵਾਸਤੇ 1 ਬਿਲੀਅਨ ਡਾਲਰਾਂ ਤੋਂ ਵੀ ਵੱਧ ਦਾ ਇਕਰਾਰ ਕੀਤਾ ਜਾ ਰਿਹਾ ਹੈ।
ਜ਼ਾਹਿਰ ਹੈ ਕਿ ਇੰਨਾ ਖਰਚਾ ਹੋਣਾ ਅਤੇ ਸਵਾਲ ਉਠਣੇ ਵੀ ਵਾਜਿਬ ਹੀ ਹਨ ਕਿ ਆਖਿਰ ਅਜਿਹੀ ਕੀ ਸਥਿਤੀ ਹੈ ਕਿ ਫੈਡਰਲ ਸਰਕਾਰ ਨੂੰ ਦੇਸ਼ ਦੀ ਸੁਰੱਖਿਆ ਵਾਸਤੇ ਕਈ ਬਿਲੀਅਨ ਡਾਲਰਾਂ ਦਾ ਖਰਚਾ ਕਰਨਾ ਪੈ ਰਿਹਾ ਹੈ….? ਅਤੇ ਇਸ ਮੁੱਦੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਹਰ ਰੋਜ਼ ਨਵੇਂ ਸਵਾਲਾਂ ਨਾਲ ਲੈਸ ਹੋਈ ਅਤੇ ਫੈਡਰਲ ਸਰਕਾਰ ਵੱਲ ਸਵਾਲ ਤੇ ਸਵਾਲ ਦਾਗਦੀ ਦਿਖਾਈ ਦਿੰਦੀ ਹੀ ਰਹੇਗੀ।