ਨਿਊ ਸਾਊਥ ਵੇਲਜ਼ ਵਿੱਚ ਜੁਰਮ ਦੀਆਂ ਸ਼੍ਰੇਣੀਆਂ ਵਿੱਚ ਆਈ ਕਮੀ

ਜੁਰਮ ਦੇ ਆਂਕੜੇ ਦਰਸਾਉਣ ਵਾਲੇ ਵਿਭਾਗ ‘ਬੋਕਸਾਰ’ (Bureau of Crime Statistics and Research (BOCSAR)) ਅਨੁਸਾਰ, ਸਤੰਬਰ 2020 ਤੱਕ ਬੀਤੇ 2 ਸਾਲਾਂ ਅੰਦਰ ਨਿਊ ਸਾਊਥ ਵੇਲਜ਼ ਵਿੱਚ ਵੱਡੀਆਂ ਜੁਰਮ ਦੀਆਂ ਸ਼੍ਰੇਣੀਆਂ ਵਿੱਚ ਭਾਰੀ ਕਮੀ ਆਈ ਹੈ। ਪੁਲਿਸ ਅਤੇ ਆਪਾਤਕਾਲੀਨ ਵਿਭਾਗਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਡੀਆਂ 17 ਜੁਰਮ ਦੀਆਂ ਸ਼੍ਰੇਣੀਆਂ ਵਿੱਚੋਂ 11 ਤਾਂ ਲਗਭਗ ਖ਼ਤਮ ਹੀ ਹੋ ਗਈਆਂ ਹਨ, 5 ਸਮਾਨ ਰੂਪ ਵਿੱਚ ਸਥਿਰ ਹਨ ਅਤੇ ਮਹਿਜ਼ ਇੱਕ ਹੀ ਸ਼੍ਰੇਣੀ ਅਜਿਹੀ ਹੈ ਜਿਸ ਵਿੱਚ ਕਿ ਵਾਧਾ ਹੋਇਆ ਹੈ। ਕਿਸੇ ਵਿਅਕਤੀ ਤੋਂ ਚੀਜ਼ਾਂ ਚੁਰਾਉਣ ਵਾਲੀ ਸ਼੍ਰੇਣੀ ਅੰਦਰ 36.6% ਦੀ ਗਿਰਾਵਟ ਆਈ ਹੈ; ਮੋਟਰ ਵ੍ਹੀਕਲਾਂ ਅੰਦਰੋਂ ਚੋਰੀ ਕਰਨ ਦੀ ਸ਼੍ਰੇਣੀ ਵਿੱਚ 21.9% ਦੀ ਗਿਰਾਵਟ ਆਈ ਹੈ; ਰਿਟੇਲ ਸਟੋਰ ਤੋਂ ਚੋਰੀਆਂ ਕਰਨ ਵਿੱਚ 20.6% ਦੀ ਗਿਰਾਵਟ ਆਈ ਹੈ; ਰਿਹਾਇਸ਼ੀ ਘਰਾਂ ਤੋਂ ਇਲਾਵਾ ਬਿਲਡਿੰਗਾਂ (non-dwelling) ਵਿਚ ਸੇਂਧ ਲਗਾ ਕੇ ਚੋਰੀਆਂ ਵਾਲੀ ਸ਼੍ਰੇਣੀ ਅੰਦਰ 20.5% ਦੀ ਗਿਰਾਵਟ ਆਈ ਹੈ; ਰਿਹਾਇਸ਼ੀ ਘਰਾਂ ਜਾਂ ਬਿਲਡਿੰਗਾਂ ਅੰਦਰ ਸੇਂਧ ਲਗਾ ਕੇ ਚੋਰੀਆਂ ਵਾਲੀ ਸ਼੍ਰੇਣੀ ਅੰਦਰ 18.1% ਦੀ ਗਿਰਾਵਟ ਆਈ ਹੈ। ਇਸ ਵਾਸਤੇ ਹੋਰ ਕਾਰਨਾਂ ਤੋਂ ਇਲਾਵਾ ਇੱਕ ਅਜਿਹਾ ਕਾਰਨ ਵੀ ਹੈ ਕਿ ਲੋਕ ਚੋਕੰਨੇ ਜ਼ਿਆਦਾ ਰਹੇ ਹਨ ਕਿਉਂਕਿ ਕੁਦਰਤੀ ਆਫਤਾਵਾਂ ਜਿਵੇਂ ਕਿ ਹੜ੍ਹ, ਸੋਕਾ, ਬੁਸ਼ਫਾਇਰ ਅਤੇ ਕੋਵਿਡ-19 ਨੇ ਕਿਸੇ ਨੂੰ ਚੈਨ ਨਾਲ ਜਾਂ ਬੇਫਿਕਰ ਹੋ ਕੇ ਸੋਣ ਹੀ ਨਹੀਂ ਦਿੱਤਾ ਅਤੇ ਲੋਕ ਰਹੇ ਵੀ ਆਪਣੇ ਆਪਣੇ ਘਰਾਂ ਵਿੱਚ ਜ਼ਿਆਦਾ ਹੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਲੋਕਾਂ ਦੀ ਜਾਨ ਮਾਲ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਹੈ ਅਤੇ ਇਸੇ ਵਾਸਤੇ ਹੁਣ ਪੁਲਿਸ ਫੋਰਸ ਦੀ ਨਫ਼ਰੀ ਅੰਦਰ 1500 ਨਵੀਆਂ ਭਰਤੀਆਂ ਕੀਤੀਆਂ ਗਈਆਂ ਹਨ। ਇਸ ਗੱਲ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਓਰਾਨਾ ਅਤੇ ਅਪਰ ਹੰਟਰ ਰੀਜਨ ਅੰਦਰ ਬੇਸ਼ਕ ਜੁਰਮ ਦੀਆਂ ਵਾਰਦਾਤਾਂ ਦਾ ਆਂਕੜਾ ਉਪਰ ਵੱਲ ਨੂੰ ਗਿਆ ਹੈ ਅਤੇ ਹੁਣ ਡਰੱਗ ਸਪਲਾਈ ਦੀ ਮਨਾਹੀ ਵਾਲੇ ਆਰਡਰ ਵਾਲੀਆਂ ਸਕੀਮਾਂ ਇਨ੍ਹਾਂ ਖੇਤਰਾਂ ਵਿੱਚ ਵੀ ਪੂਰਨ ਤੌਰ ਤੇ ਲਾਗੂઠਹੋਣ ਜਾ ਰਹੀਆਂ ਹਨ ਅਤੇ ਇੱਥੇ ਵੀ ਨਵੀਆਂ ਅਤੇ ਆਧੁਨਿਕ ਪੁਲਿਸ ਦੀਆਂ ਕਾਰਵਾਈਆਂ ਅਤੇ ਨਿਗਰਾਨੀਆਂ ਵਾਲੀਆਂ ਕਾਰਵਾਈਆਂ ਪੁਲਿਸ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਂ ਰਹਿੰਦਿਆਂ ਨਸ਼ਿਆਂ ਦੇ ਕਾਰੋਬਾਰ ਉਪਰ ਪੂਰਨ ਕਾਬੂ ਪਾਇਆ ਜਾ ਸਕੇ। ਜ਼ਿਆਦਾ ਜਾਣਕਾਰੀ ਵਾਸਤੇ www.bocsar.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×