ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਮੁਫ਼ਤ ਪੰਜਾਬੀ ਕਲਾਸਾਂ ਦਾ ਪ੍ਰਬੰਧ

ਕੈਮਡੰਨ ਕਾਲਜ਼ ਅੰਡਰਵੁੱਡ ਵਿਖੇ ਸ਼ੁਰੂ ਹੋਣਗੀਆਂ ਹਫ਼ਤਾਵਾਰੀ ਕਲਾਸਾਂ

(ਬ੍ਰਿਸਬੇਨ) ਇੱਥੇ ਛੋਟੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜੀ ਰੱਖਣ ਲਈ ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਵੱਲੋਂ ਪੰਜਾਬੀ ਪਰਿਵਾਰਾਂ ਦੀ ਮੰਗ ਦੇ ਮੱਦੇਨਜ਼ਰ ਕੈਮਡੰਨ ਕਾਲਜ਼ ਅੰਡਰਵੁੱਡ ਵਿਖੇ ਮੁਫ਼ਤ ਪੰਜਾਬੀ ਕਲਾਸਾਂ ਦਾ ਹੋਰ ਹਫ਼ਤਾਵਾਰੀ ਪ੍ਰਬੰਧ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੰਸਥਾ ਵੱਲੋੰ ਪਹਿਲਾਂ ਪਿਛਲੇ ਸਾਲ (ਅਕਤੂਬਰ 2020) ‘ਮਾਝਾ ਪੰਜਾਬੀ ਸਕੂਲ’ ਦੀ ਸ਼ੁਰੂਆਤ ਘਰ ਤੋਂ ਕੀਤੀ ਗਈ ਸੀ। ਇਸ ਉੱਦਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਪੰਜਾਬੀ ਮਾਂ-ਬੋਲੀ ਸਿੱਖਣ ਵਾਲੇ ਬੱਚਿਆ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧੇ ਨੂੰ ਦੇਖਦਿਆਂ ਇਕ ਸਕੂਲ ਬ੍ਰਿਸਬੇਨ ਦੇ ਰਨਕੌਰਨ ਇਲਾਕੇ ਅਤੇ ਗਾਰਡਨ ਸਿਟੀ ਲਾਇਬ੍ਰੇਰੀ ਵਿਖੇ ਚਲਾਇਆ ਜਾ ਰਿਹਾ ਸੀ। ਮਾਣਯੋਗ ਪ੍ਰਣਾਮ ਸਿੰਘ ਹੇਰ ਹੁਣਾਂ ਸਥਾਨਕ ਮੀਡੀਏ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਕੈਮਡਨ ਕਾਲਜ਼ ਅੰਡਰਵੁੱਡ ਦੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਵੱਲੋਂ ਆਪਦੇ ਕਾਲਜ਼ ਵਿੱਚ ਮੁਫ਼ਤ ਕਲਾਸ ਲਗਾਉਣ ਵਾਸਤੇ ਜਗ੍ਹਾ ਦਿੱਤੀ ਗਈ ਹੈ ਅਤੇ ਇੱਥੇ ਮਾਝਾ ਯੂਥ ਕਲੱਬ ਦੇ ਸਹਿਯੋਗ ਨਾਲ ਮੁਫ਼ਤ ਹਫ਼ਤਾਵਰੀ ਪੰਜਾਬੀ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਦੇ ਪਹਿਲੇ ਦਿਨ ਵਿਸ਼ੇਸ਼ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਡੱਡਵਾਲ, ਪ੍ਰਣਾਮ ਸਿੰਘ ਹੇਰ, ਡਾਕਟਰ ਹੰਸਾ ਸਿੰਘ ਹੇਰ, ਬਲਰਾਜ ਸਿੰਘ ਸੰਧੂ, ਸਰਵਣ ਸਿੰਘ ਵੜੈਚ, ਜੱਗਾ ਵੜੈਚ, ਜਤਿੰਦਰਪਾਲ ਗਿੱਲ, ਗੁਰਜੀਤ ਗਿੱਲ, ਸੁਲਤਾਨ ਸਿੰਘ, ਮਨਦੀਪ ਸਿੰਘ ਅਤੇ ਬੱਚਿਆਂ ਦੇ ਮਾਪਿਆਂ ਵੱਲੋੰ ਹਾਜ਼ਰੀ ਭਰੀ ਗਈ। ਪੰਜਾਬੀ ਪਰਿਵਾਰਾਂ ‘ਚ ਇਸ ਮਾਣਮੱਤੇ ਉਪਰਾਲੇ ਦੀ ਬਹੁਤ ਪ੍ਰਸੰਸਾ ਹੋ ਰਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks