ਮੈਂ ਤੇ ਉਸਦਾ ਅਕਸ

“ਜਦ ਵੀ ਮੈਂ ਸ਼ੀਸ਼ੇ ਵਿੱਚ ਖ਼ੁਦ ਨੂੰ ਵੇਖਦੀ ਹਾਂ  ਤੇ ਉਹ ਮੈਨੂੰ ਆਪ ਮੁਹਾਰੇ ਹੀ ਨਜ਼ਰ ਆ ਜਾਂਦੀ ਹੈ ਤੇ ਅਕਸਰ ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਆਖਦੀ ਹੈ ਕਿ ਕੀ ਵੇਖ ਰਹੀ ਹੈ ਤੂੰ ਖੁਦ ਨੂੰ ਜਾਂ ਉਸ ਨਕਾਬ ਨੂੰ ਜੋ ਤੂੰ ਖ਼ੁਦ ਦੇ ਚਿਹਰੇ ਤੇ ਚੜ੍ਹਾ ਰੱਖਿਆ ਹੈ? ਕੀ ਵੇਖਦੀ ਹੈ ਤੂੰ ਆਪਣੇ ਅਕਸ ਨੂੰ? ਕੀ ਤੈਨੂੰ  ਖੁਦ ਦੀ ਪਹਿਚਾਣ ਵੀ ਹੈ? ਸੱਚ ਕਹਾਂ ਤਾਂ ਸ਼ੀਸ਼ੇ ਚ ਦੇਖਣਾ ਮੈਨੂੰ ਡਰਾਉਂਦਾ ਹੈ ਕਿਉਂਕਿ ਜਦ ਵੀ ਮੈਂ ਸ਼ੀਸ਼ੇ ਵਿੱਚ ਵੇਖਦੀ ਹਾਂ ਤੇ ਉਹ ਮੇਰੇ ਸਾਹਮਣੇ ਆਣ ਖਲੋਂਦੀ ਹੈ ਸ਼ੀਸ਼ੇ ਦਾ ਤਾਂ ਪਤਾ ਨਹੀਂ ਪਰ ਉਹ ਹਰ ਵਾਰ ਮੈਨੂੰ ਮੇਰੇ ਅਕਸ ਨਾਲ ਮਿਲਾਉਂਦੀ ਹੈ”।

ਕਦੀ ਕਦੀ ਲਗਦਾ ਉਹ ਕੂਕ ਕੂਕ ਆਖ ਰਹੀ ਹੈ “ਸ਼ਗਨਾ ਰਸਮਾਂ ਤੇ ਕਸਮਾਂ ਨਿਭਾ ਕੇ ਲਿਆਂਦੀ ਗਈ ਪੂਰੇ ਸਮਾਜ ਅੱਗੇ ਲਾਵਾਂ ਲੈ ਕੇ ਸਵੀਕਾਰੀ ਗਈ, ਪਾਣੀ ਵਾਰ ਕੇ ਘਰ  ਦੀ ਦਹਿਲੀਜ਼ ਅੰਦਰ ਲਿਆਂਦੀ ਗਈ, ਇੱਜ਼ਤ ਨਾਲ ਸਵੀਕਾਰੀ ਗਈ, ਉਸ ਘਰ ਦੀ ਨੂੰਹ ਹਾਂ। ਉਸ ਦੇ ਨਾਂ ਦੀ ਮਹਿੰਦੀ ਤੇ ਹਲਦੀ ਦੇ ਰੰਗ ਵਿੱਚ ਰੰਗੀ ਹਾਂ ਮੈਂ, ਉਸ ਦੇ ਨਾਮ ਦਾ ਸਿੰਦੂਰ ਅਤੇ ਮੰਗਲਸੂਤਰ ਹੱਕ ਨੇ ਮੇਰੇ। ਉਸ ਦੇ ਨਾਮ ਦਾ ਲਾਲ ਸੂਹਾ ਜੋੜਾ, ਉਸ ਦੇ  ਨਾਂ ਦੀਆਂ ਲਾਲ ਸੂਹੀਆਂ ਬੰਗਾਂ ਤੇ ਉਸ ਦਾ ਨਾਂ ਹਥੇਲੀਆਂ ਤੇ ਉਮਰ ਭਰ ਪਹਿਚਾਣ ਹੈ ਮੇਰੀ। ਤੇ ਤੂੰ ਤੂੰ ਕੀ ਹੈ? ਉਸ ਦੇ ਬੰਦ  ਕਮਰੇ ਦੇ ਵਿੱਚ ਸਵੀਕਾਰੀ ਗਈ ਉਹ ਔਰਤ, ਜਿਸ ਨੂੰ ਸਿਰਫ਼ ਇੱਕ ਰਾਤ ਲਈ ਕੁਝ ਪਲਾਂ ਦੇ ਲਈ  ਸਵੀਕਾਰਿਆ ਜਾਂਦਾ ਹੈ। ਫੇਰ ਅਚਾਨਕ ਹੀ ਉੱਚੀ ਉੱਚੀ ਹੱਸਦਿਆਂ ਉਹ ਆਖਦੀ ਹੈ ਕਿ ਨਹੀਂ ਨਹੀਂ ਤੈਨੂੰ ਸਵੀਕਾਰਿਆ ਨਹੀਂ ਜਾਂਦਾ ਤੇਰਾ ਤੇ ਸੌਦਾ ਕੀਤਾ ਜਾਂਦਾ ਹੈ ਸਿਰਫ ਇੱਕ ਰਾਤ ਲਈ। ਤੈਨੂੰ ਪਤਾ ਹੈ ਇਹੋ ਜਿਹੀ  ਔਰਤ ਨੂੰ ਕੀ ਆਖਦੇ ਨੇ ਝੂਠ ਜਾਂ ਫਿਰ ਤੂੰ ਖ਼ੁਦ ਸਮਝਦਾਰ ਹੈ 

ਮੈਂ ਕੋਲੇ ਪਿਆ ਗੁਲਦਸਤਾ ਸ਼ੀਸ਼ੇ ਦੇ ਵਿੱਚ ਮਾਰਹਾਂ  ਸ਼ੀਸ਼ਾ ਟੁੱਕੜੇ ਟੁੱਕੜੇ ਹੋ ਕੇ ਬਿਖਰ ਜਾਂਦਾ ਹੈ ਤੇ ਉਸ ਦੇ ਟੁਕੜਿਆਂ ਵਿੱਚ ਵੀ ਮੈਨੂੰ ਮੇਰਾ ਅਕਸ ਨਜ਼ਰ ਆਉਂਦਾ ਹੈ ਤੇ  ਚੀਕ ਚੀਕ ਮੈਨੂੰ ਆਖਦਾ ਹੈ “ਨੌ ਸਾਲ ਉਸ ਦੀ ਜ਼ਿੰਦਗੀ ਦੇ ਵਿੱਚ ਰਹੀ ਹੈ ਤੂੰ। ਮੰਨਿਆ ਸ਼ਗਨ ਕਰਾ ਤੇ ਕਸਮ ਨਿਭਾ ਕੇ ਪੂਰੇ ਸਮਾਜ ਅੱਗੇ ਲਾਵਾਂ ਲੈ ਕੇ ਉਸ ਨੇ ਤੈਨੂੰ ਨਹੀਂ ਸਵੀਕਾਰ ਕਿੱਤਾ  ਮੰਨਿਆ ਕਿ ਪਾਣੀ ਵਾਰ ਕੇ ਤੈਨੂੰ ਘਰ ਦੀ ਦਹਿਲੀਜ਼ ਅੰਦਰ ਨਹੀਂ ਲੈ ਕੇ ਗਿਆ ਹਾਂ  ਇਹ ਵੀ ਮੰਨਿਆ ਕਿ ਉਸ ਦੇ ਨਾਂ ਦੀ ਮਹਿੰਦੀ ਹਲਦੀ ਦੇ ਰੰਗ ਵਿੱਚ ਨਹੀਂ ਰੰਗੀ ਤੂੰ। ਮੰਨਿਆ ਕਿ ਉਸ ਦੇ ਨਾਂ ਦਾ ਸਿੰਧੂਰ ਅਤੇ ਮੰਗਲਸੂਤਰ ਤੇ ਉਸ ਦੇ ਨਾਂ ਦਾ ਲਾਲ ਸੂਹਾ ਜੋੜਾ ਤੇ ਉਸਦੇ ਨਾਂ ਦੀਆਂ ਲਾਲ ਸੂਹੀਆਂ ਬੰਗਾਂ ਤੇ ਉਸ ਦਾ ਨਾਂ ਹਥੇਲੀਆਂ ਦੇ ਉੱਪਰ ਉਮਰ ਭਰ ਲਈ ਪਹਿਚਾਣ ਨਹੀਂ ਬਣਿਆ ਤੇਰੀ”।

“ਤੂੰ ਉਹ ਹੈਂ ਜਿਸ ਨੇ ਬਿਨਾਂ ਇਹ ਸਭ ਰਸਮਾਂ ਕਸਮਾਂ ਤੋਂ ਸੱਚੀ ਜਜ਼ਬਾਤ ਅਹਿਸਾਸ ਨਾਲ ਚਾਹਿਆ ਉਸ ਨੂੰ ਬਿਨਾਂ ਕਿਸੇ ਕਿਸਮ  ਰਸਮ ਦੇ ਹਰ ਵਾਅਦੇ ਨੂੰ  ਹਰ ਅਹਿਸਾਸ ਨੂੰ ਨਿਭਾਇਆ”।

“ਤੇਰੀ ਸਵੇਰ ਤੇ ਤੇਰੀ ਸ਼ਾਮ ਸੀ ਉਹ। ਤੇਰੀ ਜ਼ਿੰਦਗੀ ਦਾ ਇੱਕ ਸਿਰਨਾਵਾਂ। ਤੇਰੀ ਸ਼ੁਰੂਆਤ ਤੇ ਤੇਰਾ ਅੰਤ ਸੀ ਉਹ। ਤੇਰੇ ਇਰਾਦੇ ਨੇਕ, ਤੇਰੇ ਵਾਅਦੇ ਪੱਕੇ, ਤੇਰੀ ਰੂਹ ਪਾਕਿ ਸੀ ਇਸ ਸਫ਼ਰ ਦੇ ਵਿੱਚ। ਉਸਨੇ ਤੈਨੂੰ ਆਪਣੀ ਹਮਸਫ਼ਰ ਨਹੀਂ ਬਣਾਇਆ, ਸਾਥ ਉਸਨੇ ਤੇਰਾ ਛੱਡਿਆ, ਤੂੰ ਨਹੀਂ । ਤੂੰ ਸਜਦੀ ਸੰਵਰਦੀ ਉਸ  ਲਈ ਸੀ, ਤੇਰੇ ਖ਼ਿਆਲ ਉਸ ਲਈ ਸਨ, ਤੇਰੇ ਜਜ਼ਬਾਤ ਅਹਿਸਾਸ, ਪਿਆਰ ਤੇਰਾ ਰੋਮ ਰੋਮ  ।ਸਿਰਫ ਉਸ ਲਈ ਸੀ। ਤੂੰ ਤੇ ਅੱਜ ਵੀ ਨਹੀਂ ਸੋਚਿਆ ਕਿ ਤੂੰ ਕਿਸੇ ਹੋਰ ਲਈ ਸੰਵਰੇ, ਕਿਸੇ ਹੋਰ ਨੂੰ ਪਿਆਰ ਕਰੇ   ਕਿਸੇ ਹੋਰ ਦੀ ਦਸਤਕ ਤੇਰੇ ਖਿਆਲਾਂ ਵਿੱਚ  ਹੋਵੇ”।

“ਤੇਰੀ ਰੂਹ ਉਹਦੇ ਪਿਆਰ ਦੇ ਰੰਗਾਂ ਨਾਲ ਰੰਗੀ ਹੋਈ ਸੀ ਤੂੰ ਉਸ ਦਾ ਨਾਂ ਆਪਣੇ ਮਨ ਤੇ ਲਿਖਵਾਇਆ ਸੀ। ਤੂੰ ਆਪਣੇ ਆਪ ਨੂੰ ਉਸ ਦੇ ਰੰਗ ਵਿੱਚ ਰੰਗ ਲਿਆ ਸੀ’।

“ਮੰਨਿਆ ਕਿ ਤੂੰ ਉਸ ਦੀ ਪਤਨੀ ਹੈ ਤੇ ਮੈਨੂੰ ਬੇਸ਼ੱਕ ਤੂੰ  ਉਸ ਦੀ ਪ੍ਰੇਮਿਕਾ ਵੀ ਨਾ ਆਖ ਪਰ ਮੈਂ ਨਾ ਦੂਸਰੀ ਔਰਤ ਹਾਂ ਤੇ ਨਾ ਹੀ ਉਸ ਦੀ ਜੂਠ …। ਮੈਂ ਹਮੇਸ਼ਾ ਤੇਰੇ ਤੇ ਉਸ ਦੇ ਰਿਸ਼ਤੇ ਦਾ ਸਨਮਾਨ ਕੀਤਾ ਹੈ, ਤੈਨੂੰ ਕੋਈ ਹੱਕ ਨਹੀਂ ਕਿ ਤੂੰ ਇਸ ਤਰ੍ਹਾਂ ਮੇਰਾ ਅਪਮਾਨ ਕਰੇਂ। ਮੇਰੀ ਲੜਾਈ ਤੇਰੇ ਨਾਲ ਨਹੀਂ ਹੈ ਤੇ ਨਾ ਹੀ ਮੇਰਾ ਰਿਸ਼ਤਾ ਤੇਰੇ ਪਤੀ ਨਾਲ ਹੈ। ਮੇਰੀ ਲੜਾਈ ਤਾਂ ਉਸ ਮਰਦ ਨਾਲ ਹੈ ਜੋ ਮੇਰੀਆਂ ਸੱਧਰਾਂ ਖਾਹਿਸ਼ਾਂ ਨੂੰ, ਆਪਣੇ ਪੈਰਾਂ ਦੇ ਵਿੱਚ ਰੋਲ ਗਿਆ ਤੇ ਜਿਸ ਸ਼ਖਸ ਨੂੰ ਮੈਂ ਨੌਂ ਸਾਲ ਪਿਆਰ ਕੀਤਾ ਸੀ, ਉਹ ਤੇਰਾ ਪਤੀ ਨਹੀਂ ਸੀ, ਉਹ ਮੇਰਾ ਪ੍ਰੇਮੀ ਸੀ। ਮੇਰੇ ਰਿਸ਼ਤੇ ਨੂੰ ਭਲੇ ਹੀ ਤੂੰ ਮਾਣ ਨਾ ਦੇਹ ਪਰ ਇਸ ਤਰ੍ਹਾਂ ਮੇਰਾ ਤੇ ਉਸ ਰਿਸ਼ਤੇ ਦਾ ਅਪਮਾਨ ਕਰਨ ਦਾ ਹੱਕ ਤੇਰਾ ਬਿਲਕੁਲ ਨਹੀਂ ਹੈ”।

“ਮੈਂ ਤੇਰੇ ਤੇ ਉਸ ਦੇ ਵਿੱਚ ਕਦੇ ਨਹੀਂ ਆਵਾਂਗੀ ਪਰ ਹਾਂ ਮੇਰੇ ਹੋਏ ਅਪਮਾਨ ਦਾ ਜਵਾਬ ਦੇਣ ਲਈ ਮੈਂ ਹਰ ਵਾਰ ਉਸ ਦੇ ਸਾਹਮਣੇ ਖਲੋ ਜਾਵਾਂਗੀ। ਜਿਸ ਤਰ੍ਹਾਂ ਤੇਰਾ ਲਾਲ ਸੂਹਾ ਰੰਗ ਪਵਿੱਤਰ ਨੇ ਉਸੇ ਤਰ੍ਹਾਂ ਮੈਂ ਜਿਸ ਰੰਗ ਵਿੱਚ ਰੰਗੀ ਸੀ ਉਹ ਵੀ ਪਾਕਿ ਤੇ ਪਵਿਤਰ ਹੈ”।

“ਤੇਰੀ ਉਸ ਦੀ ਪਤਨੀ ਬਣਨ ਤੋਂ ਪਹਿਲਾਂ ਮੈਂ ਉਸ ਦੀ ਪ੍ਰੇਮਿਕਾ ਸੀ। ਤੇਰੇ ਉਸ ਦੀ ਜ਼ਿੰਦਗੀ ਚ ਆਉਣ ਤੋਂ ਪਹਿਲਾਂ ਮੈਂ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ। ਜੋ ਰਸਮਾਂ ਜੋ ਕਸਮਾਂ ਤੂੰ ਅੱਜ ਨਿਭਾ ਰਹੀ ਹੈਂ, ਨੌ ਸਾਲਾਂ ਤੋਂ ਮੈਂ ਉਹ ਬਿਨਾਂ ਕੁਝ ਕਹੇ ਨਿਭਾ ਰਹੀ ਸੀ। ਜੇ ਮੈਂ ਤੈਨੂੰ ਉਸ ਦੀ ਜ਼ਿੰਦਗੀ ਵਿੱਚ ਆਈ ਹੋਈ ਦੂਸਰੀ ਔਰਤ ਕਹਾਂ ਫੇਰ? ਹਾਂ ਹੋ ਸਕਦਾ ਹੈ ਦੂਸਰੀ, ਤੀਸਰੀ, ਕਿ ਚੌਥੀ ਕੀ ਕੀ ਪਤੈ ਤੂੰ ਕਿਹੜੀ ਔਰਤ ਹੋਵੇਂ? ਮੇਰਾ ਇਰਾਦਾ ਤੇਰਾ ਅਪਮਾਣ ਕਰਨ ਦਾ ਨਹੀਂ ਹੈ, ਜਿਸ ਤਰ੍ਹਾਂ ਤੂੰ ਮੈਨੂੰ ਮੇਰਾ ਅਕਸ ਦਿਖਾਉਣ ਤੇ ਲੱਗੀ ਹੈਂ, ਮੈਂ ਬੱਸ ਤੈਨੂੰ ਉਸ ਦਾ ਅਕਸ ਵਿਖਾ ਰਹੀ ਹਾਂ”।

(ਮੀਨੂੰ ਆਸ਼ਾ) meenusharmambbs@gmail.com

Install Punjabi Akhbar App

Install
×