ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ ਤ੍ਰਿਵੈਣੀ ਨੂੰ ਮੁੜ ਸੁਰਜੀਤ ਕੀਤਾ

ਬਠਿੰਡਾ -ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਆਪਣੇ ਸਥਾਨਕ ਕੈਂਪਸ ਵਿੱਚ ਵਣ ਮਹਾਂਉਤਸਵ ਮਨਾਉਂਦਿਆਂ ਵੱਖ ਵੱਖ ਰੁੱਖਾਂ ਦੇ ਪੌਦੇ ਲਗਾਏ ਤੇ ਵਿਸ਼ੇਸ਼ ਤੌਰ ਤੇ ਤ੍ਰਿਵੈਣੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਗਿਆ। ਯੂਨੀਵਰਸਿਟੀ ਦੇ ਐੱਨ ਐੱਸ ਐੱਸ ਅਤੇ ਅਸਟੇਟ ਵਿਭਾਗ ਨੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਸ੍ਰੀ ਨਰਿੰਦਰ ਕੁਮਾਰ ਬੱਸੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਵਿਭਾਗੀ ਮੁਖੀਆਂ ਨੇ ਸਮੂਲੀਅਤ ਕੀਤੀ। ਇਸ ਸਮਾਗਮ ਦਾ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ, ਕੈਂਪਸ ਦੇ ਡਾਇਰੈਕਟਰ ਡਾ: ਸਵੀਨਾ ਬਾਂਸਲ ਹੋਰਾਂ ਨੇ ਨਿੰਮ ਬੋਹੜ ਤੇ ਪਿੱਪਲ ਦੀ ਤ੍ਰਿਵੈਣੀ ਲਗਾ ਕੇ ਰਸਮੀ ਉਦਘਾਟਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ: ਬੂਟਾ ਸਿੰਘ ਸਿੱਧੂ ਨੇ ਅਜੋਕੇ ਸ਼ਹਿਰੀਕਰਨ, ਉਦਯੋਗੀਕਰਨ ਤੇ ਖਪਤਕਾਰਵਾਦ ਦੇ ਰੁਝਾਨਾਂ ਦੌਰਾਨ ਜੰਗਲਾਂ ਦੀ ਕਟਾਈ ਦੇ ਭਿਆਨਕ ਨਤੀਜਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇੱਕ ਸੱਭਿਆਚਾਰ ਵਜੋਂ ਵਾਤਾਵਰਣ ਪੱਖੀ ਜਿੰਦਗੀ ਜਿਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁੱਧ ਹਵਾ ਤੇ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਦੇ ਅਧਿਕਾਰ ਹਨ ਅਤੇ ਕੁਦਰਤ ਨੂੰ ਨਸ਼ਟ ਕਰਕੇ ਕੋਈ ਵਿਕਾਸ ਸੰਭਵ ਨਹੀਂ ਹੈ। ਉਹਨਾਂ ਹਰ ਇੱਕ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਜੀਵਨ ਢੰਗ ਤੇ ਸੁਭਾਅ ਨੂੰ ਅਨਕੂਲ ਬਣਾਉਣ ਦੀ ਅਪੀਲ ਕੀਤੀ।
ਸਮਾਜ ਸੇਵੀ ਸ੍ਰੀ ਨਰਿੰਦਰ ਕੁਮਾਰ ਬੱਸੀ ਨੇ ਲੋਕਾਂ ਨੂੰ ਆਪਣੇ ਵਿਆਹ ਦੀ ਵਰ੍ਰੇਗੰਢ ਮਨਾਉਣ, ਸਮਾਜਿਕ ਸਮਾਗਮਾਂ, ਤਿਉਹਾਰਾਂ ਅਤੇ ਆਉਣ ਵਾਲੇ ਮੌਨਸੂਨ ਮੌਸਮ ਨੂੰ ਯਾਦਗਾਰੀ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਕਾਰਨ ਮੌਸਮ ਵਿੱਚ ਤਬਦੀਲੀ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਵਾਤਾਵਰਣਕ ਸੰਤੁਲਨ ਸਿਰਫ਼ ਦਰਖਤ ਲਗਾਉਣ ਤੇ ਜੰਗਲਾਂ ਦੇ ਵਿਕਾਸ ਨਾਲ ਹੀ ਬਣਾਇਆ ਜਾ ਸਕਦਾ ਹੈ। ਡ: ਮੀਨੂੰ ਨੇ ਚੌਗਿਰਦੇ ਨੂੰ ਸੁੰਦਰ ਬਣਾਉਣ ਲਈ ਪੌਦੇ ਲਾਉਣ ਦੀ ਲੋੜ ਤੇ ਜੋਰ ਦਿੱਤਾ।

Welcome to Punjabi Akhbar

Install Punjabi Akhbar
×
Enable Notifications    OK No thanks