(17 ਅਗਸਤ) 110ਵੇਂ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਪੰਜਾਬ ਦਾ ਸਿਰੜੀ ਤੇ ਅਣਖੀ ਯੋਧਾ ਸ਼ਹੀਦ ਮਦਨ ਲਾਲ ਢੀਂਗਰਾ

Hardeep Singh Jhaj 190810 Madan Lal Dhingra aa

 

ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਬਹੁਤ ਸਾਰੇ ਇਨਕਲਾਬੀਆਂ ਨੇ ਯੋਗਦਾਨ ਪਾਇਆ ਅਤੇ ਕਈਆਂ ਨੇ ਫਾਂਸੀ ਦਾ ਫੰਦਾ ਚੁੰਮਿਆ। ਇਨ੍ਹਾਂ ਮਹਾਨ ਯੋਧਿਆਂ ‘ਚੋਂ ਇੱਕ ਸੀ ਸ਼ਹੀਦ ਮਦਨ ਲਾਲ ਢੀਂਗਰਾ ਜਿਸ ਨੇ ਦੇਸ਼ ਦੀ ਅਜ਼ਾਦੀ ਲਈ ਸ਼ਹੀਦੀ ਜਾਮ ਪੀਤਾ।

ਮਦਨ ਲਾਲ ਢੀਂਗਰਾ ਦਾ ਜਨਮ 18 ਫ਼ਰਵਰੀ 1883 ਈ: ਨੂੰ ਅੰਮ੍ਰਿਤਸਰ ਵਿਖੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਪਿਤਾ ਡਾ. ਦਿੱਤਾ ਮੱਲ ਅਤੇ ਮਾਤਾ ਮੰਤੋ ਦੇ ਘਰ ਹੋਇਆ। ਉਸਨੇ ਹੋਸ਼ ਸੰਭਾਲਦੇ ਸਾਰ ਹੀ ਘਰ ਦਾ ਉੱਚਾ ਮਾਹੌਲ ਠੁਕਰਾ ਕੇ ਖੁਦ ਨੂੰ ਗਰੀਬਾਂ, ਮਜਦੂਰਾਂ ਤੇ ਦਲਿਤਾਂ ਦੇ ਕਿਰਤੀ ਮਾਹੌਲ ਨਾਲ ਜੋੜ ਲਿਆ। ਬੇਸ਼ੱਕ ਇਸ ਪਰਿਵਾਰ ਦਾ ਮੁਖੀ ਜਿਸ ਨੂੰ ਅੰਗਰੇਜ਼ਾਂ ਨੇ ਉਸ ਦੀ ਵਫ਼ਾਦਾਰੀ ਦੀ ਕਦਰ ਕਰਦੇ ਹੋਏ ‘ਰਾਏ ਸਾਹਿਬ’ ਦੀ ਉਪਾਧੀ ਨਾਲ ਨਿਵਾਜਿਆ ਸੀ ਤੇ ਉਸਦਾ ਪੂਰਾ ਪਰਿਵਾਰ ਸਿੱਖਿਅਤ ਅਤੇ ਅੰਗ੍ਰੇਜ਼ ਪੱਖੀ ਸੀ। ਪਰ ਇਸ ਪਰਿਵਾਰ ਦਾ ਸੱਤਵਾਂ ਪੁੱਤਰ ਮਦਨ ਲਾਲ ਢੀਂਗਰਾ ਹੀ ਸਾਰੇ ਪਰਿਵਾਰ ਤੋਂ ਅਲੱਗ ਸੀ। ਮਦਨ ਲਾਲ ਨੇ ਅੰਮ੍ਰਿਤਸਰ ਅਤੇ ਲਾਹੌਰ ਤੋਂ ਸਿੱਖਿਆ ਪ੍ਰਾਪਤ ਕੀਤੀ। ਉਸਨੇ ਮਿਊਂਨਸੀਪਲ ਕਾਲਜ ਅੰਮ੍ਰਿਤਸਰ ਤੋਂ ਇੰਟਰ (ਬਾਰਵੀਂ) ਦੀ ਪ੍ਰੀਖਿਆ ਦੂਜੇ ਦਰਜੇ ਵਿੱਚ ਪਾਸ ਕੀਤੀ ਤੇ ਬਾਅਦ ਦੀ ਸਿੱਖਿਆ ਲਈ ਸਰਕਾਰੀ ਕਾਲਜ ਲਾਹੌਰ ਵਿੱਚ ਬੀ.ਐਸ.ਸੀ. ‘ਚ ਦਾਖ਼ਲਾ ਲਿਆ। ਮਿਊਂਨੀਸਪਲ ਕਾਲਜ ਦੀ ਪੜ੍ਹਾਈ ਦੇ ਦੌਰਾਨ ਹੀ ਮਦਨ ਲਾਲ ਨੇ ਪ੍ਰਸਿੱਧ ਕ੍ਰਾਂਤੀਕਾਰੀ ਵਿਨਾਇਕ ਦਾਮੋਦਰ ਸਾਵਰਕਰ (1833-1966) ਦੇ ਸੰਗਠਨ ‘ਅਭਿਨਵ ਭਾਰਤ’ ਬਾਰੇ ਸੁਣਿਆ ਸੀ। ਜਿਸਨੂੰ ਸਾਵਰਕਰ ਨਾਸਿਕ ਵਿੱਚ ਚਲਾ ਰਹੇ ਸਨ। ਉਸਨੇ ਬੀ.ਡੀ. ਸਾਵਰਕਰ ਨਾਲ ਪੱਤਰ-ਵਿਹਾਰ ਕਰਨਾ ਸ਼ੁਰੂ ਕਰ ਦਿੱਤਾ।

ਮਦਨ ਲਾਲ ਮਈ 1906 ਈ: ਦੇ ਅੰਤ ਵਿੱਚ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਲਈ ਰਵਾਨਾ ਹੋਇਆ ਅਤੇ 6 ਜੁਲਾਈ ਨੂੰ ਬੰਦਰਗਾਰ ‘ਤੇ ਪੁੱਜ ਗਿਆ। ਮਈ 1907 ਈ: ਵਿੱਚ ਜਦੋਂ ਪਹਿਲੀ ਵਾਰ ‘ਇੰਡੀਆ ਹਾਊਸ’ ਵਿੱਚ ਮਦਨ ਲਾਲ ਆਇਆ ਤਾਂ ਉੱਥੇ ਉਸਦੀ ਮੁਲਾਕਾਤ ਸਭ ਤੋਂ ਪਹਿਲਾਂ ਸ਼ਿਆਮ ਜੀ ਕ੍ਰਿਸ਼ਨ ਵਰਮਾ (1857-1930) ਨਾਲ ਹੋਈ। ਜਿਸਨੇ 1905 ਵਿੱਚ ਭਾਰਤ ਦੀ ਸੁਤੰਤਰਤਾ ਲਈ ਕੰਮ ਕਰਦੇ ਹੋਏ ਲੰਡਨ ਦੇ 65, ਕਰੈਮਵੈੱਲ ਐਵੇਨਿਯੂ ਵਿਖੇ ‘ਇੰਡੀਆ ਹਾਊਸ’ ਸਥਾਪਿਤ ਕੀਤਾ ਸੀ। ਦੂਜੀ ਵਾਰ ਜਦੋਂ ਉਹ ‘ਇੰਡੀਆ ਹਾਊਸ’ ਆਇਆ ਤਾਂ ਉਸ ਸਮੇਂ ਉੱਥੇ ‘ਭਾਰਤ ਦੀ ਦੁਰਦਸ਼ਾ’ ‘ਤੇ ਬੀ.ਡੀ. ਸਾਵਰਕਰ ਦਾ ਪ੍ਰਭਾਵਸ਼ਾਲੀ ਭਾਸ਼ਨ ਚੱਲ ਰਿਹਾ ਸੀ। ਮਦਨ ਲਾਲ ਸਭ ਤੋਂ ਪਿੱਛੇ ਦੀ ਕਤਾਰ ਵਿੱਚ ਕੁਰਸੀ ‘ਤੇ ਜਾ ਕੇ ਬੈਠ ਗਿਆ। ਉਸਨੇ ਸਾਵਰਕਰ ਦਾ ਜੋਸ਼ੀਲਾ ਭਾਸ਼ਨ ਸੁਣਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਸਦਾ ਖ਼ੂਨ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਸੁਣ ਕੇ ਖੌਲ ਉੱਠਿਆ। ਬਾਅਦ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ‘ਇੰਡੀਆ ਹਾਊਸ’ ਤੋਂ ‘ਇੰਡੀਅਨ ਸ਼ੋਸ਼ਿਆਲੋਜਿਸਟ’ ਨਾਂ ਦਾ ਅਖ਼ਬਾਰ ਕੱਢਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਹਿੰਦੋਸਤਾਨ ਨੂੰ ਅੰਗਰੇਜ਼ੀ ਸ਼ਾਸ਼ਨ ਤੋਂ ਆਜ਼ਾਦ ਕਰਾਉਣ ਲਈ ਲੇਖ ਲਿਖੇ ਜਾਂਦੇ ਸਨ। ਇਸ ਤਰ੍ਹਾਂ ‘ਇੰਡੀਆ ਹਾਊਸ’ ਭਾਰਤ ਦੇ ਵਿਦਿਆਰਥੀਆਂ ਤੇ ਇਨਕਲਾਬੀਆਂ ਦਾ ਇੱਕ ਕੇਂਦਰ ਬਣ ਗਿਆ। ਮਦਨ ਲਾਲ ਢੀਂਗਰਾ, ਬੀ.ਡੀ. ਸਾਵਰਕਰ, ਬਰਕਤ ਉਲਾ, ਸੱਯਦ ਅਲੀ, ਲਾਲਾ ਹਰਦਿਆਲ ਅਤੇ ਅਬਦ ਬੁਖਾਰੀ ਇਸ ਕੇਂਦਰ ਦੀ ਹੀ ਪੈਦਾਵਾਰ ਸਨ।

ਮਦਨ ਲਾਲ ਢੀਂਗਰਾ ਸਾਵਰਕਰ ਦਾ ਬਹੁਤ ਆਦਰ ਕਰਦੇ ਸਨ। ਉਨ੍ਹਾਂ ਨੇ ਆਪਣੇ ਮਨ ਵਿੱਚ ਆਪਣੇ ਪਿਤਾ ਡਾ. ਦਿੱਤਾ ਮਲ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੇ ਜੀਵਨ ਦੀ ਸਾਵਰਕਰ ਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੇ ਜੀਵਨ ਨਾਲ ਤੁਲਨਾ ਕੀਤੀ। ਉਸਨੂੰ ਲੱਗਾ ਕਿ ਉਸ ਦਾ ਪਰਿਵਾਰ ਕੇਵਲ ਆਪਣਾ ਨਿੱਜੀ ਸੁੱਖ ਚਾਹੁੰਦਾ ਹੈ। ਦੂਜੇ ਪਾਸੇ ਇਹ ਕ੍ਰਾਂਤੀਕਾਰੀ ਹਨ, ਜੋ ਅੰਗ੍ਰੇਜ਼ੀ ਹਕੂਮਤ ਦੀਆਂ ਜੜ੍ਹਾਂ ਪੁੱਟਣ ‘ਚ ਲੱਗੇ ਹੋਏ ਹਨ, ਤਾਂ ਕਿ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋ ਸਕੇ। ਇੰਗਲੈਂਡ ਵਿੱਚ ਗੋਰਿਆਂ ਦੇ 1 ਮਈ, 1907 ਈ: ਦੇ ਸਮਾਗਮ ਨੂੰ ਚੁਣੌਤੀ ਦੇਣ ਲਈ 10 ਮਈ, 1907 ਨੂੰ ਸਾਵਰਕਰ ਨੇ ‘ਇੰਡੀਆ ਹਾਊਸ’ ਵਿੱਚ 1857 ਈ: ਦੀ ਕ੍ਰਾਂਤੀ ਦਾ ‘ਯਾਦਗਾਰ ਦਿਹਾੜਾ’ ਮਨਾਉਣ ਦਾ ਪ੍ਰਾਬੰਧ ਕੀਤਾ। 10 ਮਈ 1908 ਨੂੰ ‘ਇੰਡੀਆ ਹਾਊਸ’ ਵਿੱਚ 1857 ਦੇ ਗ਼ਦਰ ਦੀ 50ਵੀਂ ਵਰ੍ਹੇਗੰਢ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ। ਉਸ ਦਿਨ ਨੂੰ ਸਾਵਰਕਰ ਨੇ ‘ਸ਼ਹੀਦ ਦਿਵਸ’ ਦਾ ਨਾਂ ਦਿੱਤਾ। ਮਦਨ ਲਾਲ ਢੀਂਗਰਾ ਨੇ ਇਸੇ ਦਿਨ ਪ੍ਰਣ ਕੀਤਾ ਕਿ ਉਹ ਭਾਰਤ ਦੀ ਆਜ਼ਾਦੀ ਲਈ ਪ੍ਰਤੀਬੱਧ ਹੈ। ਜਦੋਂ ਤੱਕ ਦੇਸ਼ ਬ੍ਰਿਟਿਸ਼ ਸਰਕਾਰ ਤੋਂ ਮੁਕਤ ਨਹੀਂ ਹੋ ਜਾਂਦਾ ਤਦ ਤੱਕ ਉਹ ਸੁੱਖ ਦਾ ਸਾਹ ਨਹੀਂ ਲੈਵੇਗਾ।

ਸਰ ਵਿਲੀਅਮ ਕਰਜ਼ਨ ਵਾਇਲੀ ਭਾਰਤੀ ਵਿਦਿਆਰਥੀਆਂ ਨੂੰ, ਜੋ ਭਾਰਤ ਦੀ ਸੁਤੰਤਰਤਾ ਲਈ ਕੰਮ ਕਰਦੇ ਸਨ, ਸਖ਼ਤ ਸਜ਼ਾ ਦਿਵਾਉਂਦਾ ਸੀ। ਇਸ ਲਈ ਭਾਰਤੀ ਵਿਦਿਆਰਥੀ ਉਸਨੂੰ ਬਹੁਤ ਨਫ਼ਰਤ ਕਰਦੇ ਸਨ ਅਤੇ ਮੌਕਾ ਮਿਲਦੇ ਹੀ ਉਸਨੂੰ ਖ਼ਤਮ ਕਰ ਦੇਣਾ ਚਾਹੰਦੇ ਸਨ। ਮਦਨ ਲਾਲ ਢੀਂਗਰਾ ਉਸਨੂੰ ਕਤਲ ਕਰਨ ਲਈ ਢੁਕਵੇਂ ਮੌਕੇ ਦੀ ਭਾਲ ਵਿੱਚ ਸੀ।

1 ਜੁਲਾਈ, 1909 ਈ: ਨੂੰ ਵੀਰਵਾਰ ਦਾ ਦਿਨ ਸੀ। ਇੰਗਲੈਂਡ ਦੇ ਜਹਾਂਗੀਰ ਹਾਊਸ ਵਿੱਚ ‘ਨੈਸ਼ਨਲ ਇੰਡੀਅਨ ਐਸੋਸੀਏਸ਼ਨ’ ਦਾ ਰਾਤ ਨੂੰ ਸਾਲਾਨਾ ਸਮਾਰੋਹ ਸੀ, ਜਿਸ ਵਿੱਚ ਅਨੇਕਾਂ ਅੰਗ੍ਰੇਜ਼ੀ ਅਫ਼ਸਰ ਅਤੇ ਵਿਦਿਆਰਥੀ ਵੀ ਸ਼ਾਮਲ ਸਨ। ਸਰ ਕਰਜ਼ਨ ਵਾਇਲੀ ਆਪਣੀ ਪਤਨੀ ਲੇਡੀ ਵਾਇਲੀ ਦਾ ਹੱਥ ਫੜ੍ਹੀ ਜਾਣੂ/ਵਿਸ਼ੇਸ਼ ਵਿਅਕਤੀਆਂ ਤੋਂ ਵਿਦਾ ਲੈਂਦੇ ਹੋਏ ਜਿਉਂ ਹੀ ਜਹਾਂਗੀਰ ਹਾਲ ਤੋਂ ਬਾਹਰ ਨਿਕਲੇ, ਤਦ ਪਹਿਲਾਂ ਤੋਂ ਤਿਆਰ ਮਦਨ ਲਾਲ ਢੀਂਗਰਾ ਨੇ ਆਪਣੇ ਕੋਟ ਦੀ ਜੇਬ ਵਿੱਚ ਹੱਥ ਪਾਇਆ ਤੇ ਫੁਰਤੀ ਨਾਲ ਇੱਕ ਬੈਲਜ਼ੀਅਮ ਰਿਵਾਲਵਰ ਕੱਢਿਆ। ਇਸ ਤੋਂ ਪਹਿਲਾਂ ਕਿ ਵਾਇਲੀ ਕੁੱਝ ਸਮਝਦੇ, ਉਸਦੇ ਦੋ ਗੋਲੀਆਂ ਧੌਣ ਵਿੱਚ ਮਾਰੀਆਂ ਅਤੇ ਦੋ ਛਾਤੀ ਵਿੱਚ ਤੇ ਕਰਜ਼ਨ ਉੱਥੇ ਹੀ ਢਹਿ-ਢੇਰੀ ਹੋ ਗਿਆ। ਇਸ ਦੌਰਾਨ ਛੇਵੀਂ ਗੋਲੀ 48 ਸਾਲਾ ਸ਼ੰਘਾਈ ਡਾ. ਕਾਉਸ ਖੁਰਸ਼ੀਦ ਜੀ ਲਾਲਕਕਾ ਜੋ ਵਾਇਲੀ ਨੂੰ ਬਚਾਉਣ ਲਈ ਆਇਆ ਨੂੰ ਗੋਲੀ ਮਾਰੀ ਅਤੇ ਉਸਦੀ ਮੌਤ ਸੇਂਟ ਜਾਰਜ ਹਸਪਤਾਲ ਲਿਜਾਂਦੇ ਹੋਏ ਰਸਤੇ ‘ਚ ਹੋ ਗਈ।

ਬਾਅਦ ‘ਚ ਲੰਡਨ ਦੀ ਉਚੇਰੀ ਅਦਾਲਤ ਦੇ ਸਾਹਮਣੇ ਖੜ੍ਹੇ ਹੋ ਕੇ ਉਸਨੇ ਬਿਆਨ ਦਿੱਤਾ ”ਇਹ ਕਤਲ ਮੈਂ ਕੀਤਾ ਹੈ! ਜਿਸ ਦੇਸ਼ ਨੂੰ ਸੰਗੀਨਾਂ ਦੇ ਸਾਏ ਹੇਠ ਗੁਲਾਮ ਰੱਖਿਆ ਹੋਵੇ, ਉਸ ਮੁਲਕ ਦੇ ਨੌਜਵਾਨਾਂ ਨੂੰ ਫ਼ਾਂਸੀਆਂ ਦਿੱਤੀਆਂ ਜਾਂਦੀਆਂ ਹੋਣ ਤੇ ਉਸ ਦੇ ਆਗੂਆਂ ਨੂੰ ਸਮੁੰਦਰੋਂ ਪਾਰ ਉਮਰ ਭਰ ਲਈ ਜੇਲ੍ਹੀਂ ਭੇਜਿਆ ਜਾ ਰਿਹਾ ਹੋਵੇ, ਉਸਨੂੰ ਸੁਣ ਕੇ ਚੁੱਪ ਰਹਿਣਾ ਬੇਅਣਖੀ ਦੀ ਮਿਸਾਲ ਹੈ। ਮੈਂ ਇਹ ਸਹਿਣ ਨਹੀਂ ਕਰ ਸਕਿਆ ਤੇ ਪਿਸਤੌਲ ਕੱਢ ਸਰ ਕਰਜ਼ਨ ਵਾਇਲੀ ਦੀ ਛਾਤੀ ਵਿੱਚ ਗੋਲੀਆਂ ਮਾਰ ਕੇ ਉਸਦਾ ਮੂੰਹ ਬੰਦ ਕਰ ਦਿੱਤਾ। ਇੱਕ ਗੁਲਾਮ ਬੇਹਥਿਆਰੀ ਕੌਮ ਕੋਲ ਹੋਰ ਚਾਰਾ ਵੀ ਕੀ ਹੈ? ਉਸਨੂੰ ਮਰਨਾ ਆਉਣਾ ਚਾਹੀਦਾ ਹੈ ਤੇ ਇਹ ਖੁਦ ਮਰ ਕੇ ਹੀ ਦੱਸਿਆ ਜਾ ਸਕਦਾ ਹੈ। ਹਿੰਦੂ ਫ਼ਿਲਸਾਫ਼ੀ ਆਵਾਗਵਨ ‘ਚ ਯਕੀਨ ਹੋਣ ਦੇ ਨਾਤੇ ਮੈਂ ਪੰਜਾਬ ਦੀ ਧਰਤੀ ਦਾ ਮਹਾਨ ਸਪੂਤ ਸ਼ਹੀਦ ਮਦਨ ਲਾਲ ਢੀਂਗਰਾ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਹਾਂ, ਕਿ ਫ਼ਾਂਸੀ ਤੋਂ ਬਾਅਦ ਮੈਂ ਫ਼ਿਰ ਹਿੰਦੋਸਤਾਨ ਵਿੱਚ ਹੀ ਜਨਮ ਲਵਾਂ ਅਤੇ ਜਦੋਂ ਤੱਕ ਮੇਰੀ ਜਨਮ-ਭੂਮੀ ਆਜ਼ਾਦ ਨਹੀਂ ਹੋ ਜਾਂਦੀ, ਮੇਰਾ ਆਜ਼ਾਦੀ ਲਈ ਮਰਨ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇ।” ਇਸ ਤਰ੍ਹਾਂ 17 ਅਗਸਤ, 1909 ਈ: ਨੂੰ ਭਾਰਤ ਦੇ ਇਸ ਅਣਖੀ ਸੂਰਮੇ ਨੂੰ ਇੰਗਲੈਂਡ ਦੀ ਪੇਂਟੋਵਨਵਿਲੇ ਜੇਲ੍ਹ ਵਿੱਚ ਹੀ ਚੁੱਪ-ਚਾਪ ਫ਼ਾਸੀ ‘ਤੇ ਲਟਕਾ ਦਿੱਤਾ ਗਿਆ। ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਨੇ ਅੱਗੇ ਦੀ ਲੜਾਈ ਲੜਨ ਲਈ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਆਪਣਾ ਰਾਹ-ਦਸੇਰਾ ਮੰਨਿਆ। ਅੱਜ ਸਮੇਂ ਦੀਆਂ ਸਰਕਾਰਾਂ ਨੂੰ ਇਸ ਮਹਾਨ ਸ਼ਹੀਦ ਦੇ 110ਵੇਂ ਸ਼ਹੀਦੀ ਦਿਵਸ ‘ਤੇ ਅੰਮ੍ਰਿਤਸਰ ਵਿਚਲੇ ਜੱਦੀ-ਘਰ ਨੂੰ ਵਿਰਾਸਤ ਦੇ ਰੂਪ ‘ਚ ਸੰਭਾਲਣ ਦੇ ਨਾਲ-ਨਾਲ ਰਾਜਨੀਤਕ ਆਗੂਆਂ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਸਦੇ ਇਨਕਲਾਬੀ ਜੀਵਨ ਤੋਂ ਸੇਧ ਲੈਣਾ ਸਮੇਂ ਦੀ ਜ਼ਰੂਰਤ ਹੈ।

(ਹਰਦੀਪ ਸਿੰਘ ਝੱਜ)

+91 94633-64992
jhajhardeep@gmail.com

Install Punjabi Akhbar App

Install
×