ਮਾਂ ਬੋਲੀ ਪੰਜਾਬੀ ਨਾਲ ਧਰੋਹ ਕਮਾਉਣ ਵਾਲੇ ਗੁਰਦਾਸ ਮਾਨ ਵਰਗੇ ਅਖੌਤੀ ਪੰਜਾਬੀ ਗਾਇਕਾਂ ਦਾ ਵਿਰੋਧ ਕਰੋ ਡਾ. ਤੇਜਵੰਤ ਮਾਨ

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭਾਰਤ ਵਿੱਚ ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੇ ਹੱਕ ਵਿੱਚ ਖੜ੍ਹਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਨੇ ਗੰਭੀਰ ਨੋਟਿਸ ਲੈਂਦੇ ਹੋਏ ਅਜਿਹੇ ਅਖੌਤੀ ਪੰਜਾਬੀ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ। ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੇ 40 ਸਾਲ ਮਾਂ ਬੋਲੀ ਦੀ ਸੇਵਾ ਦੇ ਨਾਂ ਹੇਠ ਪੈਸਾ ਅਤੇ ਸ਼ੌਹਰਤ ਖੱਟੀ ਹੋਵੇ, ਉਸ ਵੱਲੋਂ ਆਰ.ਐਸ.ਐਸ. ਦੇ ਹਿੰਦੁਤਵੀ ਏਜੰਡੇ  ਇੱਕ ਭਾਸ਼ਾ ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੀ ਵਕਾਲਤ ਕਰਕੇ ਮਾਂ ਬੋਲੀ ਪੰਜਾਬੀ ਨਾਲ ਧਰੋਹ ਕਮਾਇਆ ਹੈ। ਇਹ ਇੱਕ ਬੱਜਰ ਪਾਪ ਹੈ। ਗੁਰਦਾਸ ਮਾਨ ਨੇ ਗਾਇਕੀ ਜਿਹੀ ਸੂਖਮ ਕਲਾ ਦੀ ਪਵਿੱਤਰਤਾ ਨੂੰ ਵੀ ਭੰਗ ਕਰਕੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸਦੇ ਇਸ ਕਰਮ ਨੇ ਪੰਜਾਬੀ ਗਾਇਕੀ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਤੋੜਿਆ ਹੈ। ਜਿਸ ਕਰਕੇ ਉਹ ਅਖੌਤੀ ਪੰਜਾਬੀ ਗਾਇਕਾਂ ਦੀ ਕਤਾਰ ਵਿੱਚ ਖੜਾ ਹੋ ਗਿਆ ਹੈ। ਡਾ. ਮਾਨ ਨੇ ਹੋਰ ਕਿਹਾ ਕਿ ਭਾਰਤ ਦੀ ਬਹੁਕੌਮੀ ਬਹੁ ਭਾਸ਼ਾਈ ਤੇ ਬਹੁ ਸੱਭਿਆਚਾਰਕ ਪਹਿਚਾਣ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਗੁਰਦਾਸ ਮਾਨ ਨੇ ਬੜੀ ਕੁਟਿਲਤਾ ਨਾਲ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਵਿਹਲੜ ਗਰਦਾਨਕੇ ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਗੁਰਦਾਸ ਮਾਨ ਨੂੰ ਭਾਰਤ ਦੀ ਵੰਨਸੁਵੰਨਤਾ ਅਤੇ ਬਹੁਕੌਮੀਅਤ ਸਰੂਪ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ, ਪਰ ਉਹ ਗੱਲਾਂ ਫਰਾਂਸ ਤੇ ਜਰਮਨੀ ਦੀਆਂ ਕਰਦਾ ਹੈ। ਅਜਿਹੇ ਅਕ੍ਰਿਤਘਣ ਦਾ ਹਰ ਪੰਜਾਬੀ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇ।
ਜਾਰੀ ਕਰਤਾ: ਡਾ. ਭਗਵੰਤ ਸਿੰਘ ਬੁਲਾਰਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. 9814851500

Install Punjabi Akhbar App

Install
×