ਟੌਪ ਮੀਡੀਆ ਐਸੋਸੀਏਸ਼ਨ ਵਲੋਂ ਬੂਟਾ ਸਿੰਘ ਬਾਸੀ ਅਤੇ ਮੇਜਰ ਇਕਬਾਲ ਸਿੰਘ ਦਾ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਕੀਤਾ ਗਿਆ ਸਨਮਾਨ

ਰਈਆ —ਟੌਪ ਮੀਡੀਆ ਐਸੋਸੀਏਸ਼ਨ ਪੰਜਾਬ ਅਤੇ ਗਲੋਬਲ ਮੀਡੀਆ ਨੈੱਟਵਰਕ ਵਲੋਂ ਜਲੰਧਰ ਵਿਚ ਪ੍ਰਵਾਸੀ ਪੱਤਰਕਾਰ ਬੂਟਾ ਸਿੰਘ ਬਾਸੀ ਅਤੇ ਮੇਜਰ ਇਕਬਾਲ ਸਿੰਘ ਯੂਕੇ ਦਾ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਟੌਪ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਫ਼ਿਲਮੀ ਅਦਾਕਾਰ ਰਾਜਿੰਦਰ ਰਿਖੀ ‘ਈਡੀਅਟ’, ਪ੍ਰਧਾਨ ਪਵਨ ਕੁਮਾਰ ਟੀਨੂੰ ਅਤੇ ਗਲੋਬਲ ਮੀਡੀਆ ਨੈੱਟਵਰਕ ਪੰਜਾਬ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਇਸ ਸਮਾਰੋਹ ਨੂੰ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਰੂਪ ਵਿਚ ਨੇਪਰੇ ਚਾੜ੍ਹਿਆ। ਆਪਣੇ ਸੰਬੋਧਨ ਵਿਚ ਰਿਖੀ ਨੇ ਦੱਸਿਆ ਕਿ ਬੂਟਾ ਸਿੰਘ ਬਾਸੀ ਦੀ ਬੇਬਾਕ ਤੇ ਨਿਡਰ ਪੱਤਰਕਾਰੀ ਅਤੇ ਮੇਜਰ ਇਕਬਾਲ ਸਿੰਘ ਦੇ ਇੰਗਲੈਂਡ ਵਿਚ ਰਹਿੰਦੇ ਹੋਏ ਵੀ ਆਪਣੀ ਮਾਂ ਬੋਲੀ ਨਾਲ ਉਹਨਾਂ ਦੇ ਅਥਾਹ ਪਿਆਰ ਅਤੇ ਸਮਾਜ ਨੂੰ ਦਿੱਤੀਆਂ ਸੇਵਾਵਾਂ ਦੇ ਕਾਰਨ ਹੀ ਸਾਡੀ ਸੰਸਥਾ ਟੌਪ ਮੀਡੀਆ ਐਸੋਸੀਏਸ਼ਨ ਅਤੇ ਗਲੋਬਲ ਮੀਡੀਆ ਨੈੱਟਵਰਕ ਨੇ ਉਹਨਾਂ ਨੂੰ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਬੂਟਾ ਸਿੰਘ ਬਾਸੀ ਵਲੋਂ ਪੰਜਾਬੀ ਬੋਲੀ ਨੂੰ ਵਿਦੇਸ਼ਾਂ ਵਿਚ ਵੀ ਫੈਲਾਉਣ ਅਤੇ ਭਾਰਤ ਵਿਰੋਧੀ ਅਖੌਤੀ ਖਾਲਿਸਤਾਨੀ ਅਤੇ ਹੋਰਨਾਂ ਤਾਕਤਾਂ ਦਾ ਡਟ ਕੇ ਸਾਹਮਣਾ ਕਰਨਾ ਜਿਥੇ ਉਹਨਾਂ ਦੀ ਸ਼ਖ਼ਸੀਅਤ ਨੂੰ ਹੋਰਨਾਂ ਤੋਂ ਵੱਖ ਕਰਦਾ ਹੈ ਓਥੇ ਹੀ ਪੰਜਾਬ ਵਿਚ ਵੱਸਦੇ ਪੰਜਾਬੀਆਂ ਲਈ ਵੀ ਪ੍ਰੇਰਨਾਸ੍ਰੋਤ ਦਾ ਕੰਮ ਕਰਦਾ ਹੈ। ਇਸ ਐਵਾਰਡ ਸਮਾਗਮ ਵਿਚ ਪਹੁੰਚੇ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ ਅਤੇ ਸਿਆਸੀ ਲੀਡਰਾਂ ਨੇ ਵੀ ਬੂਟਾ ਸਿੰਘ ਬਾਸੀ ਦੇ ਅਮਰੀਕਾ ਅਤੇ ਮੇਜਰ ਇਕਬਾਲ ਸਿੰਘ ਦੇ ਯੂਕੇ ਵਿਚਲੇ ਸੰਘਰਸ਼ ਬਾਰੇ ਚਾਨਣਾ ਪਾਇਆ, ਜਿੰਨਾ ਵਿਚ ਆਪ ਦੇ ਜਲੰਧਰ ਤੋਂ ਉਮੀਦਵਾਰ ਸ਼ੀਤਲ ਅੰਗੂਰਾਲ,ਅਨੋਖ ਸਿੰਘ,ਸਰਵਣ ਰਾਜਾ, ਰਵਿੰਦਰਪਾਲ ਸਿੰਘ ਸ਼ਾਮਿਲ ਸਨ। ਬੂਟਾ ਸਿੰਘ ਬਾਸੀ ਨੇ ਇਸ ਮੌਕੇ ਬੋਲਦੇ ਹੋਏ ਆਪਣੇ ਜੀਵਨ ਦੇ ਸੰਘਰਸ਼ ਦੇ ਨਾਲ ਨਾਲ ਦੱਸਿਆ ਕਿ ਕਿਵੇਂ ਕਿਵੇਂ ਉਹ ਵਿਦੇਸ਼ੀ ਵੱਸਦੇ ਪੰਜਾਬੀਆਂ ਲਈ ਅਤੇ ਹੋਰਨਾਂ ਲੋਕਾਂ ਲਈ ਸਮਾਜ ਸੇਵਾ ਕਰਦੇ ਆ ਰਹੇ ਹਨ।

ਮੇਜਰ ਇਕਬਾਲ ਸਿੰਘ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਖਾਲੀ ਹੱਥ ਇੰਗਲੈਂਡ ਵਰਗੇ ਦੇਸ਼ ਵਿਚ ਜਾ ਕੇ ਸਖ਼ਤ ਮਿਹਨਤ ਨਾਲ ਓਥੇ ਨਾਮਣਾ ਖੱਟਿਆ।ਸਮਾਗਮ ਦੇ ਮੁੱਖ ਮਹਿਮਾਨ ਡੀਐਸਪੀ ਅਸ਼ਵਨੀ ਕੁਮਾਰ ਅਤਰੀ ਅਤੇ ਆਪ ਦੇ ਜਲੰਧਰ ਵੈਸਟ ਤੋਂ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਬੂਟਾ ਬਾਸੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨਾਲ ਸਿੱਧਾ ਪੰਗਾ ਲੈਣ ਵਾਲਾ ਵਿਅਕਤੀ ਆਮ ਨਹੀਂ ਹੋ ਸਕਦਾ ਅਤੇ ਜੇਕਰ ਬੂਟਾ ਬਾਸੀ ਅਜਿਹਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹ ਉਹਨਾਂ ਦਾ ਆਪਣੇ ਦੇਸ਼, ਆਪਣੇ ਪੰਜਾਬ, ਆਪਣੀ ਮਾਂ ਬੋਲੀ ਲਈ ਪਿਆਰ ਹੈ ਜੋਕਿ ਉਹਨਾਂ ਨੂੰ ਵਿਦੇਸ਼ ਵਿਚ ਪਰਵਾਸ ਕਰਦੇ ਹੋਏ ਵੀ ਆਪਣੀ ਮਿੱਟੀ ਤੋਂ ਵੱਖ ਨਹੀਂ ਹੋਣ ਦੇ ਰਿਹਾ। ਇਸ ਮੌਕੇ ਟੌਪ ਮੀਡੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਵਨ ਕੁਮਾਰ ਟੀਨੂੰ, ਪੰਡਿਤ ਭੀਸ਼ਮ ਦੇਵ, ਸਰਵਣ ਰਾਜਾ, ਦੀਪਕ ਗਾਬਾ, ਰਾਜ ਕੁਮਾਰ ਅਰੋੜਾ, ਪਿਯੂਸ਼ ਗੁਪਤਾ, ਕਮਲਪਾਲ ਸਿੰਘ ਐਂਕਰ, ਪ੍ਰੇਰਨਾ, ਪੂਨਮ, ਕੁਲਦੀਪ ਸਿੰਘ,  ਆਦਿ ਹਾਜਰ ਸਨ।

Install Punjabi Akhbar App

Install
×