‘ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ’ ਵਰਗੇ ਅਨੇਕਾਂ ਵਿਸ਼ਵ-ਪ੍ਰਸਿੱਧੀ ਪ੍ਰਾਪਤ ਗੀਤਾਂ ਦਾ ਸਿਰਜਣਹਾਰ: ਗੀਤਕਾਰ ਲਾਲ ਸਿੰਘ ਲਾਲੀ

ਵਿਸ਼ਵ ਪ੍ਰਸਿੱਧੀ-ਪ੍ਰਾਪਤ ਗੀਤਕਾਰ ਲਾਲ ਸਿੰਘ ਲਾਲੀ, ਜ਼ਿਲਾ ਲੁਧਿਆਣਾ ਵਿਚ ਪੈਂਦੇ ਨਾਰੰਗਵਾਲ ਨਾਂਉ ਦੇ, ਛੇਵੇਂ ਪਾਤਸ਼ਾਹ ਜੀ ਦੇ ਚਰਨ-ਛੋਹ ਪ੍ਰਾਪਤ ਇਕ ਐਸੇ ਪਿੰਡ ਦਾ ਜੰਮਪਲ ਹੈ ਜਿਹੜਾ ਕਿ ਜਸਟਿਸ ਗੁਰਨਾਮ ਸਿੰਘ (ਸਾਬਕਾ ਮੁੱਖ ਮੰਤਰੀ ਪੰਜਾਬ), ਸਵ: ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਸੁਪ੍ਰਸਿੱਧ ਗੀਤਕਾਰ ਸਵ : ਡਾ. ਅਜੀਤ ਪੰਛੀ ਨਾਰੰਗਵਾਲ ਆਦਿ ਹਸਤੀਆਂ ਦੀ ਜਨਮ-ਭੋਂਇ ਪਿੰਡ ਹੈ। ਪਿਤਾ ਮਾਈ ਦਿੱਤਾ ਅਤੇ ਮਾਤਾ ਠਾਕੁਰੀ ਸਰਾਂ ਦੇ ਲਾਡਲੇ ਲਾਲੀ ਜੀ ਦੀ ਰਿਕਾਰਡਿੰਗ ਵੱਲ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਉਨਾਂ ਦਾ ਪਹਿਲਾ ਗੀਤ, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ’ ਸੰਨ 1969 ਵਿਚ ਪੰਜਾਬੀ ਗਾਇਕੀ ਦੀਆਂ ਮਹਿਫਲਾਂ, ਪਿੰਡਾਂ ‘ਚ ਜੁੜਦੀਆਂ ਸੱਥਾਂ, ਪਿੜਾਂ ਅਤੇ ਬਨੇਰਿਆਂ ਤੇ ਗੂੰਜ ਉਠਿਆ ਸੀ। ਇਸ ਗੀਤ ਨੂੰ ਸੁਰੀਲੀਆਂ ਅਵਾਜ਼ਾਂ ਦਿੱਤੀਆਂ ਸਨ, ਸਵ: ਨਰਿੰਦਰ ਬੀਬਾ ਜੀ ਅਤੇ ਗਾਇਕ ਕਰਨੈਲ ਗਿੱਲ ਨੇ। ਲਾਲੀ ਜੀ ਨੂੰ ਕੰਪਨੀ ਨੇ ਇਸ ਪਹਿਲੇ ਗੀਤ ਤੋਂ ਹੀ ਰਾਇਲਟੀ ਦੇਣੀ ਸ਼ੁਰੂ ਕਰ ਦਿੱਤੀ ਸੀ। ਫਿਰ, ‘ਸੁਣੋ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ’, ‘ਤੇਰਾ ਗਲਗਲ ਵਰਗਾ ਰੰਗ ਜੱਟੀਏ’ ਅਤੇ ‘ਅੱਖਾਂ ਜਾ ਲੱਗੀਆਂ ਘੁੰਡ ਚੀਰ ਮੁੰਡਿਆ’ ਆਦਿ ਅਨੇਕਾਂ ਗੀਤ ਮੀਂਹ ਦੇ ਛਰਾਟੇ ਵਾਂਗ ਧੜਾ-ਧੜ ਐਚ. ਐਮ. ਵੀ. ਕੰਪਨੀ ਦੁਆਰਾ ਰਿਕਾਰਡ ਹੋ ਹੋ ਕੇ ਸੰਗੀਤ-ਪ੍ਰੇਮੀਆਂ ਦੀਆਂ ਮਹਿਫ਼ਲਾਂ, ਗਲੀਆਂ-ਬਜ਼ਾਰਾਂ, ਆਲ ਇੰਡੀਆਂ ਰੇਡੀਓ ਸਟੇਸ਼ਨ ਅਤੇ ਬਨੇਰਿਆਂ ਉਤੇ ਗੜਗੱਜਾਂ ਪਾਉਣ ਲੱਗੇ। ਪਿੰਡਾਂ ਵਿਚ ਰਾਸਾਂ, ਨਕਲਾਂ ਅਤੇ ਅਖਾੜਿਆਂ ਵਿਚ ਨਚਾਰਾਂ ਨੂੰ ਇਕ ਰੁਪਏ ਦੀ ਵੇਲ ਕਰਵਾਉਂਦਿਆਂ ਜਿੱਥੇ ਲਾਲੀ ਦੇ ਨਾਂਓਂ ਦੀਆਂ ‘ਵੇਲਾਂ’ ਕਰਵਾਉਣੀਆਂ, ਉਥੇ ਲਾਲੀ ਦੇ ਗੀਤ ਵੀ ਫ਼ਰਮਾਇਸ਼ਾਂ ਨਾਲ ਸੁਣ-ਸੁਣਕੇ ਸੰਗੀਤ-ਪ੍ਰੇਮੀਆਂ ਨੇ ਅਨੰਦ ਲੈਣੇ। ਲਾਲੀ ਜੀ ਦੇ ਗੀਤਾਂ ਨੂੰ ਗਾਉਣਾ ਹਰ ਗਾਇਕ ਆਪਣੀ ਖ਼ੁਸ਼-ਕਿਸਮਤੀ ਸਮਝਦਾ ਸੀ। ਤਵਿਆਂ ਦੇ ਯੁੱਗ ਵਿਚ ਜਿਨਾਂ ਹੋਰ ਗਾਇਕ ਅਤੇ ਗਾਇਕਾਵਾਂ ਨੇ ਲਾਲੀ ਜੀ ਦੇ ਗੀਤਾਂ ਨਾਲ ਨਾਮਨਾ ਖੱਟਿਆ, ਉਨਾਂ ਵਿਚ ਬੀਬਾ ਸੁਰਿੰਦਰ ਕੌਰ, ਬੀਬਾ ਪ੍ਰਕਾਸ਼ ਕੌਰ, ਬੀਬਾ ਸਵਰਨ ਲਤਾ, ਬੀਬਾ ਜਗਮੋਹਣ ਕੌਰ, ਪਾਲੀ ਦੇਤਵਾਲੀਆ, ਹਾਕਮ ਬਖਤੜੀਵਾਲਾ-ਬੀਬਾ ਦਲਜੀਤ ਕੌਰ, ਰਣਬੀਰ ਰਾਣਾ, ਰਮੇਸ਼ ਰੰਗੀਲਾ ਅਤੇ ਕੈਸਿਟ-ਯੁੱਗ ਦੇ ਗਾਇਕ-ਗਾਇਕਾਵਾਂ ਵਿਚ ਰਛਪਾਲ ਰਸੀਲਾ-ਮੋਹਣੀ ਰਸੀਲਾ, ਇਰਸ਼ਾਦ ਮੁਹੰਮਦ, ਗੁਰਵਿੰਦਰ ਗੁਰੀ, ਅਮਰ ਵਿਰਦੀ, ਕ੍ਰਿਸ਼ਨ ਰਾਹੀ, ਰਾਜਪਾਲ ਚੰਨੀ ਅਤੇ ਜਗਜੀਤ ਮੁਕਤਸਰੀ ਆਦਿ ਅਨੇਕਾਂ ਨਾਂਉਂ ਵਿਸ਼ੇਸ਼ ਵਰਣਨ ਯੋਗ ਹਨ। 

ਮਾਣ ਵਾਲੀ ਗੱਲ ਹੈ ਕਿ ਤਵਿਆਂ ਦੇ ਯੁੱਗ ਤੋਂ ਤੁਰੀ ਹੋਈ ਇਹ ਨਰੋਈ ਤੇ ਉਸਾਰੂ ਕਲਮ ਅਜੇ ਤੱਕ ਅੱਕੀ ਨਹੀ, ਥੱਕੀ ਨਹੀ। ਸਾਹਿਤਕ ਗੀਤਾਂ ਦੀਆਂ ਪੁਰਾਣੀਆਂ ਪੁਸਤਕਾਂ, ‘ਗੀਤਾਂ ਭਰੀ ਚੰਗੇਰ’ ਅਤੇ ‘ਤੇਰਾ ਗਲਗਲ ਵਰਗਾ ਰੰਗ ਜੱਟੀਏ’ ਵਿਚ ਨਵੀਆਂ ਪੁਸਤਕਾਂ ‘ਗੀਤਾਂ ਦਾ ਸਿਰਨਾਵਾਂ’, ‘ਗੀਤਾਂ ਦੀ ਮਹਿਕ’ ਅਤੇ ‘ਲੰਬੀ ਸੋਚ’ ਕਹਾਣੀ-ਸੰਗ੍ਰਹਿ ਦਾ ਵਾਧਾ ਕਰਦਿਆਂ ਲਾਲੀ ਜੀ ਨੇ ਸਾਬਿਤ ਕਰ ਵਿਖਾਇਆ ਹੈ ਕਿ ਕਲਮੀ ਜਨੂੰਨ ਪਾਲਣ ਵਾਲਿਆਂ ਲਈ ਵਧਦੀ ਉਮਰ ਕਲਮੀ ਗਤੀ-ਵਿਧੀਆਂ ਵਿਚ ਰੁਕਾਵਟ ਨਹੀਂ ਪਾ ਸਕਦੀ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ 1987 ਤੋਂ ਲਗਾਤਾਰ ਬਤੌਰ ਪ੍ਰਧਾਨ ਰਹਿਨੁਮਾਈ ਕਰਦੇ ਆ ਰਹੇ ਲਾਲ ਸਿੰਘ ਲਾਲੀ ਨੂੰ ਸੰਸਥਾ ਵਲੋਂ ਜਿੱਥੇ ਅੱਠ ਮਿਆਰੀ ਸਾਂਝੇ ਕਾਵਿ-ਸੰਗ੍ਰਹਿ ਅਤੇ ਦੋ ਟੈਲੀਫੋਨ ਡਾਇਰੈਕਟਰੀਆਂ ਦੇ ਉਪਰਾਲੇ ਕਰਨ ਦਾ ਮਾਣ ਹਾਸਲ ਹੈ, ਉਥੇ ਹਜ਼ਾਰਾਂ ਦੀ ਗਿਣਤੀ ਵਿਚ ਕਲਮਾਂ, ਅਵਾਜ਼ਾਂ ਅਤੇ ਸੁਰਾਂ ਨੂੰ ਪੈਦਾ ਕਰ ਕੇ ਬੁਲੰਦੀਆਂ ਉਤੇ ਪਹੁੰਚਾਉਣ ਦਾ ਵੀ ਗੌਰਵ ਹਾਸਲ ਹੈ।

ਮਾਨ-ਸਨਮਾਨਾਂ ਦੀ ਇਕ ਲੰਬੀ ਲੜੀ ਵਿੱਚੋਂ ਭਾਈ ਦਿੱਤ ਸਿੰਘ ਪੱਤ੍ਰਿਕਾ ਵੱਲੋਂ ‘ਫ਼ਖ਼ਰ-ਏ-ਕੌਮ- ਗਿਆਨੀ ਦਿੱਤ ਸਿੰਘ ਐਵਾਰਡ’ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਮਿਲੇ ‘ਕਲਮ ਦਾ ਬਾਦਸ਼ਾਹ’, ‘ਮਾਣ ਪੰਜਾਬ ਦਾ’ ਅਤੇ ‘ਕਲਮ ਦਾ ਸ਼ਹਿਨਸ਼ਾਹ’ ਐਵਾਰਡ ਨੂੰ ਲਾਲੀ ਜੀ ਅਭੁੱਲ ਸਨਮਾਨ ਦੱਸਦੇ ਹਨ। ਨਵੀਆਂ ਕਲਮਾਂ ਨੂੰ ਸੇਧਾਂ ਪ੍ਰਦਾਨ ਕਰਨ ਵਾਲੇ ਉਸਤਾਦ-ਗੀਤਕਾਰ ਲਾਲੀ ਜੀ ਰੋਜ਼ਗਾਰ ਵਿਭਾਗ, ਪੰਜਾਬ ਵਿਚੋਂ ਸੁਪਰਡੰਟ ਗਰੇਡ-ਵੰਨ ਦੇ ਅਹੁੱਦੇ ਤੋਂ ਸੇਵਾ-ਮੁਕਤ ਹੋਣ ਉਪਰੰਤ ਅੱਜ- ਕੱਲ ਆਪਣੇ ਪਿੰਡ ਨਾਰੰਗਵਾਲ ਵਿਖੇ ਸਾਹਿਤ ਤੇ ਸਮਾਜ ਦੀ ਸੇਵਾ ਵਿਚ ਜੁਟੇ ਆਪਣੀ ਬੇਟੀ ਹਰਮਿੰਦਰ ਕੌਰ ਨਾਲ ਸੁੱਖਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਆਪ ਜੀ ਦੇ ਲਾਡਲੇ ਸ਼ਗਿਰਦਾਂ ਵਿਚੋਂ ਜਰਨੈਲ ਹਸਨਪੁਰੀ ਅਤੇ ਕੁਵੈਤ ‘ਚ ਬੈਠਾ ਸੁਰਿੰਦਰ ਜੱਕੋਪੁਰੀ ਆਪੋ-ਆਪਣੀ ਯਾਦੂ ਭਰੀ ਕਲਮ ਰਾਂਹੀ ਆਪਣੇ ਉਸਤਾਦ ਲਾਲੀ ਦਾ ਸਿਰ ਉਚਾ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ।

ਨਿਮਰ, ਸ਼ਹਿਨਸ਼ੀਲ, ਵਿਦਵਾਨ, ਦੂਰਦਰਸ਼ੀ, ਸਾਹਿਤਕਾਰ, ਬੁਧੀਜੀਵੀ ਅਤੇ ਫੱਕਰ ਬਿਰਤੀ ਦੇ ਮਾਲਕ ਇਸ ਸ਼ਖ਼ਸ਼ੀਅਤ ਨੂੰ ਮੇਰਾ ਪ੍ਰਵਰਦਗਾਰ ਹਮੇਸ਼ਾ ਸਿਹਤਮੰਦ ਰੱਖੇ ਅਤੇ ਉਸ ਦੀ ਉਮਰ ਲੋਕ-ਗੀਤਾਂ ਦੇ ਹਾਣ ਦੀ ਕਰੇ। 

(ਪ੍ਰੀਤਮ ਲੁਧਿਆਣਵੀ) +91 9876428641

Install Punjabi Akhbar App

Install
×