ਪਿਆਰ ਭਰੇ ਦੋ ਮਿੱਠੇ ਬੋਲ…

ਕਹਿੰਦੇ ਹਨ ਕਿ ਵਿਅਕਤੀ ਦੀ ਬੋਲਬਾਣੀ ਉਸ ਦੀ ਸ਼ਖ਼ਸੀਅਤ ਦਾ ਦਰਪਣ ਹੁੰਦੀ ਹੈ। ਇਹ ਵਿਅਕਤੀ ਦੀ ਬੋਲਬਾਣੀ ਹੀ ਹੈ , ਜੋ ਉਸ ਨੂੰ ਅਰਸ਼ ਤੋਂ ਫਰਸ਼ ਜਾਂ ਫਿਰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ। ਅਕਸਰ ਸਾਡੀ ਬੋਲ ਬਾਣੀ ਤੋਂ ਸਾਡੀ ਯੋਗਤਾ ਅਤੇ ਸਾਡੀ ਲਿਆਕਤ ਦਾ ਪਤਾ ਲੱਗਦਾ ਹੈ । ਜੇਕਰ ਸਾਡੀ ਬੋਲਬਾਣੀ ਸ਼ਾਂਤੀ ਅਤੇ ਮਿਠਾਸ ਭਰੀ ਹੋਵੇ ਤਾਂ ਕੀ ਕਹਿਣਾ । ਹਰ ਇੱਕ ਵਿਅਕਤੀ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਸ ਨੂੰ ਘਰ , ਪਰਿਵਾਰ ਅਤੇ ਸਮਾਜ ਵਿੱਚ ਹਰ ਕੋਈ ਪ੍ਰੇਮ ਭਾਵ ਨਾਲ , ਮਿਠਾਸ ਨਾਲ ਅਤੇ ਸ਼ਾਂਤ ਚਿੱਤ ਹੋ ਕੇ ਬੁਲਾਵੇ , ਪੁਕਾਰੇ ਅਤੇ ਗੱਲਬਾਤ ਕਰੇ । ਦੁਨੀਆਂ ਵਿੱਚ ਅਨੇਕਾਂ ਅਜਿਹੀਆਂ ਉਦਾਹਰਣਾਂ ਹਨ ਕਿ ਜੋ ਕੰਮ ਵੱਡੀਆਂ – ਵੱਡੀਆਂ ਤੋਪਾਂ – ਤਲਵਾਰਾਂ ਨਹੀਂ ਕਰ ਸਕੀਆਂ , ਉਹ ਕੰਮ ਪਿਆਰ ਭਰੇ , ਮਿਠਾਸ ਭਰੇ ਅਤੇ ਸ਼ਾਂਤੀ – ਸਕੂਨ ਭਰੇ ਮਿੱਠੇ ਸ਼ਬਦਾਂ ਤੇ  ਬੋਲਬਾਣੀ ਨੇ ਕਰਕੇ ਦਿਖਾਏ ਅਤੇ ਵਿਗੜੇ ਕੰਮ ਬਣਵਾਏ। ਕਿਸੇ ਗੱਲ ਦੇ ਵਿਸ਼ੇ ਨੂੰ ਲੈ ਕੇ ਧਿਆਨ ਪੂਰਵਕ ਬੋਲਣਾ ਅਤੇ ਧਿਆਨਪੂਰਵਕ ਸੁਣਨਾ ਅੱਧੀ ਸਫ਼ਲਤਾ ਪ੍ਰਾਪਤ ਕਰ ਲੈਣ ਦੇ ਬਰਾਬਰ ਹੋ ਜਾਂਦਾ ਹੈ । ਪਿਆਰ , ਮਿਠਾਸ ਤੇ   ਸ਼ਾਂਤੀ ਭਰੀ ਅਤੇ ਢੁੱਕਵੀਂ ਬੋਲਬਾਣੀ ਸਾਹਮਣੇ ਵਾਲੇ ਵਿਅਕਤੀ ਦੇ  ਦਿਲ /ਮਨ ‘ਤੇ ਸਿੱਧਾ ਪ੍ਰਭਾਵ ਪਾਉਂਦੀ ਹੈ ਅਤੇ ਉਸ ਦਾ ਦਿਲ ਜਿੱਤ ਲੈਂਦੀ ਹੈ ।ਮਿੱਠੀ ਬੋਲ ਬਾਣੀ  ਸੁਣਨ ਵਾਲੇ ਵਿਅਕਤੀ ‘ਤੇ ਇੱਕ ਜਾਦੂਈ  ਕੰਮ ਕਰਦੀ ਹੈ ।

ਕਈ ਵਾਰ ਸੁਣਨ ਵਾਲਾ ਵਿਅਕਤੀ ਭਾਵੇਂ ਕਿੰਨਾ ਵੀ ਸਖ਼ਤ ਸੁਭਾਅ ਦਾ ਜਾਂ ਕਠੋਰ ਦਿਲ ਜਾਂ ਪੱਥਰ ਦਿਲ ਕਿਉਂ ਨਾ ਹੋਵੇ, ਉਹ ਮਿੱਠੀ ਬੋਲਬਾਣੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ । ਮਿਠਾਸ ਭਰੇ ਤੇ ਸ਼ਾਂਤੀ ਭਰੇ  ਸ਼ਬਦਾਂ ਨੂੰ ਸੁਣਨਾ ਹਰ ਕੋਈ ਲੋਚਦਾ ਹੈ । ਆਮ ਤੌਰ ‘ਤੇ ਕਿਹਾ ਵੀ ਗਿਆ  ਹੈ ਕਿ ਕੋਇਲ ਦੀ ਮਿੱਠੀ ਤੇ ਮਨਭਾਉਂਦੀ ” ਕੁੂ – ਕੂ ” ਦੀ ਆਵਾਜ਼ ਹਰ ਕਿਸੇ ਦੇ ਮਨ ਨੂੰ ਚੰਗੀ ਲੱਗਦੀ ਹੈ , ਪਰ ਕਾਂ ਦੀ ” ਕਾਂ – ਕਾਂ ” ਦੀ ਤਿੱਖੀ , ਭਰੜੇਆਈ ਤੇ ਚੁਭਵੀਂ ਆਵਾਜ਼ ਤੋਂ ਹਰ ਕੋਈ ਅਸ਼ਾਂਤ ਹੋ ਜਾਂਦਾ ਹੈ । ਇਸ ਲਈ ਸਾਡੀ ਬੋਲ ਬਾਣੀ ਵਿੱਚ ਮਿਠਾਸ ,  ਟਿਕਾਊਪਣ , ਸ਼ਾਂਤੀ ਅਤੇ ਪ੍ਰਭਾਵਸ਼ੀਲਤਾ ਜ਼ਰੂਰ ਹੋਣੀ ਚਾਹੀਦੀ ਹੈ। ਸਾਡੀ ਬੋਲਬਾਣੀ ਤੋਂ ਸਾਡੀ ਸ਼ਖਸੀਅਤ ਦਾ ਝਲਕਾਰਾ ਪੈਂਦਾ ਹੈ । ਸਾਨੂੰ ਹਮੇਸ਼ਾ ਚੁਭਵੀਂ ਅਤੇ ਤਿੱਖੀ ਬੋਲ ਬਾਣੀ ਤੋਂ ਬਚਣਾ ਚਾਹੀਦਾ ਹੈ । ਜਿੱਥੋਂ ਤੱਕ ਸੰਭਵ ਹੋ ਸਕੇ ਕਿਸੇ ਦੀ ਚੁਗਲੀ – ਨਿੰਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਆਪਣੀ ਬੋਲ ਬਾਣੀ ਵਿੱਚ ਕਟੁਤਾ ਨੂੰ ਥਾਂ ਨਹੀਂ ਦੇਣੀ ਚਾਹੀਦੀ । ਦੂਸਰੇ ਦੀ ਗੱਲ ਨੂੰ  ਧਿਆਨ ਕੇਂਦਰਿਤ ਹੋ ਕੇ ਧਿਆਨਪੂਰਵਕ ਸੁਣਨਾ ਚਾਹੀਦਾ ਹੈ । ਦੂਸਰੇ ਨੂੰ ਧਿਆਨਪੂਰਵਕ ਸੁਣਨਾ ਵੀ ਇੱਕ ਬਹੁਤ ਵੱਡੀ ਕਲਾ ਅਤੇ ਅਕਲਮੰਦੀ ਹੁੰਦੀ ਹੈ । ਆਪਣੀ ਗੱਲ ਦੂਸਰੇ ਸਾਹਮਣੇ ਵਿਅਕਤ ਕਰਨ ਸਮੇਂ  ਸਥਿਤੀ , ਹਾਲਾਤ ਅਤੇ ਮੌਕੇ ਅਨੁਸਾਰ ਬੋਲਬਾਣੀ ਅਨੁਕੂਲ ਹੋਣੀ ਜ਼ਰੂਰੀ ਹੁੰਦੀ ਹੈ । ਮਿਠਾਸ ਅਤੇ ਸ਼ਾਂਤੀ ਭਰੀ ਬੋਲ ਬਾਣੀ ਨਾਲ  ਸਾਡੇ ਪਰਿਵਾਰਕ , ਸਮਾਜਿਕ ਤੇ ਆਪਸੀ ਰਿਸ਼ਤੇ ਮਜ਼ਬੂਤ,  ਸਥਾਈ , ਟਿਕਾਊ ਤੇ ਸਦੀਵੀ ਬਣੇ ਰਹਿੰਦੇ ਹਨ । ਜਿੱਥੇ ਸਾਡੀ ਬੋਲਬਾਣੀ ਵਿੱਚ ਮਿਠਾਸ ਦਾ ਹੋਣਾ ਅਤਿ ਜ਼ਰੂਰੀ ਹੈ,  ਉੱਥੇ ਹੀ ਹਾਜ਼ਰ – ਜਵਾਬੀ ਦਾ ਹੋਣਾ ਵੀ ਲਾਜ਼ਮੀ ਹੁੰਦਾ ਹੈ ।

ਇਸ ਲਈ ਜਿੱਥੇ ਮਿਠਾਸ , ਸ਼ਾਂਤੀ ਤੇ ਸਕੂਨ ਭਰੀ ਬੋਲ ਬਾਣੀ ਦੇ ਚੰਗੇ ਪ੍ਰਭਾਵ ਹਨ ਤੇ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ , ਉੱਥੇ ਹੀ ਸਾਨੂੰ ਤਿੱਖੀ , ਨੋਕ – ਝੋਕ ਅਤੇ ਕਟੂਤਾ ਭਰੀ ਬੋਲਬਾਣੀ ਤੋਂ ਬਚਣਾ ਚਾਹੀਦਾ ਹੈ । ਸਾਡੀ ਬੋਲ ਬਾਣੀ  ਦੇ ਹੀ ਚੰਗੇ  – ਮਾੜੇ ਨਤੀਜੇ ਨਿਕਲ ਕੇ ਸਾਡੇ ਸਾਹਮਣੇ ਆਉਂਦੇ ਹਨ ਅਤੇ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ । ਇਸੇ ਲਈ ਸ਼ਾਇਦ ਵੱਡੇ – ਵਡੇਰਿਆਂ ਨੇ ਕਿਹਾ ਹੈ ਕਿ ਇਹ  ਬੋਲ ਬਾਣੀ ਸਾਡੀ ਜ਼ੁਬਾਨ ਦਾ ਰਸ ਹੈ । ਤਾਹੀਉਂ ਕਹਿੰਦੇ ਹਨ, ” ਪਹਿਲਾਂ ਤੋਲੋ, ਫਿਰ ਬੋਲੋ।” ” ਮਿੱਠੀ ਬੋਲ – ਬਾਣੀ ਵਿਗੜੇ ਕੰਮ ਬਣਾਵੇ , ਕੌੜੀ ਬੋਲ – ਬਾਣੀ ਹਰ ਥਾਂ ਭੜਥੁੂ ਪਾਵੇ ।ਮਿਠਾਸ ਭਰੇ ਦੋ ਬੋਲ , ਹੁੰਦੇ ਨੇ ਅਨਮੋਲ ,ਸੁਣਨ ਨੂੰ ਹਰ ਕੋਈ ਆਵੇ ਕੋਲ ।ਬੋਲੀ ਤੋਂ ਪਛਾਣਿਆ ਜਾਵੇ ਮਨੁੱਖ ,ਮਿੱਠੀ ਬੋਲੀ ਕੱਟਦੀ ਸਭ ਦੇ ਦੁੱਖ ।”   

(ਮਾਸਟਰ ਸੰਜੀਵ ਧਰਮਾਣੀ) 

+91 9478561356

Install Punjabi Akhbar App

Install
×